ਕਾਂਗਰਸ ਦੇ 61 ਉਮੀਦਵਾਰਾਂ ਦਾ ਐਲਾਨ, 10 ਵਿਧਾਇਕ ਵੇਟਿੰਗ ਸੂਚੀ ਵਿਚ

ਕਾਂਗਰਸ ਦੇ 61 ਉਮੀਦਵਾਰਾਂ ਦਾ ਐਲਾਨ, 10 ਵਿਧਾਇਕ ਵੇਟਿੰਗ ਸੂਚੀ ਵਿਚ

ਪਹਿਲੀ ਸੂਚੀ ਵਿਚ 
30 ਮੌਜੂਦਾ ਵਿਧਾਇਕਾਂ ਨੂੰ ਟਿਕਟ
06 ਔਰਤਾਂ ਵੀ ਸੂਚੀ ਵਿਚ ਸ਼ਾਮਲ
09 ਨੌਜਵਾਨ ਵੀ ਸ਼ਾਮਲ
07 ਨਵੇਂ ਚਿਹਰੇ ਸ਼ਾਮਲ ਕੀਤੇ
04 ਵਿਧਾਇਕਾਂ ਦੀ ਥਾਂ ਪਰਿਵਾਰਕ ਮੈਂਬਰਾਂ ਨੂੰ ਟਿਕਟ
02 ਆਈ.ਏ.ਐਸ. ਨੂੰ ਵੀ ਟਿਕਟ ਮਿਲੀ
ਚੰਡੀਗੜ੍ਹ/ਬਿਊਰੋ ਨਿਊਜ਼ :
ਕਾਂਗਰਸ ਹਾਈ ਕਮਾਂਡ ਨੇ ਕਈ ਦਿਨਾਂ ਦੀ ਉਡੀਕ ਮਗਰੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਟਿਕਟ ਲੈਣ ਵਾਲਿਆਂ ਵਿੱਚ 30 ਮੌਜੂਦਾ ਵਿਧਾਇਕ, 9 ਨੌਜਵਾਨ ਤੇ 6 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਸਾਬਕਾ ਆਈਏਐਸ ਅਧਿਕਾਰੀਆਂ ਅਤੇ ਤਿੰਨ ਪਾਰਟੀ ਆਗੂਆਂ ਦੇ ਪੁੱਤਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਗਿਆ ਹੈ। ਪਹਿਲੀ ਸੂਚੀ ਜਾਰੀ ਹੋਣ ਨਾਲ ਕੁਝ ਵਿਧਾਇਕਾਂ ਦੀਆਂ  ਟਿਕਟਾਂ ਕੱਟੇ ਜਾਣ ਦਾ ਰੇੜਕਾ ਖਤਮ ਹੋ ਗਿਆ ਹੈ, ਜਦੋਂਕਿ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਿਸੇ ਆਗੂ ਨੂੰ ਪਹਿਲੀ ਸੂਚੀ ਵਿੱਚ ਥਾਂ ਨਹੀਂ ਦਿੱਤੀ ਗਈ ਹੈ।
ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਲਹਿਰਾ ਅਤੇ ਸੁਨੀਲ ਜਾਖੜ ਨੂੰ ਅਬੋਹਰ ਹਲਕੇ ਤੋਂ ਟਿਕਟ ਦਿੱਤੀ ਹੈ। ਕਾਕਾ ਰਣਦੀਪ ਸਿੰਘ ਨਾਭਾ ਨੂੰ ਅਮਲੋਹ, ਗੁਰਕੀਰਤ ਸਿੰਘ ਕੋਟਲੀ ਨੂੰ ਖੰਨਾ, ਸੁਰਿੰਦਰ ਡਾਵਰ ਨੂੰ ਲੁਧਿਆਣਾ ਕੇਂਦਰੀ, ਅਸ਼ਵਨੀ ਸੇਖੜੀ ਨੂੰ ਬਟਾਲਾ ਤੇ ਹਰਚੰਦ ਕੌਰ ਨੂੰ ਮਹਿਲ ਕਲਾਂ ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸ ਨਾਲ ਬਠਿੰਡਾ ਸ਼ਹਿਰ ਤੋਂ ਕਿਸੇ ਹਿੰਦੂ ਚਿਹਰੇ ਨੂੰ ਮੈਦਾਨ ਵਿੱਚ ਉਤਾਰੇ ਜਾਣ ਦੀ ਚਰਚਾ ਖਤਮ ਹੋ ਗਈ ਹੈ। ਸਾਬਕਾ ਲੋਕ ਸਭਾ ਮੈਂਬਰ ਤੇ ਰਾਹੁਲ ਗਾਂਧੀ ਬ੍ਰਿਗੇਡ ਦੇ ਆਗੂ ਵਿਜੇਇੰਦਰ ਸਿੰਗਲਾ ਨੂੰ ਸੰਗਰੂਰ ਸ਼ਹਿਰ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ, ਰਣਜੀਤ ਕੌਰ ਭੱਟੀ ਨੂੰ ਬੁਢਲਾਡਾ ਤੋਂ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਹਨ।
ਨਵਾਂ ਸ਼ਹਿਰ ਤੋਂ ਕਾਂਗਰਸ ਵਿਧਾਇਕ ਗੁਰਇਕਬਾਲ ਕੌਰ ਬਬਲੀ ਆਪਣੇ ਲੜਕੇ ਅੰਗਦ ਸਿੰਘ, ਕਾਂਗਰਸ ਦੇ ਕਿਸਾਨ ਤੇ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਆਪਣੇ ਲੜਕੇ ਕੁਲਜੀਤ ਸਿੰਘ ਜ਼ੀਰਾ ਤੇ ਸਾਬਕਾ ਮੰਤਰੀ ਸਰਦੂਲ ਸਿੰਘ ਆਪਣੇ ਲੜਕੇ ਸੁਖਵਿੰਦਰ ਸਿੰਘ ਡੈਨੀ ਨੂੰ ਜੰਡਿਆਲਾ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਰਹੇ ਹਨ। ਡੈਨੀ ਪਹਿਲਾਂ ਫ਼ਰੀਦਕੋਰਟ ਲੋਕ ਸਭਾ ਹਲਕੇ ਤੋਂ ਵੀ ਕਿਸਮਤ ਅਜ਼ਮਾ ਚੁੱਕੇ ਹਨ। ਦੋ ਸਾਬਕਾ ਆਈਏਐਸ ਅਧਿਕਾਰੀਆਂ ਕੁਲਦੀਪ ਸਿੰਘ ਵੈਦ ਅਤੇ ਡਾ. ਅਮਰ ਸਿੰਘ ਸ਼ਾਮਲ ਨੂੰ ਕ੍ਰਮਵਾਰ ਰਾਖਵੇਂ ਹਲਕੇ ਗਿੱਲ ਅਤੇ ਰਾਏਕੋਟ ਤੋਂ ਟਿਕਟ ਦਿੱਤੀ ਗਈ ਹੈ। ਕੁਲਦੀਪ ਸਿੰਘ ਵੈਦ ਨੇ ਕੁਝ ਦਿਨ ਪਹਿਲਾਂ ਹੀ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਨਾਲ ਪਾਇਲ ਹਲਕੇ ਤੋਂ ਲਖਵੀਰ ਸਿੰਘ ਲੱਖਾ ਅਤੇ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਆਪਣੇ ਲੜਕੇ ਨੂੰ ਇੱਥੋਂ ਟਿਕਟ ਦਿਵਾਉਣਾ ਚਾਹੁੰਦੇ ਸਨ।
ਪਹਿਲੀ ਸੂਚੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਹਲਕੇ ਤੋਂ ਪਹਿਲਾਂ ਵਾਂਗ ਮੈਦਾਨ ਵਿੱਚ ਡਟਣਗੇ। ਗੁਰਦਾਸਪੁਰ ਦੇ ਦਸ ਵਿਧਾਨ ਸਭਾ ਹਲਕਿਆਂ ਵਿੱਚੋਂ ਛੇ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ ਨੂੰ ਕਾਦੀਆਂ ਤੋਂ ਟਿਕਟ ਦਿੱਤੀ ਗਈ ਹੈ। ਦੀਨਾਨਗਰ ਤੋਂ ਅਰੁਣਾ ਚੌਧਰੀ, ਬਟਾਲਾ ਤੋਂ ਅਸ਼ਵਨੀ ਸੇਖੜੀ, ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ, ਫਤਿਹਗੜ੍ਹ ਚੂੜੀਆਂ ਤੋਂ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ।

ਪਹਿਲੀ ‘ਚ ਬਚਾਅ, ਦੂਜੀ ਸੂਚੀ ‘ਚ ਬਗ਼ਾਵਤ ਦੇ ਆਸਾਰ :
ਕਾਂਗਰਸ ਦੀ ਪਹਿਲੀ ਸੂਚੀ ਨੇ ਟਿਕਟ ਦੀ ਲਾਲਸਾ ਵਿਚ ਆਉਣ ਵਾਲਿਆਂ ਨੂੰ ਫ਼ਿਲਹਾਲ ਨਿਰਾਸ਼ ਕੀਤਾ ਹੈ। ਹਾਲਾਂਕਿ, ਉਨ੍ਹਾਂ ਸੀਟਾਂ ‘ਤੇ ਉਮੀਦਵਾਰ ਦਾ ਐਲਾਨ ਵੀ ਹਾਲੇ ਨਹੀਂ ਹੋਇਆ ਹੈ। ਸੂਚੀ ਤੋਂ ਸਾਫ਼ ਹੈ ਕਿ ਪਾਰਟੀ ਨੇ ਗੈਰ ਵਿਵਾਦਤ ਸੀਟਾਂ ‘ਤੇ ਉਮੀਦਵਾਰਾਂ ਨੂੰ ਉਤਾਰ ਕੇ ਫ਼ਿਲਹਾਲ ਬਗ਼ਾਵਤ ਨੂੰ ਦੂਰ ਰੱਖਿਆ ਹੈ। ਪਰ ਬਾਕੀ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਹੁੰਦਿਆਂ  ਹੀ ਕਾਂਗਰਸ ਦਾ ਹੱਥ ਸੜਨਾ ਤੈਅ ਹੈ। ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੂਸਰੀਆਂ ਪਾਰਟੀਆਂ ਤੋਂ ਵਿਧਾਇਕਾਂ ਤੇ ਵੱਡੇ ਨੇਤਾਵਾਂ ਨੂੰ ਕਾਂਗਰਸ ਵਿਚ ਲਿਆ ਕੇ ਇਸ ਵਾਰ ਕੋਈ ਨਿਸ਼ਾਨਾ ਗਵਾਉਣਾ ਨਹੀਂ ਚਾਹੁੰਦੇ, ਉਧਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਲਗਾਤਾਰ ਬਾਹਰੀ ਨੇਤਾਵਾਂ ਦਾ ਵਿਰੋਧ ਕਰ ਰਹੇ ਹਨ।

ਬਰਨਾਲਾ ਪਰਿਵਾਰ ਹੋਇਆ ਦੂਰ…
ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਨੂੰ ਕਾਂਗਰਸ ਵਿਚ ਮਰਜ ਕਰਨ ਵਾਲੇ ਸੁਰਜੀਤ ਸਿੰਘ  ਬਰਨਾਲਾ ਪਰਿਵਾਰ ਨੂੰ ਕੋਈ ਟਿਕਟ ਨਹੀਂ ਮਿਲੀ ਹੈ। ਧੂਰੀ ਦੀ ਸੀਟ ਨੌਜਵਾਨ ਨੇਤਾ ਦਲਵੀਰ ਸਿੰਘ ਗੋਲਡੀ ਤੇ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ। ਇਹ ਦੋਵੇਂ ਸੀਟਾਂ ਬਰਨਾਲਾ ਧਿਰ ਵਲੋਂ ਸਿਮਰ ਪ੍ਰਤਾਪ ਸਿੰਘ ਤੇ ਬਲਦੇਵ ਮਾਨ ਲਈ ਮੰਗੀਆਂ ਜਾ ਰਹੀਆਂ ਸਨ।