ਪੰਥਕ ਸਿਆਸਤ – ਚੋਣਾਂ ਨੂੰ ਦੇਖਦਿਆਂ 25 ਵਰ੍ਹਿਆਂ ਮਗਰੋਂ ਬਦਲੀ ਸ਼੍ਰੋਮਣੀ ਕਮੇਟੀ ਦੀ ਪੂਰੀ ਟੀਮ

ਪੰਥਕ ਸਿਆਸਤ – ਚੋਣਾਂ ਨੂੰ ਦੇਖਦਿਆਂ 25 ਵਰ੍ਹਿਆਂ ਮਗਰੋਂ ਬਦਲੀ ਸ਼੍ਰੋਮਣੀ ਕਮੇਟੀ ਦੀ ਪੂਰੀ ਟੀਮ

ਬਾਦਲ ਦੇ ਓ.ਐਸ.ਡੀ. ਰਹੇ ਪ੍ਰੋ. ਬੰਡੂਗਰ ਫੇਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਬੰਡੂਗਰ ਨੂੰ ਛੱਡ ਕੇ ਸਾਰੀ ਟੀਮ ਨਵੀਂ, ਟੌਹੜਾ ਦਾ ਗਰੁੱਪ ਸਫ਼ਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ.ਐਸ.ਡੀ. ਰਹੇ 76 ਸਾਲ ਦੇ ਪ੍ਰੋ. ਕਿਰਪਾਲ ਸਿੰਘ ਬੰਡੂਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41ਵੇਂ ਪ੍ਰਧਾਨ ਚੁਣੇ ਗਏ। ਉਹ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਥਾਂ ਲੈਣਗੇ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੱਕੜ ਹੀ ਨਹੀਂ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਪੂਰੀ ਕਾਰਜਕਾਰਨੀ ਹੀ ਬਦਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਜਿਹਾ 1991 ਵਿਚ ਹੋਇਆ ਸੀ, ਜਦੋਂ ਗੁਰਚਰਨ ਸਿੰਘ ਟੌਹੜਾ ਤੀਸਰੀ ਵਾਰ ਪ੍ਰਧਾਨ ਬਣੇ ਸਨ। ਪ੍ਰੋ. ਬੰਡੂਗਰ 2001 ਅਤੇ 2002 ਵਿਚ ਵੀ ਪ੍ਰਧਾਨ ਰਹੇ ਹਨ, ਪਰ ਉਦੋਂ ਟੌਹੜਾ ਨੂੰ ਪ੍ਰਧਆਨ ਬਣਾਉਣ ਲਈ ਸ. ਬਾਦਲ ਦੇ ਕਹਿਣ ‘ਤੇ ਪ੍ਰੋ. ਬੰਡੂਗਰ ਨੂੰ ਅਹੁਦਾ ਛੱਡਣਾ ਪਿਆ ਸੀ। ਪ੍ਰੋ. ਬੰਡੂਗਰ ਦੇ ਨਾਲ ਹੀ ਬਲਦੇਵ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਚਾਵਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। 1973 ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪ੍ਰੋ. ਬੰਡੂਗਰ ਨੇ ਐਮਰਜੈਂਸੀ ਸਮੇਂ 1975 ਵਿਚ ਪਟਿਆਲਾ ਤੋਂ ਗ੍ਰਿਫ਼ਤਾਰੀ ਦੇਣ ਵਾਲੇ ਪਹਿਲੇ ਜੱਥੇ ਦੀ ਅਗਵਾਈ ਕੀਤੀ ਸੀ। ਸਵਾ ਸਾਲ ਜੇਲ੍ਹ ਵਿਚ ਵੀ ਰਹੇ। 