ਮਨਜੀਤ ਸਿੰਘ ਜੀ.ਕੇ. ਦਿੱਲੀ ਕਮੇਟੀ ਦੇ ਮੁੜ ਪ੍ਰਧਾਨ ਬਣੇ

ਮਨਜੀਤ ਸਿੰਘ ਜੀ.ਕੇ. ਦਿੱਲੀ ਕਮੇਟੀ ਦੇ ਮੁੜ ਪ੍ਰਧਾਨ ਬਣੇ

ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਨਿਯੁਕਤ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਆਮ ਇਜਲਾਸ ਦੌਰਾਨ ਕਾਰਜਕਾਰਨੀ ਦੇ ਗਠਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੀ ਪੁੱਗੀ। ਉਨ੍ਹਾਂ ਵੱਲੋਂ ਭੇਜੇ ਆਬਜ਼ਰਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦਿੱਤੀ ਸੂਚੀ ਮੁਤਾਬਕ ਹੀ ਦਿੱਲੀ ਕਮੇਟੀ ਦੇ ਅਹੁਦੇਦਾਰ ਚੁਣੇ ਗਏ।
ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਮਨਜੀਤ ਸਿੰਘ ਜੀ.ਕੇ. ਨੂੰ ਪ੍ਰਧਾਨ, ਹਰਮੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਮਨਜੀਤ ਸਿੰਘ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਤੇ ਅਮਰਜੀਤ ਸਿੰਘ ਪੱਪੂ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ। ਕਾਰਜਕਾਰਨੀ ਮੈਂਬਰਾਂ ਵਿੱਚ  ਹਰਿੰਦਰਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਡੋਕ, ਅਮਰਜੀਤ ਸਿੰਘ ਪਿੰਕੀ, ਐਮਪੀਐਸ ਚੱਢਾ ਤੇ ਤਰਵਿੰਦਰ ਸਿੰਘ ਮਰਵਾਹ ਸ਼ਾਮਲ ਹਨ। ਪ੍ਰੋਟੈੱਮ ਚੇਅਰਮੈਨ ਵਜੋਂ ਸੰਤਾ ਸਿੰਘ ਉਮੈਦਪੁਰੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਦਿੱਲੀ ਕਮੇਟੀ ਦੇ ਮੈਂਬਰ ਹਨ, ਨੇ ਇਹ ਚੋਣ ਕਰਵਾਈ। ਉਨ੍ਹਾਂ ਦਾ ਨਾਂ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਤੇ ਅਮਰਜੀਤ ਸਿੰਘ ਪੱਪੂ ਨੇ ਤਾਈਦ ਕੀਤੀ।
ਮਨਜੀਤ ਸਿੰਘ ਜੀ.ਕੇ. ਦਾ ਨਾਂ ਪ੍ਰਧਾਨ ਵਜੋਂ ਅਵਤਾਰ ਸਿੰਘ ਹਿੱਤ ਨੇ ਪੇਸ਼ ਕੀਤਾ, ਜਿਸ ਦਾ ਸਮਰਥਨ ਉਂਕਾਰ ਸਿੰਘ ਥਾਪਰ ਨੇ ਕੀਤਾ। ਵਿਰੋਧੀ ਧਿਰ ਵਿੱਚੋਂ ਜੰਗਪੁਰਾ ਤੋਂ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੂੰ ਕਾਰਜਕਾਰਨੀ ਵਿੱਚ ਥਾਂ ਦਿੱਤੀ ਗਈ। ਕਮੇਟੀ ਵੱਲੋਂ ਸਿੱਖਿਆ, ਧਾਰਮਿਕ ਖੇਤਰ ਵਿੱਚ ਕੰਮ ਕਰਨ  ਤੇ ਗੁਰੂ ਦੇ ਦਿਹਾੜੇ ਪਹਿਲਾਂ ਵਾਂਗ ਜੋਸ਼ੋ-ਖਰੋਸ਼ ਨਾਲ ਮਨਾਉਣ ਦਾ ਅਹਿਦ ਲਿਆ।
ਸੀਨੀਅਰ ਆਗੂ ਉਂਕਾਰ ਸਿੰਘ ਥਾਪਰ ਨੂੰ ਕੌਮੀ ਪੱਧਰ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਤੇ ਅਵਤਾਰ ਸਿੰਘ ਹਿਤ ਨੂੰ ਕੌਮੀ ਕੋਰ ਕਮੇਟੀ ਵਿੱਚ ਸ਼ਾਮਲ ਕਰ ਕੇ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਨਜੀਤ ਸਿੰਘ ਜੀ.ਕੇ. ਗੁੱਟ ਮਨਜਿੰਦਰ ਸਿੰਘ ਸਿਰਸਾ ਨੂੰ ਜਨਰਲ ਸਕੱਤਰ ਬਣਾਉਣ ਦੇ ਹੱਕ ਵਿੱਚ ਨਹੀਂ ਦੱਸਿਆ ਜਾ ਰਿਹਾ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਮੁਤਾਬਕ ਹੀ ਸ੍ਰੀ ਸਿਰਸਾ ਨੂੰ ਜਨਰਲ ਸਕੱਤਰ ਬਣਾਇਆ ਗਿਆ। ਤੀਜੀ ਵਾਰ ਪ੍ਰਧਾਨ ਬਣਨ ਮਗਰੋਂ ਮਨਜੀਤ ਸਿੰਘ ਜੀ.ਕੇ. ਨੇ ਹਰਿਦੁਆਰ ਵਿੱਚ ਗਿਆਨ ਗੋਦੜੀ ਗੁਰਦੁਆਰੇ ਨੂੰ ਮੁੜ ਸਥਾਪਤ ਕਰਨ ਲਈ ਸਿਆਸੀ ਤੇ ਕਾਨੂੰਨੀ ਲੜਾਈ ਲੜਨ, ਜਗਨਨਾਥਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਕੀਤੀ ਬਾਉਲੀ ਦਾ ਕਬਜ਼ਾ ਇਕ ਮਹੰਤ ਤੋਂ ਲੈਣ ਦਾ ਐਲਾਨ ਕੀਤਾ।
ਮੁੱਖ ਵਿਰੋਧੀ ਧਿਰ ਅਕਾਲੀ ਦਲ (ਦਿੱਲੀ) ਦਾ ਇਕ ਵੀ ਮੈਂਬਰ ਕਾਰਜਕਾਰਨੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਧੜੇ ਦੇ ਬਲਦੇਵ ਸਿੰਘ ਰਾਣੀਬਾਗ ਨੇ ਕਾਰਜਕਾਰਨੀ ਲਈ ਆਪਣਾ ਨਾਂ ਦਿੱਤਾ ਪਰ ਜਦੋਂ ਉਨ੍ਹਾਂ ਦੀ ਚੋਣ ਲਈ ਵੋਟਾਂ ਪਾਉਣ ਦਾ ਗੱਲ ਆਈ ਤਾਂ ਸ੍ਰੀ ਰਾਣੀਬਾਗ ਨੇ ਆਪਣਾ ਨਾਂ ਵਾਪਸ ਲੈ ਲਿਆ ਕਿਉਂਕਿ ਵੋਟਾਂ ਪੈਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਸਰਨਾ ਧੜੇ ਦੇ ਜਿੱਤੇ ਕੁੱਲ ਸੱਤ ਵਿੱਚੋਂ ਦੋ ਮੈਂਬਰ ਪਹਿਲਾਂ ਹੀ ਬਾਦਲ ਧੜੇ ਨਾਲ ਜਾ ਰਲੇ ਹਨ। ਇਸ ਕਰ ਕੇ ਇਕ ਆਜ਼ਾਦ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੂੰ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ।
ਗੁਰਦੁਆਰਿਆਂ ਦੇ ਨਾਂ ‘ਤੇ ਗਲਤ ਢੰਗ ਨਾਲ ਉਗਰਾਹੀ ਹੋਈ: ਜਥੇਦਾਰ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੇ ਨਾਂ ‘ਤੇ ਇਕ ਬੰਦੇ ਨੇ ਵਿਦੇਸ਼ਾਂ ਤੋਂ 33 ਲੱਖ ਰੁਪਏ ਦੀ ਉਗਰਾਹੀ ਕੀਤੀ ਪਰ ਇਕ ਧੇਲਾ ਨਹੀਂ ਖਰਚਿਆ। ਉਨ੍ਹਾਂ ਦੋਸ਼ ਲਾਇਆ ਕਿ ਇਕ ਬਾਬੇ ਨੇ ਗੁਰਦੁਆਰਾ ਆਰਤੀ ਸਾਹਿਬ ਦੇ ਨਾਂ ‘ਤੇ ਗਲਤ ਥਾਂ ਗੁਰਦੁਆਰਾ ਬਣਾ ਕੇ ਉਸ ਦੇ ਨਾਂ ‘ਤੇ ਉਗਰਾਹੀ ਕੀਤੀ। ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਸ ਵਿੱਚ ਰਲ ਕੇ ਇਨ੍ਹਾਂ ਗੁਰਦੁਆਰਿਆਂ ਨੂੰ ਸੰਭਾਲਣ ਦੀ ਵੀ ਜਥੇਦਾਰ ਨੇ ਹਦਾਇਤ ਦਿੱਤੀ।
ਰਾਮਗੜ੍ਹੀਆ ਭਾਈਚਾਰਾ ਖ਼ਫ਼ਾ :
ਕਮੇਟੀ ਵਿੱਚ ਰਾਮਗੜ੍ਹੀਆ ਭਾਈਚਾਰੇ ਨੂੰ ਬਹੁਤਾ ਸਨਮਾਨ ਨਾ ਦੇਣ ਦੀ ਰਾਮਗੜ੍ਹੀਆ ਬੋਰਡ ਨੇ ਨਿੰਦਾ ਕੀਤੀ ਹੈ। ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ 25 ਫੀਸਦੀ ਆਬਾਦੀ ਦੇ ਬਾਵਜੂਦ ਬਰਾਦਰੀ ਨੂੰ ਮੁੱਖ ਅਹੁਦਿਆਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਕਾਰਜਕਾਰਨੀ ਵਿੱਚ ਵੀ ਰਾਮਗੜ੍ਹੀਆ ਭਾਈਚਾਰੇ ਦੀ ਜਾਣ-ਬੁੱਝ ਕੇ ਅਣਦੇਖੀ ਕੀਤੀ ਗਈ।