ਭਾਰੀ ਮੀਂਹ ਕਾਰਨ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ 28 ਮੌਤਾਂ

ਭਾਰੀ ਮੀਂਹ ਕਾਰਨ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ 28 ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ‘ਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਵੱਖ-ਵੱਖ ਸੂਬਿਆਂ ‘ਚ 28 ਮੌਤਾਂ ਹੋਈਆਂ ਹਨ। ਹਾਲ ਹੀ ਦੀ ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ‘ਚ 18 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਉੱਤਰ ਪ੍ਰਦੇਸ਼ ਵਿਚ 9 ਲੋਕ ਮਾਰੇ ਗਏ ਹਨ। ਉੱਤਰਾਖੰਡ ‘ਚ ਇਕ 4 ਸਾਲਾ ਬੱਚੀ ਦੀ ਮੌਤ ਹੋਈ ਹੈ। ਮੌਸਮ ਵਿਭਾਗ ਨੇ ਸੂਬੇ ਦੇ 8 ਜ਼ਿਲ੍ਹਿਆਂ ‘ਚ ਕੱਲ੍ਹ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ ਅਤੇ ਸੈਲਾਨੀਆਂ ਅਤੇ ਹੇਠਲੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਜ਼ਮੀਨ ਖਿਸਕਣ ਤੇ ਭਾਰੀ ਬਾਰਿਸ਼ ਕਾਰਨ ਸੂਬੇ ‘ਚ 6 ਔਰਤਾਂ ਤੇ 3 ਬੱਚਿਆਂ ਸਮੇਤ 18 ਮੌਤਾਂ ਦੀ ਖ਼ਬਰ ਹੈ। ਹਿਮਾਚਲ ਦੇ ਅਧਿਕਾਰੀਆਂ ਨੇ ਦੱਸਿਆ ਕਿ 6 ਰਾਸ਼ਟਰੀ ਰਾਜ ਮਾਰਗਾਂ ਸਮੇਤ 923 ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ। ਸੂਬੇ ਦੇ ਸਾਰੇ ਸਕੂਲ ਅਗਲੇ ਹੁਕਮਾਂ ਤਕ ਬੰਦ ਰਹਿਣਗੇ। ਹੁਣ ਤਕ ਸੋਲਨ ਜ਼ਿਲ੍ਹੇ ‘ਚ 8, ਮੰਡੀ ‘ਚ 4, ਹਮੀਰਪੁਰ ‘ਚ 2, ਕਾਂਗੜਾ ‘ਚ 2, ਬਿਲਾਸਪੁਰ ਤੇ ਊਨਾ ‘ਚ ਇਕ-ਇਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਊਨਾ ‘ਚ ਧਰਮਸ਼ਾਲਾ ਰਾਸ਼ਟਰੀ ਰਾਜ ਮਾਰਗ ‘ਤੇ ਵੀ ਸੜਕ ਧਸ ਜਾਣ ਕਾਰਨ ਧਰਮਸ਼ਾਲਾ-ਚੰਡੀਗੜ੍ਹ ਰਾਜਮਾਰਗ ਕਾਫੀ ਸਮੇਂ ਤੱਕ ਬੰਦ ਰਿਹਾ। ਜ਼ਮੀਨ ਖਿਸਕਣ ਕਾਰਨ ਸੈਂਕੜੇ ਯਾਤਰੀ ਹਿਮਾਚਲ ਦੀਆਂ ਅਲੱਗ-ਅਲੱਗ ਥਾਵਾਂ ‘ਤੇ ਫਸੇ ਹੋਏ ਹਨ। ਕਿਸੇ ਅਣਹੋਣੀ ਦੇ ਖਦਸ਼ੇ ਦੇ ਚਲਦਿਆਂ ਚੰਡੀਗੜ੍ਹ-ਮਨਾਲੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਲਈ 96.50 ਕਰੋੜ ਰੁਪਏ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ 16 ਅਗਸਤ ਦਾ ਸ਼ਿਮਲਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਹੈ। ਜੰਮੂ ਦੇ ਇਲਾਕੇ ਜਾਨੀਪੁਰਾ, ਕਨਾਲ ਰੋਡ, ਭਗਵਤੀ ਨਗਰ, ਤਲਾਬ ਟਿੱਲਾ, ਜੋਵਰ ਚੌਕ, ਦੋਮਾਨਾ, ਨਿਊ ਪਲਾਟ ਆਦਿ ‘ਚ ਭਾਰੀ ਬਾਰਿਸ਼ ਹੋਈ ਹੈ ਜਿਸ ਨਾਲ ਲੋਕਾਂ ਦੇ ਘਰਾਂ ‘ਚ ਪਾਣੀ ਭਰ ਗਿਆ ਅਤੇ ਘਰੇਲੂ ਵਰਤੋਂ ਦੇ ਸਾਮਾਨ ਸਮੇਤ ਇਲੈਕਟ੍ਰਾਨਿਕ ਸਾਮਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਜਮੀਨ ਧਸਣ ਕਾਰਨ ਰਾਜਮਾਰਗ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਕਈ ਜਗ੍ਹਾ ਆਵਾਜਾਈ ਰੋਕ ਦਿੱਤੀ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਹੈ ਕਿ ਸੂਬੇ ‘ਚ ਹੋਈ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਸੜਕਾਂ, ਸਿੰਚਾਈ ਤੇ ਹੋਰ ਜਨਤਕ ਸੰਪਤੀਆਂ ਪ੍ਰਭਾਵਿਤ ਹੋਣ ਕਾਰਨ 775 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਭਾਰੀ ਬਾਰਿਸ਼ ਦੇ ਚਲਦਿਆਂ ਹੁਣ ਤਕ ਕੇਰਲਾ ‘ਚ 39 ਮੌਤਾਂ ਹੋ ਚੁੱਕੀਆਂ ਹਨ ਤੇ ਮੌਨਸੂਨ ਤੋਂ ਲੈ ਕੇ ਹੁਣ ਤਕ ਲਗਪਗ 1000 ਲੋਕ ਬੇਘਰ ਹੋ ਚੁੱਕੇ ਹਨ। ਅਸਮਾਨੀ ਆਫਤ ਨੇ ਸਿਰਫ਼ ਇਹੀ ਨੁਕਸਾਨ ਨਹੀਂ ਕੀਤਾ, ਸਗੋਂ ਕੇਰਲ ਦੇ ਟੂਰਿਜ਼ਮ ਵਿਭਾਗ ਅਨੁਸਾਰ ਇਸ ਵਾਰ ਸੈਲਾਨੀਆਂ ਦੀਆਂ ਹੋਈਆਂ ਬੁਕਿੰਗਾਂ ਨੂੰ ਰੱਦ ਕਰਨ ਨਾਲ ਇਸ ਵਾਰ 70 ਤੋਂ 80 ਫੀਸਦੀ ਸੈਲਾਨੀ ਘਟਣ ਨਾਲ ਸੂਬੇ ਨੂੰ ਆਰਥਿਕ ਪੱਖੋਂ ਭਾਰੀ ਸੱਟ ਵੱਜੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਿਕ ਕੇਂਦਰ ਨੇ ਆਫ਼ਤ ਰਾਹਤ ਫੰਡ 2018-19 ਤਹਿਤ ਕੇਰਲ ਨੂੰ 320 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਸੂਬਾ ਆਫ਼ਤ ਰਾਹਤ ਫੰਡ (ਐਸ. ਡੀ. ਆਰ. ਐਫ਼.) 2018-19 ਲਈ 214 ਕਰੋੜ ਜਾਰੀ ਕੀਤੇ ਹਨ, ਜਿਸ ‘ਚ ਕੇਂਦਰ ਸਰਕਾਰ ਦਾ ਹਿੱਸਾ 160.50 ਕਰੋੜ ਹੈ ਜਦਕਿ ਸੂਬਾ ਸਰਕਾਰ ਦਾ ਹਿੱਸਾ 53.30 ਕਰੋੜ ਹੈ।
ਸ਼ਿਮਲਾ ‘ਚ 117 ਸਾਲਾਂ ਤੋਂ ਬਾਅਦ ਅਗਸਤ ਮਹੀਨੇ ‘ਚ ਸਭ ਤੋਂ ਵੱਧ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਸਤ 1901 ‘ਚ 277 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ 13 ਅਗਸਤ ਸਵੇਰੇ 8.30 ਵਜੇ ਤੱਕ ਦੇ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਿਕ 24 ਘੰਟਿਆਂ ‘ਚ 172.66 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਜੋ ਦੂਸਰੀ ਸਭ ਤੋਂ ਵੱਧ ਬਾਰਿਸ਼ ਹੈ। ਇਸ ਤੋਂ ਇਲਾਵਾ ਸਮੁੱਚੇ ਹਿਮਾਚਲ ਪ੍ਰਦੇਸ਼ ਸੂਬੇ ‘ਚ 78.3 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜੋ ਸੱਤ ਸਾਲਾਂ ‘ਚ ਸਭ ਤੋਂ ਵੱਧ ਹੈ।