1980 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਪਟਿਆਲਾ ਤੋਂ ਅਕਾਲੀ ਉਮੀਦਵਾਰ ਸਨ, ਪਰ ਹਾਰ ਗਏ। 1989 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਬਰਨਾਲਾ ਧੜੇ ਵਲੋਂ ਪਟਿਆਲਾ ਤੋਂ ਫੇਰ ਚੋਣ ਲੜੀ ਪਰ ਫੇਰ ਹਾਰ ਗਏ। ਉਸ ਤੋਂ ਬਾਅਦ ਉਹ ਫਿਰ ਬਾਦਲ ਨਾਲ ਆ ਗਏ।

ਨਾਨਕਸ਼ਾਹੀ ਕਲੰਡਰ ਪਾਸ ਕਰਵਾਉਣ ਵਾਲੇ ਨੂੰ ਪ੍ਰ੍ਰਧਾਨਗੀ…ਤਾਂ ਜੋ ਸਰਬੱਤ ਖ਼ਾਲਸਾ ਕਰਾਉਣ ਜਾ ਰਹੇ ਨਾਰਾਜ਼ ਪੰਥਕ ਨੇਤਾ ਵਾਪਸ ਆ ਸਕਣ-
ਚੰਡੀਗੜ੍ਹ : 10 ਨਵੰਬਰ ਨੂੰ ਸਰਬੱਤ ਖ਼ਾਲਸਾ ਹੋਣਾ ਹੈ। ਚੋਣਾਂ ਤੋਂ ਠੀਕ ਪਹਿਲਾਂ ਇਸ ਨੂੰ ਅਕਾਲੀ ਸਰਕਾਰ ਦੀ ਪੰਥਕ ਸਿਆਸਤ ਲਈ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ। ਦਰਅਸਲ, ਸਰਬੱਤ ਖ਼ਾਲਸਾ ਕਰਾਉਣ ਵਾਲੀਆਂ ਧਿਰਾਂ ਵਿਚ ਮੂਲ ਨਾਨਕਸ਼ਾਹੀ ਕਲੰਡਰ ਵਿਚ ਸੋਧ ਤੋਂ ਨਾਰਾਜ਼ ਹੋ ਕੇ ਗਏ ਨੇਤਾ ਵੀ ਸ਼ਾਮਲ ਹਨ। ਪ੍ਰੋ. ਬੰਡੂਗਰ ਨੇ ਹੀ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਕੀਤਾ ਸੀ। ਉਨ੍ਹਾਂ ਦੇ ਹਟਣ ਮਗਰੋਂ ਸੋਧ ਹੋਇਆ। ਇਸ ਲਈ ਉਨ੍ਹਾਂ ਰਾਹੀਂ ਨਾਰਾਜ਼ ਹੋਏ ਨੇਤਾਵਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਹੈ।
ਪ੍ਰੋ. ਬੰਡੂਗਰ ਵੀ ਪਟਿਆਲਾ ਦੇ, ਕੈਪਟਨ ਨੂੰ ਘੇਰਨ ਦੀ ਤਿਆਰੀ
ਪ੍ਰੋ. ਬੰਡੂਗਰ ਪਟਿਆਲਾ ਦੇ ਹਨ। ਚੋਣ ਵੀ ਲੜਦੇ ਰਹੇ ਹਨ। ਇਸ ਲਈ ਸ. ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪਟਿਆਲਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਦੋ ਨਵੇਂ ਮੈਂਬਰਾਂ ਜੈਪਾਲ ਸਿੰਘ ਤੇ ਨਿਰਮਲ ਸਿੰਘ ਨੂੰ ਕਾਰਜਕਾਰਨੀ ਵਿਚ ਲਿਆ ਗਿਆ ਹੈ, ਉਹ ਵੀ ਪਟਿਆਲਾ ਜ਼ਿਲ੍ਹੇ ਤੋਂ ਹੀ ਹਨ।
ਟੌਹੜਾ ਦੇ ਜਵਾਈ ‘ਆਪ’ ਵਿਚ ਗਏ ਤਾਂ ਉਨ੍ਹਾਂ ਦੇ ਸਮਰਥਕ ਹਟਾਏ
