ਸਰਜੀਕਲ ਸਟ੍ਰਾਈਕ ਪਿੱਛੇ ਆਰ.ਐਸ.ਐਸ. ਦੀ ਪ੍ਰੇਰਨਾ ਸੀ : ਪਰੀਕਰ

ਸਰਜੀਕਲ ਸਟ੍ਰਾਈਕ ਪਿੱਛੇ ਆਰ.ਐਸ.ਐਸ. ਦੀ ਪ੍ਰੇਰਨਾ ਸੀ : ਪਰੀਕਰ

ਅਹਿਮਦਾਬਾਦ/ਬਿਊਰੋ ਨਿਊਜ਼ :
ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਉੜੀ ਹਮਲੇ ਮਗਰੋਂ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸਰਜੀਕਲ ਸਟ੍ਰਾਇਕ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਆਰ.ਐਸ.ਐਸ. ਦੀ ਪ੍ਰੇਰਨਾ ਸੀ। ਉਨ੍ਹਾਂ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਸ਼ਾਇਦ ਆਰ.ਐਸ.ਐਸ. ਦੀ ਸਿੱਖਿਆ ਹੀ ਇਸ ਕਾਰਵਾਈ ਦੀ ਬੁਨਿਆਦ ਬਣੀ। ਉਨ੍ਹਾਂ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਸਰਜੀਕਲ ਹਮਲੇ ਸਬੰਧੀ ਸਬੂਤ ਮੰਗਣ ਵਾਲਿਆਂ ਦੀ ਤਿੱਖੀ ਅਲੋਚਨਾ ਕੀਤੀ ਹੈ। ਅਹਿਮਦਾਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਿਛਲੇ 5-6 ਸਾਲਾਂ ਤੋਂ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਲਗਾਤਾਰ ਹੁੰਦੀ ਰਹੀ ਹੈ, ਪਰ ਜੋ ਚੀਜ਼ ਬਦਲੀ ਹੈ ਉਹ ਇਹ ਹੈ ਕਿ ਅਸੀਂ ਇਸ ਦਾ ਪ੍ਰਭਾਵਸ਼ਾਲੀ ਜਵਾਬ ਦਿੱਤਾ ਹੈ। ਸੁਰੱਖਿਆ ਖਾਮੀਆਂ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਅਤੇ ਉਸ ਵਿਚ ਕੋਈ ਖਾਮੀ ਰਹਿ ਜਾਵੇ ਤਾਂ ਇਸ ਨੂੰ ਸੋਧਿਆ ਜਾ ਸਕਦਾ ਹੈ। ਬਿਨਾਂ ਕਿਸੇ ਦਾ ਨਾਂਅ ਲਏ ਪਰੀਕਰ ਨੇ ਕਿਹਾ ਕਿ ਸਰਜੀਕਲ ਹਮਲੇ ਵਾਲੇ ਦਿਨ ਤੋਂ ਅੱਜ ਤੱਕ ਕਈ ਸਿਆਸੀ ਨੇਤਾ ਸਰਜੀਕਲ ਹਮਲੇ ਦੇ ਸਬੂਤ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਫੌਜ ਕੁਝ ਕਹਿੰਦੀ ਹੈ ਤਾਂ ਸਾਨੂੰ ਉਸ ‘ਤੇ ਯਕੀਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਦੁਨੀਆ ਦੀ ਸਭ ਤੋਂ ਵਧੀਆ, ਪੇਸ਼ੇਵਰ, ਬਹਾਦਰ ਅਤੇ ਨਿਸ਼ਠਾਵਾਨ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਾਨੂੰ ਫੌਜ ਤੋਂ ਸਬੂਤ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਹਮਲੇ ਤੋਂ ਬਾਅਦ ਦੋ ਚੰਗੀਆਂ ਚੀਜ਼ਾਂ ਵਾਪਰੀਆਂ ਹਨ। ਪਹਿਲੀ ਤਾਂ ਇਹ ਕਿ ਕੁਝ ਇਕ ਸਿਆਸੀ ਆਗੂਆਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਾਸੀ ਸਾਡੀ ਬਹਾਦਰ ਫੌਜ ਦੇ ਸਮਰਥਨ ਵਿਚ ਖੜ੍ਹੇ ਸਨ ਅਤੇ ਦੂਜੀ ਇਹ ਕਿ ਅਸੀਂ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਬਹੁਤ ਸੰਵੇਦਨਸ਼ੀਲਤਾ ਦਿਖਾਈ ਹੈ।