ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਸਿੱਖ ਸੰਗਤ ਦੁਬਿਧਾ ਵਿਚ, 2-2 ਵਾਰ ਮਨਾਏ ਜਾ ਰਹੇ ਗੁਰਪੁਰਬ

ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਸਿੱਖ ਸੰਗਤ ਦੁਬਿਧਾ ਵਿਚ, 2-2 ਵਾਰ ਮਨਾਏ ਜਾ ਰਹੇ ਗੁਰਪੁਰਬ
ਵੱਖ ਵੱਖ ਜਥੇਬੰਦੀਆਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਰਦਾਸ ਕੀਤੇ ਜਾਣ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :
ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਸਿੱਖ ਜਗਤ ਵਿੱਚ ਦੁਬਿਧਾ ਬਣੀ ਹੋਈ ਹੈ ਅਤੇ ਇਸੇ ਕਾਰਨ ਸੰਗਤ ਵੱਲੋਂ ਵਧੇਰੇ ਗੁਰਪੁਰਬ 2-2 ਵਾਰ ਮਨਾਏ ਜਾ ਰਹੇ ਹਨ। ਇਸੇ ਤਹਿਤ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਦੂਜੀ ਵਾਰ ਮਨਾਇਆ ਗਿਆ ਹੈ।
ਇਸ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪ੍ਰਕਾਸ਼ ਪੁਰਬ 7 ਅਕਤੂਬਰ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ ਹੈ। ਅੱਜ ਦੋ ਦਿਨਾਂ ਬਾਅਦ ਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਗੁਰਪੁਰਬ ਪੰਥਕ ਤਾਲਮੇਲ ਸੰਗਠਨ, ਅਕਾਲ ਪੁਰਖ ਕੀ ਫ਼ੌਜ ਅਤੇ ਹੋਰ ਜਥੇਬੰਦੀਆਂ ਵੱਲੋਂ ਮਨਾਇਆ ਗਿਆ। ਸੰਗਤਾਂ ਵੱਲੋਂ ਅਕਾਲ ਹਾਊਸ ਤੋਂ ਅਕਾਲ ਤਖ਼ਤ ਤੱਕ ਪ੍ਰਭਾਤ ਫੇਰੀ ਕੱਢੀ ਗਈ ਜਿਸ ਦੀ ਅਗਵਾਈ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਕੀਤੀ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਤੇ ਹੋਰ ਸਮਰਥਕ ਜਥੇਬੰਦੀਆਂ ਵੱਲੋਂ ਇਸੇ ਮੁਤਾਬਕ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਕੈਲੰਡਰ ਵਿਵਾਦ ਕਾਰਨ ਸਿੱਖ ਕੌਮ ਵਿੱਚ ਬਣੀ ਦੁਵਿਧਾ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੀ ਫ਼ੈਸਲਾ ਅਕਾਲ ਤਖ਼ਤ ਤੋਂ ਹੀ ਲਿਆ ਜਾ ਸਕਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਉਨ੍ਹਾਂ ਦੇ ਕਾਰਜਕਾਲ ਵੇਲੇ ਲਾਗੂ ਕੀਤਾ ਗਿਆ ਸੀ, ਪਰ ਉਸ ਵੇਲੇ ਵੀ ਇਸ ਸਬੰਧ ਵਿਚ ਅਕਾਲ ਤਖ਼ਤ ਤੋਂ ਹੀ ਆਦੇਸ਼ ਜਾਰੀ ਕੀਤਾ ਗਿਆ ਸੀ। ਹੁਣ ਅਕਾਲ ਤਖ਼ਤ ਤੋਂ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਉਸ ਨੂੰ ਹੀ ਲਾਗੂ ਕਰੇਗੀ।