ਟੌਹੜਾ  ਦੇ ਜਵਾਈ ਹਰਮੇਲ ਸਿੰਘ ਟੌਹੜਾ ਆਮ ਆਦਮੀ ਪਾਰਟੀ ਵਿਚ ਗਏ ਹਨ। ਸਨੌਰ ਤੋਂ ਚੋਣ ਲੜਨਾ ਚਾਹੁੰਦੇ ਹਨ। ਉਥੇ ਪ੍ਰੋ. ਬੰਡੂਗਰ ਦੀ ਬਿਰਾਦਰੀ ਦੇ 5-6 ਪਿੰਡ ਹਨ। ਦੂਸਰੇ ਪਾਸੇ ਟੌਹੜਾ ਗਰੁੱਪ ਦੇ ਸੁਖਦੇਵ ਭੌਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਹਨ। ਹੁਣ ਕਰਨੈਲ ਸਿੰਘ ਪੰਜੌਲੀ ਨੂੰ ਕਾਰਜਕਾਰਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਪਛੜੇ ਵਰਗ ਦੀਆਂ 8-10 ਫ਼ੀਸਦੀ ਵੋਟਾਂ, ਫੈਸਲੇ ਦਾ ਕਾਰਨ ਇਹ ਵੀ
ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਚੁਣਨ ਦਾ ਇਕ ਸਿਆਸੀ ਨਜ਼ਰੀਆ ਇਹ ਵੀ ਹੈ ਕਿ ਉਹ ਪੱਛੜੇ ਵਰਗ ਤੋਂ ਆਉਂਦੇ ਹਨ। ਇਸ ਸਮੇਂ ਉਹ ਪੰਜਾਬ ਸਟੇਟ ਬੈਕਵਰਡ ਕਲਾਸ ਕਮਿਸ਼ਨ ਦੇ ਚੇਅਰਮੈਨ ਹਨ। ਸੂਬੇ ਵਿਚ 8 ਤੋਂ 10 ਫ਼ੀਸਦੀ ਵੋਟ ਪੱਛੜੇ ਵਰਗ ਦੀ ਹੈ।
ਸਰਬੱਤ ਖ਼ਾਲਸਾ ਕਰਨ ਵਾਲੇ ਧੜੇ ਵਿਚ ਗਏ ਪੰਥਕ ਨੇਤਾਵਾਂ ਨੂੰ ਵਾਪਸ ਲਿਆ ਸਕਦੇ ਹਨ
ਪ੍ਰੋ. ਬੰਡੂਗਰ ਦੀ ਪ੍ਰਧਾਨਗੀ ਵਿਚ ਹੀ ਮੂਲ ਨਾਨਕਸ਼ਾਹੀ ਕਲੰਡਰ ਜਾਰੀ ਹੋਇਆ ਸੀ। ਉਨ੍ਹਾਂ ਦੇ ਹਟਣ ਮਗਰੋਂ ਇਸ ਵਿਚ ਸੋਧ ਹੋਇਆ। ਇਸੇ ਕਾਰਨ ਇਕ ਵੱਡਾ ਧੜਾ ਵੱਖ ਸਰਬੱਤ ਖ਼ਾਲਸਾ ਕਰਨ ਵਾਲਿਆਂ ਨਾਲ ਚਲਿਆ ਗਿਆ ਸੀ। ਉਨ੍ਹਾਂ ਨੂੰ ਵਾਪਸ ਲਿਆਉਣ ਜਾਂ ਸ਼ਾਂਤ ਕਰਨ ਦਾ ਜ਼ਿੰਮਾ ਵੀ ਬੰਡੂਗਰ ‘ਤੇ ਰਹੇਗਾ।
ਡੇਰਾ ਮਾਮਲਾ ਤੇ ਬੇਅਦਬੀ ਕਾਂਡ ਮਗਰੋਂ ਕਮੇਟੀ ਦੀ ਸ਼ਾਖ਼ ਬਚਾਉਣ ਲਈ ਜ਼ਰੂਰੀ ਸੀ
ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ਵਿਚ ਤਖ਼ਤ ਸਾਹਿਬਾਨ ਘਿਰੇ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਰਕਾਰ ਘੇਰੇ ਵਿਚ ਹੈ। ਪਰ ਪ੍ਰੋ. ਬੰਡੂਗਰ ਦੀ ਦਿਖ ਸ਼ੁਰੂ ਤੋਂ ਸਾਫ਼ ਹੈ। ਸੇਵਾ ਸਿੰਘ ਸੇਖਵਾਂ ਵੀ ਦਾਅਵੇਦਾਰ ਸਨ, ਪਰ ਉਨ੍ਹਾਂ ‘ਤੇ ਮੰਤਰੀ ਰਹਿੰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ।

ਸ਼੍ਰੋਮਣੀ ਕਮੇਟੀ ਦੀ ਟੀਮ ਬਦਲਣ ਦਾ ਜ਼ਿਆਦਾ ਨੇਤਾਵਾਂ ਨੇ ਕੀਤਾ ਵਿਰੋਧ
ਫੇਰਬਦਲ ਦਾ ਚੋਣ ਲਾਭ ਨਹੀਂ ਮਿਲੇਗਾ : ਕਲਕੱਤਾ
