ਔਰਤ ਦੇ ਨਸਲੀ ਹਮਲਿਆਂ ਦਾ ਐਨ.ਡੀ.ਪੀ. ਦੇ ਸਿੱਖ ਆਗੂ ਜਗਮੀਤ ਸਿੰਘ ਨੇ ਦਿੱਤਾ ਠਰੰਮ੍ਹੇ ਨਾਲ ਜਵਾਬ

ਔਰਤ ਦੇ ਨਸਲੀ ਹਮਲਿਆਂ ਦਾ ਐਨ.ਡੀ.ਪੀ. ਦੇ ਸਿੱਖ ਆਗੂ ਜਗਮੀਤ ਸਿੰਘ ਨੇ ਦਿੱਤਾ ਠਰੰਮ੍ਹੇ ਨਾਲ ਜਵਾਬ

ਬਰੈਂਪਟਨ/ਬਿਊਰੋ ਨਿਊਜ਼ :
ਕੈਨੇਡਾ ਵਿਚ ਇਕ ਸਿੱਖ ਸਿਆਸਤਦਾਨ ਜਗਮੀਤ ਸਿੰਘ ‘ਤੇ ਉੱਥੋਂ ਦੀ ਇਕ ਔਰਤ ਵਲੋਂ ਕੀਤੇ ਜਾ ਰਹੇ ਜ਼ੁਬਾਨੀ ਤੌਰ ‘ਤੇ ਨਸਲੀ ਹਮਲੇ ਦਾ ਜਵਾਬ ਜਗਮੀਤ ਸਿੰਘ ਨੇ ਬੜੀ ਹੀ ਹਾਜ਼ਰ ਜਵਾਬੀ ਨਾਲ ਦਿੱਤਾ, ਜਿਸ ਤੋਂ ਲੋਕ ਕਾਫ਼ੀ ਪ੍ਰਭਾਵਿਤ ਹੋਏ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਇਕ ਸਮਾਗਮ ਦੌਰਾਨ ਉਕਤ ਔਰਤ ਗੁੱਸੇ ਵਿਚ ਜਗਮੀਤ ਸਿੰਘ ‘ਤੇ ਨਸਲੀ ਟਿੱਪਣੀਆਂ ਕਰਨ ਲੱਗ ਪਈ, ਪਰ ਜਗਮੀਤ ਸਿੰਘ ਨੇ ਉਸ ਦਾ ਜਵਾਬ ਇਹ ਕਹਿੰਦੇ ਹੋਏ ਦਿੱਤਾ ਕਿ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਸੀਂ ਤੁਹਾਡਾ ਸਮਰਥਨ ਕਰਦੇ ਹਾਂ। ਇਸ ਦੌਰਾਨ ਹੀ ਜਗਮੀਤ ਸਿੰਘ ਦੇ ਸਮਰਥਕਾਂ ਉਸ ਦੀ ਮੁਹਿੰਮ ਦਾ ਨਾਅਰਾ ‘ਪਿਆਰ ਅਤੇ ਹਿੰਮਤ’ ਗਾਉਣ ਲੱਗ ਪਏ। ਜ਼ਿਕਰਯੋਗ ਹੈ ਕਿ 38 ਸਾਲਾ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਐਨ.ਡੀ.ਪੀ. ਦੀ ਅਗਵਾਈ ਕਰ ਰਹੇ ਹਨ। ਜਗਮੀਤ ਸਿੰਘ ਜਦੋਂ ਸਮਾਗਮ ਵਿਚ ਉੱਥੇ ਮੌਜੂਦ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਉਕਤ ਜੈਨੀਫ਼ਰ ਨਾਂਅ ਦੀ ਔਰਤ ਜਗਮੀਤ ਸਿੰਘ ਨੇੜੇ ਆਈ ਅਤੇ ਕਹਿਣ ਲੱਗੀ ਕਿ ਅਸੀਂ ਜਾਣਦੇ ਹਾਂ ਤੁਸੀਂ ਸ਼ਰੀਆ ਨੂੰ ਮੰਨਦੇ ਹੋ ਅਤੇ ਤੁਹਾਡਾ ਭਾਈਚਾਰਾ ਮੁਸਲਿਮ ਭਾਈਚਾਰਾ ਹੈ। ਜਗਮੀਤ ਸਿੰਘ ਨੇ ਸਪਸ਼ਟ ਰੂਪ ਵਿਚ ਉਸ ਨੂੰ ਜਵਾਬ ਦੇਣ ਦੀ ਜਗ੍ਹਾ ਸਮਰਥਕਾਂ ਨੂੰ ਕਿਹਾ ਕਿ ਅਸੀਂ ਪਿਆਰ ਅਤੇ ਹਿੰਮਤ ਵਿਚ ਵਿਸ਼ਵਾਸ ਰੱਖਦੇ ਹਾਂ, ਅਸੀਂ ਨਫ਼ਰਤ ਕਰ ਕੇ ਕਿਸੇ ਡਰ ਵਿਚ ਨਹੀਂ ਰਹਿਣਾ ਤੇ ਅਸੀਂ ਇਸ ਸਕਾਰਾਤਮਕ ਪ੍ਰੋਗਰਾਮ ਨੂੰ ਨਫ਼ਰਤ ਕਰ ਕੇ ਖ਼ਰਾਬ ਨਹੀਂ ਕਰਨਾ ਚਾਹੁੰਦੇ। ਇਸ ਤੋਂ ਬਾਅਦ ਉਕਤ ਔਰਤ ਚੁੱਪ ਕਰ ਕੇ ਸਮਾਗਮ ਨੂੰ ਛੱਡ ਕੇ ਬਾਹਰ ਚਲੀ ਗਈ।