ਸੰਸਦ ਬੰਦੀ : ਸਰਦ ਰੁੱਤ ਇਜਲਾਸ ਦੇ 92 ਘੰਟੇ ਅਜਾਈਂ ਗਏ

ਸੰਸਦ ਬੰਦੀ : ਸਰਦ ਰੁੱਤ ਇਜਲਾਸ ਦੇ 92 ਘੰਟੇ ਅਜਾਈਂ ਗਏ

ਕੈਪਸ਼ਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਆਏ ਕਾਂਗਰਸੀ ਵਫ਼ਦ ਨਾਲ ਗੱਲਬਾਤ ਕਰਦੇ ਹੋਏ।

ਨਵੀਂ ਦਿੱਲੀ/ਨਿਊਜ਼ ਬਿਊਰੋ :
ਸੰਸਦ ਦਾ ਸਰਦ ਰੁੱਤ ਇਜਲਾਸ ਨੋਟਬੰਦੀ ਦੇ ਮੁੱਦੇ ‘ਤੇ ਹੰਗਾਮੇ ਦੀ ਭੇਟ ਚੜ੍ਹ ਗਿਆ ਅਤੇ ਮਹੀਨਾ ਭਰ ਚੱਲਣ ਵਾਲਾ ਇਹ ਇਜਲਾਸ ਖ਼ਤਮ ਹੋ ਗਿਆ। ਲੋਕ ਸਭਾ ਅਤੇ ਰਾਜ ਸਭਾ ਵਿਚ ਬਹੁਤ ਹੀ ਘੱਟ ਕੰਮਕਾਰ ਹੋ ਸਕਿਆ। ਪਿਛਲੇ ਮਹੀਨੇ ਦੀ 16 ਤਰੀਕ ਤੋਂ ਸ਼ੁਰੂ ਹੋਏ ਇਜਲਾਸ ਦੌਰਾਨ ਲੋਕ ਸਭਾ ਵਿਚ ਹੰਗਾਮਿਆਂ ਕਾਰਨ 92 ਘੰਟੇ ਅਜਾਈਂ ਚਲੇ ਗਏ। ਰਾਜ ਸਭਾ ਦਾ ਵੀ ਇਹੋ ਹਾਲ ਰਿਹਾ। ਹੁਕਮਰਾਨ ਅਤੇ ਵਿਰੋਧੀ ਧਿਰ ਸਦਨ ਦੀ ਕਾਰਵਾਈ ਠੱਪ ਕਰਨ ਲਈ ਇਕ-ਦੂਜੇ ‘ਤੇ ਦੂਸ਼ਣਬਾਜ਼ੀ ਕਰਦੀਆਂ ਰਹੀਆਂ।
ਇਜਲਾਸ ਦੌਰਾਨ ਸਿਰਫ਼ ਇਕੋ ਅਹਿਮ ਬਿੱਲ ਹੀ ਪਾਸ ਹੋ ਸਕਿਆ। ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਬਿੱਲ ਨੂੰ ਸੰਸਦ ਦੇ ਦੋਹਾਂ ਸਦਨਾਂ ਨੇ ਪ੍ਰਵਾਨਗੀ ਦੇ ਦਿੱਤੀ। ਲੋਕ ਸਭਾ ਨੇ ਇਸ ਬਿੱਲ ਨੂੰ ਸੰਖੇਪ ਬਹਿਸ ਤੋਂ ਬਾਅਦ ਮਨਜ਼ੂਰੀ ਦਿੱਤੀ ਜਦਕਿ ਰਾਜ ਸਭਾ ਨੇ ਦੋ ਦਿਨ ਪਹਿਲਾਂ ਹੀ ਇਸ ‘ਤੇ ਮੋਹਰ ਲਾ ਦਿੱਤੀ ਸੀ। ਲੋਕ ਸਭਾ ਨੇ ਆਮਦਨ ਕਰ ਸੋਧ ਬਿੱਲ ਨੂੰ ਹੰਗਾਮੇ ਵਿਚਕਾਰ ਬਿਨਾਂ ਬਹਿਸ ਦੇ ਪਾਸ ਕਰ ਦਿੱਤਾ ਸੀ ਪਰ ਰਾਜ ਸਭਾ ਵਿਚ ਇਸ ‘ਤੇ ਚਰਚਾ ਨਾ ਹੋ ਸਕੀ। ਗ੍ਰਾਂਟਾਂ ਲਈ ਅਨਪੂਰਕ ਮੰਗਾਂ ਦੀ ਪ੍ਰਵਾਨਗੀ ਵੀ ਮਿਲ ਗਈ ਸੀ। ਸੰਸਦ ਦੇ ਦੋਵੇਂ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਅਤੇ ਰਾਜ ਸਭਾ ਚੇਅਰਮੈਨ ਹਾਮਿਦ ਅਨਸਾਰੀ ਨੇ ਕਾਰਵਾਈ ਸੁਚਾਰੂ ਰੂਪ ਵਿਚ ਨਾ ਚੱਲਣ ਕਰ ਕੇ ਅਫ਼ਸੋਸ ਅਤੇ ਗੁੱਸਾ ਜ਼ਾਹਰ ਕੀਤਾ। ਸ੍ਰੀ ਅਨਸਾਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਅਸਹਿਮਤੀ, ਅੜਿੱਕੇ ਅਤੇ ਵਿਰੋਧ ਦਰਮਿਆਨ ਨਿਖੇੜਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਜ਼ਬਤ ਵਿਚ ਰਹਿ ਕੇ ਕੀਤੇ ਜਾਣ ਵਾਲੇ ਸੰਕੇਤਕ ਪ੍ਰਦਰਸ਼ਨਾਂ ਨੂੰ ਨਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਦਨ ਵਿਚ ਸ਼ਾਂਤੀ ਦਾ ਮਾਹੌਲ ਸਿਰਫ ਉਦੋਂ ਹੀ ਰਿਹਾ ਜਦੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਸਨ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਨਾਅਰੇਬਾਜ਼ੀ, ਪੋਸਟਰ ਲਹਿਰਾਉਣ ਅਤੇ ਆਪਣੀਆਂ ਸੀਟਾਂ ਛੱਡ ਕੇ ਕਾਰਵਾਈ ਵਿਚ ਅੜਿੱਕੇ ਖੜ੍ਹੇ ਕਰਨ ਦੇ ਨੇਮਾਂ ਨੂੰ ਲਗਾਤਾਰ ਅਣਗੌਲਿਆ ਕੀਤਾ।
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ, ”ਇਹ ਸਾਡੇ ਸਾਰਿਆਂ ਲਈ ਚੰਗੀ ਗੱਲ ਨਹੀਂ ਹੈ ਅਤੇ ਇਸ ਨਾਲ ਲੋਕਾਂ ਦੀਆਂ ਨਜ਼ਰਾਂ ਵਿਚ ਸਾਡਾ ਅਕਸ ਵਿਗੜਦਾ ਹੈ।” ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿਚ ਇਜਲਾਸ ਲਾਹੇਵੰਦ ਰਹਿਣਗੇ ਅਤੇ ਉਸਾਰੂ ਤੇ ਸਾਰਥਿਕ ਬਹਿਸਾਂ ਦੇਖਣ ਨੂੰ ਮਿਲਣਗੀਆਂ। ਸਪੀਕਰ ਨੇ ਅਫ਼ਸੋਸ ਪ੍ਰਗਟਾਉਂਦਿਆਂ ਦੱਸਿਆ ਕਿ ਲੋਕ ਸਭਾ ਦੀਆਂ 21 ਬੈਠਕਾਂ ਸਿਰਫ਼ 19 ਘੰਟੇ ਚੱਲੀਆਂ। ਇਸੇ ਦੌਰਾਨ 440 ਸਵਾਲਾਂ ਵਿਚੋਂ ਸਿਰਫ਼ 50 ਦੇ ਜਵਾਬ ਦਿੱਤੇ ਗਏ ਜਦਕਿ ਮੈਂਬਰਾਂ ਨੇ ਜਨਤਕ ਮਹੱਤਤਾ ਦੇ 124 ਮੁੱਦੇ ਉਠਾਏ। ਸੰਸਦ ਦੇ ਵਾਰ ਵਾਰ ਠੱਪ ਹੋਣ ਕਾਰਨ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਸੀ ਅਤੇ ਇਥੋਂ ਤੱਕ ਆਖ ਦਿੱਤਾ ਸੀ ਕਿ ਉਨ੍ਹਾਂ ਦਾ ਦਿਲ ਅਸਤੀਫ਼ਾ ਦੇਣ ਨੂੰ ਕਰਦਾ ਹੈ।

