ਅਮਰੀਕਾ ਨੇ ਚੀਨ ਦੇ 34 ਅਰਬ ਡਾਲਰ ਦੇ ਆਯਾਤ ‘ਤੇ ਠੋਕਿਆ ਟੈਕਸ ਚੀਨ ਨੇ ਕਿਹਾ, ਮੂੰਹ ਤੋੜ ਜਵਾਬ ਦੇਵਾਂਗੇ

ਅਮਰੀਕਾ ਨੇ ਚੀਨ ਦੇ 34 ਅਰਬ ਡਾਲਰ ਦੇ ਆਯਾਤ ‘ਤੇ ਠੋਕਿਆ ਟੈਕਸ  ਚੀਨ ਨੇ ਕਿਹਾ, ਮੂੰਹ ਤੋੜ ਜਵਾਬ ਦੇਵਾਂਗੇ

ਅਮਰੀਕਾ ਅਤੇ ਚੀਨ ਦਰਮਿਆਨ ਵਪਾਰ ਯੁੱਧ ਦਾ ਖ਼ਤਰਾ ਹਕੀਕਤ ‘ਚ ਬਦਲਣ ਦੇ ਨਾਲ ਹੀ ਵਿਸ਼ਵ ਅਰਥ ਵਿਵਸਥਾ ਲਈ ਵੀ ਸੰਕਟ ਪੈਦਾ ਹੋ ਗਿਆ ਹੈ। ਅਮਰੀਕਾ ਨੇ ਚੀਨੀ ਆਯਾਤ ‘ਤੇ ਕਰ ਲਾ ਦਿੱਤਾ ਹੈ, ਜਿਸ ਨੂੰ ਬੀਜਿੰਗ ਨੇ ਵਿਸ਼ਵ ਦੀਆਂ ਦੋ ਚੋਟੀ ਦੀਆਂ ਅਰਥ ਵਿਵਸਥਾਵਾਂ ‘ਚ ਆਰਥਿਕ ਇਤਿਹਾਸ ਦਾ ਸਭ ਤੋਂ ਵੱਡਾ ਵਪਾਰ ਯੁੱਧ ਦੱਸਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 34 ਅਰਬ ਡਾਲਰ ਦੇ ਚੀਨੀ ਦਰਾਮਦ ‘ਤੇ 25 ਫ਼ੀਸਦੀ ਕਰ ਲਾ ਕੇ ਵਿਸ਼ਵ ਵਪਾਰ ਯੁੱਧ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਫ਼ੈਸਲਾ ਲਿਆ ਹੈ। ਉਹ ਆਪਣੇ ਚੋਣਵੀਂ ਵਾਅਦੇ ਨੂੰ ਪੂਰਾ ਕਰ ਭਲੇ ਹੀ ਸਮਰਥਕਾਂ ਨੂੰ ਸੰਤੁਸ਼ਟ ਕਰਨਾ ਚਾਹ ਰਹੇ ਹਨ ਪਰ ਇਸ ਦਾ ਅਸਰ ਏਸ਼ੀਆ ਦੇ ਸ਼ੇਅਰ ਬਾਜ਼ਾਰਾਂ ਦੇ ਨਾਲ ਹੀ ਪੂਰੀ ਦੁਨੀਆ ਦੀ ਅਰਥ ਵਿਵਸਥਾ ‘ਚ ਦੇਖਣ ਨੂੰ ਮਿਲ ਸਕਦਾ ਹੈ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਸ਼ਿੰਗਟਨ ‘ਚ ਅੱਧੀ ਰਾਤ ਦੇ ਬਾਅਦ ਚੀਨੀ ਸਾਮਾਨ ‘ਤੇ ਕਰ ਲਾਗੂ ਹੋ ਜਾਵੇਗਾ। ਏਨਾ ਹੀ ਨਹੀਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ‘ਚ 16 ਅਰਬ ਡਾਲਰ ਦੇ ਹੋਰ ਸਾਮਾਨ ‘ਤੇ ਵੀ ਕਰ ਲਾਇਆ ਜਾਵੇਗਾ।  ਅੱਗੇ ਇਹ ਅੰਕੜਾ 550 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ ਅਤੇ ਇਹ ਚੀਨ ਵਲੋਂ ਸਾਲਾਨਾ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਾਮਾਨ ਤੋਂ ਵੀ ਜ਼ਿਆਦਾ ਹੈ।
ਉਧਰ ਚੀਨ ਨੇ ਕਿਹਾ ਕਿ ਅਮਰੀਕਾ ਵਲੋਂ ਚੀਨੀ ਸਾਮਾਨ ‘ਤੇ ਲਾਏ ਗਏ ਆਯਾਤ ਕਰ ਦੀ ਤਰਾਂ ਹੀ ਅਮਰੀਕੀ ਸਾਮਾਨ ‘ਤੇ ਵੀ ਆਯਾਤ ਕਰ ਲਾਇਆ ਜਾਵੇਗਾ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਉਹ ਅਮਰੀਕਾ ਦੇ ਤਰੀਕੇ ਨਾਲ ਜਵਾਬ ਦੇਣ ਲਈ ਮਜਬੂਰ ਹੈ, ਜਿਸ ਨੇ ਆਰਥਿਕ ਇਤਿਹਾਸ ‘ਚ ਸਭ ਤੋਂ ਵੱਡਾ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ ਪਰ ਮੰਤਰਾਲੇ ਨੇ ਕਰ ਲਾਗੂ ਕਰਨ ਦੀ ਤਰੀਕ ਤੇ ਸਮੇਂ ਦਾ ਜ਼ਿਕਰ ਨਹੀਂ ਕੀਤਾ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨੀ ਪੱਖ ਆਪਣੇ ਮੂਲ ਰਾਸ਼ਟਰੀ ਹਿੱਤਾਂ ਤੇ ਆਪਣੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਰ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਇਕ ਵਿਸ਼ੇਸ਼ ਵਪਾਰ ਬੁਲੀ ਦੀ ਪ੍ਰਤੀਨਿਧਤਾ ਕਰਦੇ ਹਨ।