ਰਾ ਸੌਦਾ ਸਾਧ ਜਾਣ ਵਾਲੇ ਕਰੀਬ 40 ਸਿੱਖ ਉਮੀਦਵਾਰ ਜਾਂਚ ਘੇਰੇ ‘ਚ

ਰਾ ਸੌਦਾ ਸਾਧ ਜਾਣ ਵਾਲੇ ਕਰੀਬ 40 ਸਿੱਖ ਉਮੀਦਵਾਰ ਜਾਂਚ ਘੇਰੇ ‘ਚ

7 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੀ ਜਾਵੇਗੀ ਰਿਪੋਰਟ
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾ ਕੇ ਸਮਰਥਨ ਮੰਗਣ ਵਾਲੇ ਅਤੇ ਆਸ਼ੀਰਵਾਦ ਲੈਣ ਵਾਲੇ ਸਿੱਖ ਉਮੀਦਵਾਰਾਂ ਵੱਲੋਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਕੀਤੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ 7 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਿਪੋਰਟ ਸੌਂਪੇਗੀ। ਜਾਂਚ ਕਮੇਟੀ ਵਲੋਂ ਕੀਤੀ ਪੜਤਾਲ ਵਿੱਚ ਹੁਣ ਤੱਕ 40 ਤੋਂ ਵੱਧ ਸਿੱਖ ਉਮੀਦਵਾਰ ਦੇ ਨਾਂ ਸ਼ਾਮਲ ਦੱਸੇ ਗਏ ਹਨ, ਜੋ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਹਨ। ਵੇਰਵਿਆਂ ਅਨੁਸਾਰ ਜਾਂਚ ਕਮੇਟੀ ਵੱਲੋਂ ਕੀਤੀ ਪੜਤਾਲ ਦੌਰਾਨ 40 ਤੋਂ ਵੱਧ ਸਿੱਖ ਉਮੀਦਵਾਰਾਂ ਦੇ ਨਾਂ ਸਾਹਮਣੇ ਆਏ ਹਨ, ਜੋ ਆਸ਼ੀਰਵਾਦ ਜਾਂ ਸਮਰਥਨ ਲੈਣ ਲਈ ਡੇਰਾ ਸਿਰਸਾ ਦੇ ਮੁਖੀ ਨੂੰ ਮਿਲਣ ਗਏ ਸਨ। ਇਨ੍ਹਾਂ ਵਿੱਚ ਪੰਜਾਬ ਦੀਆਂ ਤਿੰਨਾਂ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਲ ਹਨ। ਉਂਜ ਇਨ੍ਹਾਂ ਵਿੱਚ ਗ਼ੈਰ ਸਿੱਖ ਉਮੀਦਵਾਰ ਵੀ ਸ਼ਾਮਲ ਸਨ ਪਰ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਦੇ ਘੇਰੇ ਵਿੱਚ ਸਿਰਫ਼ ਸਿੱਖ ਵਿਅਕਤੀ ਹੀ ਹਨ, ਇਸ ਲਈ ਜਾਂਚ ਕਮੇਟੀ ਵੱਲੋਂ ਸਿਰਫ਼ ਸਿੱਖ ਉਮੀਦਵਾਰਾਂ ਬਾਰੇ ਹੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਮੇਟੀ ਵੱਲੋਂ ਸਬੂਤਾਂ ਵਜੋਂ ਵੀਡਿਓ ਕਲਿਪਿੰਗਜ਼, ਤਸਵੀਰਾਂ, ਅਖ਼ਬਾਰਾਂ ਦੀਆਂ ਖ਼ਬਰਾਂ ਤੇ ਸੋਸ਼ਲ ਮੀਡੀਆ ਦੀਆਂ ਕਲਿਪਿੰਗਜ਼ ਆਦਿ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।  ਜਾਂਚ ਕਮੇਟੀ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਪੜਤਾਲ ਮੁਕੰਮਲ ਹੋਣ ਨੇੜੇ ਹੈ। ਜਾਂਚ ਨਾਲ ਸਬੰਧਤ ਢੁਕਵੇਂ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ। ਕਮੇਟੀ 7 ਮਾਰਚ ਨੂੰ ਰਿਪੋਰਟ ਸੌਂਪ ਦੇਵੇਗੀ। ਦੱਸਣਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਇਹ ਜਾਂਚ ਕਮੇਟੀ 6 ਫਰਵਰੀ ਨੂੰ ਬਣਾਈ ਗਈ ਸੀ, ਜਿਸ ਨੂੰ ਇਕ ਹਫਤੇ ਵਿੱਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਸੀ। ਇਸ ਜਾਂਚ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸ਼ਾਮਲ ਹਨ। ਜਾਂਚ ਕਮੇਟੀ ਇਕ ਹਫ਼ਤੇ ਵਿੱਚ ਪੜਤਾਲ ਮੁਕੰਮਲ ਕਰਨ ਵਿੱਚ ਅਸਫ਼ਲ ਰਹੀ ਸੀ ਤੇ ਕਮੇਟੀ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਸੀ। ਜਾਂਚ ਕਮੇਟੀ ਨੂੰ 7 ਮਾਰਚ ਤੱਕ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਣ ਦੀ ਹਦਾਇਤ ਕੀਤੀ ਗਈ ਸੀ।