ਕਿਹਾ-ਹੁਣ ਕਮੇਟੀ ਪੂਰੀ ਤਰ੍ਹਾਂ ਸਿਆਸਤ ਦੇ ਚੁੰਗਲ ਵਿਚ ਫਸੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਚਾਲੇ ਖਿਚੋਤਾਣ ਅਤੇ ਸਮੇਂ ਸਮੇਂ ‘ਤੇ ਮੱਕੜ ‘ਤੇ ਲੱਗਣ ਵਾਲੇ ਦੋਸ਼ਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲਈ ਚੋਣਾਂ ਰਾਹੀਂ ਥੋੜ੍ਹੇ-ਬਹੁਤ ਬਦਲਾਅ ਦੀ ਕੋਸ਼ਿਸ਼ ਕੀਤੀਗਈ ਹੈ। ਲੋਕਾਂ ਦਾ ਗੁੱਸਾ ਸ਼ਾਂਤ ਹੋਵੇ ਜਾਂ ਨਾ ਹੋਵੇ ਪਰ ਇਸ ਦਾ ਚੋਣ ਲਾਭ ਨਹੀਂ ਮਿਲੇਗਾ। ਇਹ ਕਹਿਣਾ ਹੈ ਕਿ ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਜਥੇਦਾਰ ਮਨਜੀਤ ਸਿੰਘ ਕਲੱਕਤਾ ਦਾ।
ਕਲਕੱਤਾ ਨੇ ਨਵ-ਨਿਯੁਕਤ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਮੱਕੜ ਨਾਲੋਂ ਬਿਹਤਰ ਦਸਦਿਆਂ ਕਿਹਾ ਕਿ ਉਹ ਹਾਂ-ਪੱਖੀ ਹਨ ਤੇ ਹਰੇਕ ਕਸੌਟੀ ‘ਤੇ ਖਰੇ ਉਤਰਨਗੇ ਪਰ ਇਨ੍ਹਾਂ ਦਾ ਚੋਣਾਂ ਵਿਚ ਲਾਭ ਹੋਵੇ, ਅਜਿਹਾ ਨਹੀਂ ਲਗਦਾ। ਇਸ ਚੋਣ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਾਏ ਸੀ ਕਿ ਜ਼ਿਆਦਾ ਤਬਦੀਲੀ ਨਾ ਕੀਤੀ ਜਾਵੇ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਨਾਲ ਤਬਦੀਲੀ ਚਾਹੁੰਦੇ ਸਨ। ਉਨ੍ਹਾਂ ਦੀ ਇਹੀ ਸੋਚ ਹੈ ਕਿ ਘੱਟੋ-ਘੱਟ ਬੇਅਦਬੀ ਨੂੰ ਲੈ ਕੇ ਲੋਕਾਂ ਦਾ ਕੁਝ ਗੁੱਸਾ ਸ਼ਾਂਤ ਹੋਵੇਗਾ। ਕਲਕੱਤਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹੋਏ ਸੁੰਦਰੀਕਰਨ ਤੇ ਪੰਜਾਬੀ ਸੂਬੇ ਦੀ ਵਰ੍ਹੇਗੰਢ ਸਮਾਗਮ ਨੂੰ ਵੀ ਇਸੇ ਕੜੀ ਦਾ ਹਿੱਸਾ ਮੰਨਦੇ ਹਨ।
ਕਮੇਟੀ ਦੇ ਸਿਆਸੀਕਰਨ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਟੋਹੜਾ ਅਤੇ ਉਨ੍ਹਾਂ ਦੀ ਟੀਮ ਸੀ ਤਾਂ ਉਸ ਵਕਤ ਉਵੇਂ ਦਾ ਨਹੀਂ ਸੀ, ਪਰ ਉਨ੍ਹਾਂ ਦੇ ਜਾਣ ਮਗਰੋਂ ਕਮੇਟੀ ਪੂਰੀ ਤਰ੍ਹਾਂ ਸਿਆਸਤ ਦੇ ਚੁੰਗਲ ਵਿਚ ਫਸ ਗਈ ਹੈ। ਉਨ੍ਹਾਂ ਨੇ ਬੰਡੂਗਰ ਨੂੰ ਕਿਹਾ ਕਿ ਜੇਕਰ ਉਹ ਵੀ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਕਰ ਸਕਣਗੇ ਕਿਉਂਕਿ ਬੇਅਦਬੀ ਦੇ ਨਾਲ ਨਾਲ ਸੂਬੇ ਦੀ ਕਿਸਾਨੀ, ਨਸ਼ੇ ਵਰਗੇ ਮੁੱਦੇ ਸਰਕਾਰ ‘ਤੇ ਭਾਰੀ ਪੈਣਗੇ। ਉਹ ਨਾਨਕਸ਼ਾਹੀ ਕਲੰਡਰ ਦਾ ਸਿਹਰਾ ਪ੍ਰੋ. ਬੰਡੂਗਰ ਨੂੰ ਦਿੰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਦੇ ਨਿਰਮਾਣ ਦਾ ਕੰਮ ਟੋਹੜਾ ਦੇ ਕਾਰਜਕਾਲ ਦੌਰਾਨ ਹੋਣਾ ਸ਼ੁਰੂ ਹੋਇਆ ਸੀ, ਪਰ ਬੰਡੂਗਰ ਨੇ ਉਸ ਨੂੰ ਜਾਰੀ ਕਰ ਕੇ ਪੰਥ ਵਿਚ ਉਮੀਦ ਜਗਾਈ। ਬਾਅਦ ਵਿਚ ਮੱਕੜ ਨੇ ਉਸ ਵਿਚ ਬਾਦਲਾਂ ਦੇ ਇਸ਼ਾਰੇ ‘ਤੇ ਅਤੇ ਆਰ.ਐਸ.ਐਸ. ਦੇ ਦਬਾਅ ਵਿਚ ਆ ਕੇ ਤਬਦੀਲੀਆਂ ਕਰਵਾ ਦਿੱਤੀਆਂ। ਉਹ ਇਹ ਵੀ ਕਹਿੰਦੇ ਹਨ ਕਿ ਬੰਡੂਗਰ ਫੇਰ ਵੀ ਪੁਰਾਣੀ ਸ਼ਕਲ ਦੇ ਸਕਣਗੇ, ਇਹ ਸੰਭਵ ਨਹੀਂ ਲਗਦਾ।

ਇਸ ਨੂੰ ਚੋਣ ਕਹਿਣਾ ਚੋਣ ਸ਼ਬਦ ਦਾ ਅਪਮਾਨ : ਭੱਠਲ
ਲੁਧਿਆਣਾ : ਸ਼੍ਰੋਮਣੀ ਕਮੇਟੀ  ਦਾ ਪ੍ਰਧਾਨ ਉਹੀ ਬਣਦਾ ਹੈ, ਜਿਸ ‘ਤੇ ਬਾਦਲ ਆਪਣੀ ਮੋਹਰ ਲਾ ਦੇਣ। ਇਸ ਨੂੰ ਚੋਣ ਕਹਿਣਾ ਚੋਣ ਸ਼ਬਦ ਦਾ ਸਰਾਸਰ ਅਪਮਾਨ ਹੈ। ਸਿੱਖਾਂ ਦੀ ਸਰਵਉੱਚ ਸੰਸਥਾ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਇਹ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ। ਉਹ ਇਥੇ ਚੋਣ ਮੈਨੀਫੈਸਟੋ ਨੂੰ ਲੈ ਕੇ ਮੀਟਿੰਗ ਕਰਨ ਪਹੁੰਚੇ ਸਨ। ਇਸ ਮੀਟਿੰਗ ਵਿਚ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ। ਚੋਣ ਮੈਨੀਫੈਸਟੋ ਵਿਚ ਆਪਣੀ ਰਾਏ ਦੇਣ ਲਈ ਪੰਜਾਬ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਵਿਜੈ ਕਾਲੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਬੰਦ ਕਮਰੇ ਵਿਚ ਲਗਭਗ ਇਕ ਘੰਟੇ ਤਕ ਦੋਵੇਂ ਧਿਰਾਂ ਨੇ ਆਪਣੇ ਵਿਚਾਰ ਰੱਖੇ। ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਇਹ ਚੋਣ ਮੈਨੀਫੈਸਟੋ ਦਾ ਆਖ਼ਰੀ ਗੇੜ ਹੈ, ਇਸ ਨੂੰ ਪਾਰਟੀ ਹਾਈ ਕਮਾਂਡ ਜਾਰੀ ਕਰੇਗੀ।

