ਉਕ ਕਰੀਕ ਗੁਰਦੁਆਰਾ ਕਾਂਡ ਦੀ ਯਾਦ ‘ਚ 5 ਅਗਸਤ ਨੂੰ ਹੋਵੇਗੀ ਦੌੜ

ਉਕ ਕਰੀਕ ਗੁਰਦੁਆਰਾ ਕਾਂਡ ਦੀ ਯਾਦ ‘ਚ 5 ਅਗਸਤ ਨੂੰ ਹੋਵੇਗੀ ਦੌੜ

ਵਿਸਕਾਨਸਿਨ/ਬਿਊਰੋ ਨਿਊਜ਼ :
ਅਮਰੀਕੀ ਇਤਿਹਾਸ ਵਿਚ ਭਾਰਤੀ ਅਮਰੀਕੀ ਸਿੱਖਾਂ ਨਾਲ ਵਾਪਰੇ ਸਭ ਤੋਂ ਵੱਡੇ ਕਤਲੇਆਮ ਦੀ ਪੰਜਵੀਂ ਵਰ੍ਹੇਗੰਢ ਮੌਕੇ 6 ਕਿਲੋਮੀਟਰ ਦੀ ਦੌੜ ਲਗਾਈ ਜਾਵੇਗੀ। ਦਸਣਯੋਗ ਹੈ ਕਿ 5 ਅਗਸਤ 2012 ਨੂੰ ਉਕ ਕਰੀਕ ਵਿਸਕਾਨਸਿਨ ਗੁਰਦੁਆਰਾ ਵਿਖੇ ਵੱਡਾ ਦੁਖਾਂਤ ਵਾਪਰਿਆ ਸੀ ਜਦੋਂ ਇਕ ਨਿਊ ਨਾਜ਼ੀ ਵੇਡ ਮਾਈਕਲ ਪੇਜ ਨੇ ਐਤਵਾਰ ਦੀ ਸਵੇਰ ਨੂੰ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ ਸੀ ਤੇ ਇਸ ਹਮਲੇ ਵਿਚ 6 ਸਿੱਖਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਮਾਰ ਦਿੱਤਾ ਗਿਆ ਸੀ। ਇਹ ਦੌੜ ਸਰਵ ਟੂ ਯੂਨਾਈਟ ਵੱਲੋਂ ਕਰਵਾਈ ਜਾ ਰਹੀ ਹੈ ਜੋ ਕਿ ਉਕ ਕਰੀਕ ਵਿਚ 5 ਅਗਸਤ ਨੂੰ ਸਵੇਰੇ ਕਰਵਾਈ ਜਾਵੇਗੀ। ਇਸ ਸੰਸਥਾ ਦਾ ਗਠਨ ਉਸ ਹਮਲੇ ਵਿਚ ਮਾਰੇ ਗਏ ਸਤਵੰਤ ਸਿੰਘ ਕਾਲੇਕਾ ਦੇ ਪੁੱਤਰ ਪਰਦੀਪ ਕਾਲੇਕਾ, ਕਾਲੇਕਾ ਦਾ ਭਤੀਜਾ ਨਵੀ ਗਿੱਲ ਅਤੇ ਰਾਹੁਲ ਦੂਬੇ, ਜੋ ਕਿ ਕਾਲੇਕਾ ਨੂੰ ਗਾਡਫਾਦਰ ਮੰਨਦਾ ਸੀ, ਵੱਲੋਂ ਕੀਤਾ ਗਿਆ ਸੀ। ਦੱਖਣੀ ਏਸ਼ਿਆਈ ਸੰਸਥਾ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਇਸ ਦੌੜ ਵਿਚ ਸ਼ਾਮਲ ਹੋਇਆ ਜਾਵੇ ਤਾਂ ਜੋ ਨਫ਼ਰਤ ਦੀ ਹਿੰਸਾ ਖ਼ਿਲਾਫ਼ ਮਜ਼ਬੂਤ ਸੰਦੇਸ਼ ਦਿੱਤਾ ਜਾ ਸਕੇ।