15 ਸਾਲਾਂ ‘ਚ ਸਭ ਤੋਂ ਘੱਟ ਬੈਠਕਾਂ :
ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਪਿਛਲੇ 15 ਸਾਲਾਂ ਦੌਰਾਨ ਸਭ ਤੋਂ ਘੱਟ ਕੰਮਕਾਰ ਹੋਇਆ। ਇਕ ਸੰਸਥਾ ਨੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਤੋਂ ਮਿਲੇ ਅੰਕੜਿਆਂ ਦੇ ਆਧਾਰ ‘ਤੇ ਦੱਸਿਆ ਕਿ ਲੋਕ ਸਭਾ ਵਿਚ 15.75 ਫ਼ੀਸਦੀ ਅਤੇ ਰਾਜ ਸਭਾ ਵਿਚ 20.61 ਫ਼ੀਸਦੀ ਕੰਮਕਾਜ ਹੋਇਆ। ਅੜਿੱਕਿਆਂ ਕਾਰਨ ਰਾਜ ਸਭਾ ਵਿਚ ਸੂਚੀ ਬੱਧ 330 ਸਵਾਲਾਂ ਵਿਚੋਂ ਸਿਰਫ਼ ਦੋ ਦੇ ਹੀ ਜ਼ੁਬਾਨੀ ਜਵਾਬ ਦਿੱਤੇ ਜਾ ਸਕੇ।