ਭੌਰ ਨੇ ਕਿਹਾ-ਸੁਖਬੀਰ ਤੋਂ ਕੁਝ ਨਹੀਂ ਹੋਇਆ ਕਮੇਟੀ ਕੀ ਕਰ ਲਏਗੀ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਭੌਰ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਅਤੇ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ  ਬਾਦਲ ਕੋਲ ਸੂਬੇ ਦਾ ਗ੍ਰਹਿ ਮੰਤਰਾਲੇ ਵੀ ਹੈ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਪਰ ਉਹ ਬੇਅਦਬੀ ਮਾਮਲੇ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਫਿਰ ਉਨ੍ਹਾਂ ਵਲੋਂ ਤੈਅ ਕੀਤੀ ਗਈ ਟੀਮ ਸਿੱਖੀ ਸਿਧਾਂਤਾਂ ਤੇ ਗੁਰ ਮਰਿਆਦਾ ਕਾਇਮ ਰੱਖਣ ਵਿਚ ਕਿਵੇਂ ਸਫਲ ਹੋਵੇਗੀ।

ਗੁਰਦੀਪ ਕੌਰ ਟੌਹੜਾ ਬੋਲੇ-ਪੰਥਕ ਸੋਚ ਗਿਰਵੀ ਰੱਖ ਦਿੱਤੀ :
ਅੰਮ੍ਰਿਤਸਰ : ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਦੀ ਬੇਟੀ ਗੁਰਦੀਪ ਕੌਰ ਟੌਹੜਾ ਨੇ ਭੌਰ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਸੁਖਬੀਰ ਨੇ ਸਾਰੇ ਮੈਂਬਰਾਂ ਨਾਲ ਮੀਟਿੰਗ ਕੀਤੀ ਤਾਂ ਕਿਸੇ ਨੇ ਵੀ ਬੇਅਦਬੀ ਦਾ ਮਾਮਲਾ ਨਹੀਂ ਚੁੱਕਿਆ ਤੇ ਨਾ ਹੀ ਜਨਰਲ ਇਜਲਾਸ ਵਿਚ। ਇਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਨੇ ਸਿਆਸਤ ਦੇ ਹੱਥਾਂ ਵਿਚ ਸਾਰੀ ਪੰਥਕ ਸੋਚ ਗਿਰਵੀ ਰੱਖ ਦਿੱਤੀ ਹੈ।

ਬੈਂਸ ਨੇ ਕਿਹਾ-ਬੰਡੂਗਰ ਵੀ ਬਾਦਲਾਂ ਦੀ ਕਠਪੁਤਲੀ :
ਲੁਧਿਆਣਾ ਦੱਖਣੀ ਦੇ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਜਨਰਲ ਇਜਲਾਸ ਦੌਰਾਨ ਚੋਣ ਕਰਵਾ ਰਹੇ ਤਰਨਤਾਰਨ ਦੇ ਡੀ.ਸੀ. ਬਲਵਿੰਦਰ ਸਿੰਘ ਧਾਲੀਵਾਲ ‘ਤੇ ਇਤਰਾਜ਼ ਜ਼ਾਹਰ ਕੀਤਾ। ਉਨ੍ਹਾਂ ਨੇ ਡੀ.ਸੀ. ਦੇ ਸਾਹਮਣੇ ਕਿਹਾ ਕਿ ਉਹ ਨਾ ਤਾਂ ਸਿੱਖ ਹਨ ਤੇ ਨਾ ਹੀ ਸਹਿਜਧਾਰੀ ਬਲਕਿ ਉਹ ਪਤਿਤ ਹਨ ਕਿਉਂਕਿ ਇਨ੍ਹਾਂ ਨੇ ਦਾੜ੍ਹੀ ਕਰਵਾਈ ਤੇ ਰੰਗਵਾਈ ਹੈ, ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਪਹਿਲੇ ਪ੍ਰਧਾਨ ਮੱਕੜ ਵੀ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਸਨ ਤੇ ਬੰਡੂਗਰ ਵੀ ਹਨ।

