ਸ਼ੋਪੀਆਂ ‘ਚ ਅੱਤਵਾਦੀ ਹਮਲੇ ਦੌਰਾਨ 3 ਜਵਾਨਾਂ ਦੀ ਮੌਤ

ਸ਼ੋਪੀਆਂ ‘ਚ ਅੱਤਵਾਦੀ ਹਮਲੇ ਦੌਰਾਨ 3 ਜਵਾਨਾਂ ਦੀ ਮੌਤ

ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਆਈ ਇਕ ਮਹਿਲਾ ਵੀ ਹਲਾਕ
ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਅੱਤਵਾਦੀਆਂ ਵੱਲੋਂ ਫ਼ੌਜ ਦੇ ਕਾਫਲੇ ‘ਤੇ ਲੁਕ ਕੇ ਕੀਤੇ ਗਏ ਹਮਲੇ ਵਿੱਚ ਤਿੰਨ ਜਵਾਨਾਂ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਪੰਜ ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਫ਼ੌਜ ਦੇ ਦੋ ਅਧਿਕਾਰੀ ਲੈਫਟੀਨੈਂਟ ਕਰਨਲ ਮੁਕੇਸ਼ ਝਾਅ ਅਤੇ ਮੇਜਰ ਅਮਰਦੀਪ ਸਿੰਘ ਵੀ ਸ਼ਾਮਲ ਹਨ।
ਇੱਥੋਂ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਸ਼ੋਪੀਆਂ ਦੇ ਚਿੱਤਰਗਾਮ ਇਲਾਕੇ ਵਿਚ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ‘ਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਗੋਲੀ ਲੱਗਣ ਨਾਲ ਜਾਨਾ ਬੇਗਮ ਨਾਂ ਦੀ ਮਹਿਲਾ ਦੀ ਮੌਤ ਹੋ ਗਈ।
ਫ਼ੌਜ ਦੇ ਕਾਫਲੇ ‘ਤੇ ਕੀਤੇ ਗਏ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਲਈ ਹੈ। ਇੱਕ ਸਥਾਨਕ ਨਿਊਜ਼ ਏਜੰਸੀ ਨੂੰ ਕੀਤੇ ਗਏ ਫੋਨ ‘ਤੇ ਇੱਕ ਵਿਅਕਤੀ ਨੇ ਖੁਦ ਨੂੰ ਅਤਿਵਾਦੀ ਜਥੇਬੰਦੀ ਦਾ ਬੁਲਾਰਾ ਦਸਦਿਆਂ ਦਾਅਵਾ ਕੀਤਾ ਕਿ ਚਿੱਤਰਗਾਮ ਵਿਚ ਫ਼ੌਜ ਦੇ ਕਾਫਲੇ ‘ਤੇ ਲੁਕ ਕੇ ਕੀਤੇ ਗਏ ਹਮਲੇ ਨੂੰ ਉਨ੍ਹਾਂ ਦੀ ਜਥੇਬੰਦੀਆਂ ਨੇ ਹੀ ਅੰਜਾਮ ਦਿੱਤਾ ਸੀ।
ਇਸ ਦੌਰਾਨ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਪੱਟਨ ਇਲਾਕੇ ਵਿੱਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਮਗਰੋਂ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਦੌਰਾਨ ਹੰਝੂ ਗੈਸ ਦੇ ਗੋਲੇ ਦੀ ਲਪੇਟ ਵਿਚ ਆਉਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਫ਼ੌਜ ਤੇ ਪੁਲੀਸ ਦੀ ਸਾਂਝੀ ਟੀਮ ਨੇ ਸ੍ਰੀਨਗਰ ਤੋਂ 31 ਕਿਲੋਮੀਟਰ ਦੂਰ ਪੱਟਨ ਇਲਾਕੇ ਦੇ ਤਾਂਤਰੇ ਮੁਹੱਲਾ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕੁਝ ਵੀ ਬਰਾਮਦ ਨਾ ਹੋਣ ਮਗਰੋਂ ਸੁਰੱਖਿਆ ਬਲਾਂ ਨੇ ਮੁਹਿੰਮ ਰੋਕ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲ ਜਦੋਂ ਵਾਪਸ ਆ ਰਹੇ ਸਨ ਤਾਂ ਕਰੀਬ 250 ਨੌਜਵਾਨਾਂ ਦੇ ਇੱਕ ਗਰੁੱਪ ਨੇ ਉਨ੍ਹਾਂ ‘ਤੇ ਪਥਰਾਅ ਕੀਤਾ। ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਤਾਂ ਇੱਕ ਗੋਲਾ ਆਮਿਰ ਖ਼ਾਨ ਨਾਂ ਦੇ ਨੌਜਵਾਨ ਦੇ ਚਿਹਰੇ ‘ਤੇ ਲੱਗਿਆ। ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।