ਵਿਰੋਧੀ ਪਾਰਟੀਆਂ ਦੇ ਏਕੇ ‘ਚ ਤਰੇੜਾਂ :
ਨਵੀਂ ਦਿੱਲੀ: ਵਿਰੋਧੀ ਧਿਰ ਦੀ ਏਕਤਾ ਵਿੱਚ ਉਦੋਂ ਤਰੇੜਾਂ ਉੱਭਰ ਆਈਆਂ ਜਦੋਂ ਕੁਝ ਪਾਰਟੀਆਂ ਨੇ ਕਾਂਗਰਸ ਦੀ ਅਗਵਾਈ ਹੇਠ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼ਾਮਲ ਹੋਣ ਤੋਂ ਐਨ ਆਖ਼ਰੀ ਮੌਕੇ ‘ਤੇ ਕਿਨਾਰਾ ਕਰ ਲਿਆ। ਬਾਅਦ ਵਿੱਚ ਵਫ਼ਦ ਨੇ ਰਾਸ਼ਟਰਪਤੀ ਨੂੰ ਮਿਲ ਕੇ ਨੋਟਬੰਦੀ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਰਕਾਰ ਵੱਲੋਂ ਸੰਸਦ ਵਿੱਚ ਵਿਰੋਧੀ ਧਿਰ ਦੀ ਆਵਾਜ਼ ‘ਦਬਾਏ ਜਾਣ’ ਦਾ ਮੁੱਦਾ ਉਠਾਇਆ। ਵਫ਼ਦ ਵਿੱਚ ਜਿਥੇ ਕਾਂਗਰਸ ਦੇ ਨਾਲ ਤ੍ਰਿਣਮੂਲ ਕਾਂਗਰਸ, ਆਰਜੇਡੀ, ਜੇਡੀ (ਯੂ) ਅਤੇ ਏਆਈਯੂਡੀਐਫ਼ ਨੇ ਸ਼ਮੂਲੀਅਤ ਕੀਤੀ, ਉਥੇ ਐਨਸੀਪੀ, ਡੀਐਮਕੇ, ਖੱਬੀਆਂ ਪਾਰਟੀਆਂ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਲਾਂਭੇ ਰਹੀਆਂ। ਵਿਰੋਧੀ ਧਿਰ ਦੀ ਏਕਤਾ ਵਿੱਚ ਤਰੇੜ ਉਦੋਂ ਆਈ ਜਦੋਂ ਰਾਸ਼ਟਰਪਤੀ ਨੂੰ ਮਿਲਣ ਤੋਂ ਪਹਿਲਾਂ ਕਾਂਗਰਸ ਦੇ ਵਫ਼ਦ ਨੇ ਵੱਖਰੇ ਤੌਰ ‘ਤੇ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮੁੱਦਿਆਂ ਉਤੇ ਮੁਲਾਕਾਤ ਕੀਤੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਣੇ ਵੱਖ-ਵੱਖ ਵਿਰੋਧੀ ਆਗੂਆਂ ਉਤੇ ਆਧਾਰਤ ਵਫ਼ਦ ਨੇ ਰਾਸ਼ਟਰਪਤੀ ਕੋਲ ਸ਼ਿਕਾਇਤ ਕੀਤੀ ਕਿ ਸਰਕਾਰ ਨੇ ਸੰਸਦ ਨੂੰ ਚੱਲਣ ਨਹੀਂ ਦਿੱਤਾ ਅਤੇ ਵਿਰੋਧੀ ਆਗੂਆਂ ਨੂੰ ਨੋਟਬੰਦੀ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਬੋਲਣ ਤੋਂ ਰੋਕਿਆ। ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਉਨ੍ਹਾਂ ਕਿਹਾ, ”ਅਸੀਂ ਆਪਣੇ ਜਮਹੂਰੀ ਹੱਕਾਂ ਨੂੰ ਦਬਾਏ ਜਾਣ ਤੋਂ ਬਹੁਤ ਦੁਖੀ ਹਾਂ।” ਬਾਅਦ ਵਿੱਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ, ”ਅਸੀਂ ਸੰਸਦ ਵਿੱਚ ਬਹਿਸ ਚਾਹੁੰਦੇ ਸਾਂ ਪਰ ਸਰਕਾਰ ਨੇ ਸਾਰੇ ਜਮਹੂਰੀ ਨੇਮਾਂ ਨੂੰ ਛਿੱਕੇ ਟੰਗ ਕੇ ਸੰਸਦ ਠੱਪ ਕਰ ਦਿੱਤੀ।”