ਪ੍ਰਚਾਰ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਵਾਂਗੇ : ਪ੍ਰੋ. ਬੰਡੂਗਰ
ਅੰਮ੍ਰਿਤਸਰ/ਬਿਊਰੋ ਨਿਊਜ਼ :
13 ਸਾਲ ਮਗਰੋਂ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਕੁਰਸੀ ਸੰਭਾਲਦੇ ਹੀ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ‘ਤੇ ਹੋਣ ਵਾਲੇ ਹਮਲੇ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਪੈਦਾ ਹੋਈ ਦੁਵਿਧਾ ਨੂੰ ਦੂਰ ਕਰਨ ਲਈ ਪਹਿਲ ਦੇ ਆਧਾਰ ‘ਤੇ ਕੰਮ ਕਰਨਗੇ। ਇਸ ਲਈ ਸੋਸ਼ਲ ਮੀਡੀਆ ਰਾਹੀਂ ਧਰਮ ਪ੍ਰਚਾਰ ‘ਤੇ ਜ਼ੋਰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਕਮੇਟੀ ਦੀ ਪੂਰੀ ਆਈ.ਟੀ. ਟੀਮ ਕੰਮ ਕਰੇਗੀ। ਇਸ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹ, ਸਿੱਖੀ ਕੀ ਹੈ, ਸਿੱਖਾਂ ਦੀ ਦੇਸ਼-ਵਿਦੇਸ਼ ਵਿਚ ਭੂਮਿਕਾ ਤੇ ਉਨ੍ਹਾਂ ਦੀ ਅਹਿਮ ਪ੍ਰਾਪਤੀਆਂ ਨੂੰ ਇਸ ਜ਼ਰੀਏ ਪ੍ਰਚਾਰਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਸਿੱਖ ਵੱਖਰੀ ਤੇ ਸ਼ਾਂਤ ਅਤੇ ਆਪਸੀ ਭਾਈਚਾਰੇ ਵਾਲੀ ਕੌਮ ਹੈ।
ਬੇਅਦਬੀ ਰੋਕਣ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਜਵਾਬ ਵਿਚ ਪ੍ਰੋ. ਬੰਡੂਗਰ ਨੇ ਕਿਹਾ ਕਿ ਇਹ ਮਾਮਲਾ ਚੁਣੌਤੀ ਜ਼ਰੂਰ ਹੈ ਪਰ ਮੁਸ਼ਕਲ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਕਮੇਟੀ ਆਪਣੇ ਤੌਰ ‘ਤੇ ਤਾਂ ਕੰਮ ਕਰੇਗੀ ਹੀ ਬਲਕਿ ਸੰਗਤ ਨੂੰ ਨਾਲ ਕੇ ਚੱਲੇਗੀ। ਇਸ ਤਹਿਤ ਗੁਰਦੁਆਰਾ ਕਮੇਟੀਆਂ, ਸਿੱਖ ਸਭਾਵਾਂ, ਟਕਸਾਲਾਂ, ਨਿਹੰਗ ਜਥੇਬੰਦੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਜਿੱਥੇ ਵੀ ਪਾਵਨ ਸਰੂਪ ਹਨ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਬੇਅਦਬੀ ਵਰਗੀਆਂ ਘਟਨਾਵਾਂ ਨਾ ਵਾਪਰਨ।