ਸਿੱਖ ਵਿਦਿਆਰਥੀ ਜੇ.ਜੇ. ਕਪੂਰ ਨੇ ਕੌਮੀ ਭਾਸ਼ਣ ਮੁਕਾਬਲਾ ਜਿੱਤਿਆ

ਸਿੱਖ ਵਿਦਿਆਰਥੀ ਜੇ.ਜੇ. ਕਪੂਰ ਨੇ ਕੌਮੀ ਭਾਸ਼ਣ ਮੁਕਾਬਲਾ ਜਿੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਸਿੱਖ-ਅਮੈਰਿਕਨ ਵਿਦਿਆਰਥੀ ਨੇ ਇਸ ਸਾਲ ਦਾ ਕੌਮੀ ਭਾਸ਼ਣ ਤੇ ਬਹਿਸ ਮੁਕਾਬਲਾ ਜਿੱਤ ਲਿਆ ਹੈ। ਇਸ ਮੁਕਾਬਲੇ ਨੂੰ ਦੇਸ਼ ਵਿੱਚ ਹਾਈ ਸਕੂਲਾਂ ਦਾ ਸਭ ਤੋਂ ਅਹਿਮ ਮੁਕਾਬਲਾ ਮੰਨਿਆ ਜਾਂਦਾ ਹੈ। ਸਿੱਖ ਵਿਦਿਆਰਥੀ ਜੇਜੇ ਕਪੂਰ ਨੇ ਇਕ ਸਮਾਜਿਕ ਮੁੱਦੇ ਉਤੇ ‘ਲੈਟ’ਸ ਡਾਂਸ’ ਸਿਰਲੇਖ ਵਾਲੀ ਪ੍ਰੇਰਣਾਦਾਇਕ ਤਕਰੀਰ ਖ਼ੁਦ ਲਿਖੀ ਸੀ।
ਵੈਸਟ ਡੇਜ਼ ਮੋਇਨੀਜ਼ ਕਮਿਊਨਿਟੀ ਸਕੂਲਜ਼ ਦੀ ਰਿਪੋਰਟ ਮੁਤਾਬਕ ਉਸ ਨੇ ਭਾਸ਼ਣ, ਜਿਸ ਨੇ ਮੌਲਿਕ ਤਕਰੀਰ ਸ਼੍ਰੇਣੀ ਵਿੱਚ ਮੁਕਾਬਲਾ ਜਿੱਤਿਆ, ਦੀ ਸ਼ੁਰੂਆਤ ਬਾਲੀਵੁੱਡ ਡਾਂਸ ਨਾਲ ਕੀਤੀ ਅਤੇ ਉਸ ਨੇ ਤਕਰੀਰ ਇਕ ਸਿੱਖ ਅਮੈਰਿਕਨ ਨੌਜਵਾਨ ਵਜੋਂ ਆਪਣੇ ਤਜਰਬਿਆਂ ਨਾਲ ਰੰਗੀ ਹੋਈ ਸੀ। ਉਸ ਨੇ ਮੁਕਾਬਲੇ ਦੇ ਸੈਮੀ ਫਾਈਨਲ ਅਤੇ ਫਾਈਨਲ ਗੇੜਾਂ ਵਿੱਚ ਸਿਖ਼ਰਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਚੁੰਮੀ।
ਵੈਸਟ ਡੇਜ਼ ਮੋਇਨੀਜ਼, ਆਇਓਵਾ ਵਿੱਚ ਵੈਲੀ ਹਾਈ ਸਕੂਲ ਜੂਨੀਅਰ ਜੇਜੇ ਕਪੂਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ 9/11 ਅਤਿਵਾਦੀ ਹਮਲੇ ਬਾਅਦ ਸਿੱਖ ਤੇ ਮੁਸਲਿਮ ਪਛਾਣ ਬਾਰੇ ਬਣੀ ਧਾਰਨਾ ਨੂੰ ਉਭਾਰਿਆ। ਉਸ ਨੇ ਦੱਸਿਆ ਕਿ 11 ਸਤੰਬਰ, 2011 ਨੂੰ ਹੋਏ ਹਮਲੇ ਸਮੇਂ ਉਹ ਮਹਿਜ਼ ਦੋ ਸਾਲਾਂ ਦਾ ਸੀ। ਉਸ ਦਾ ਪਰਿਵਾਰ ਖ਼ਬਰਾਂ ਦੇਖ ਰਿਹਾ ਸੀ ਜਦੋਂ ਉਸ ਨੇ ਸੋਚਿਆ ਕਿ ਉਸ ਦੇ ਪਿਤਾ ਦੀ ਟੀਵੀ ਸਕਰੀਨ ‘ਤੇ ਤਸਵੀਰ ਆ ਰਹੀ ਹੈ ਅਤੇ ਉਸ ਨੇ ਇਹ ਆਪਣੇ ਪਰਿਵਾਰ ਨੂੰ ਦਿਖਾਈ। ਅਸਲ ਵਿੱਚ ਇਹ ਤਸਵੀਰ ਅਲ-ਕਾਇਦਾ ਦੇ ਸਾਬਕਾ ਆਗੂ ਓਸਾਮਾ ਬਿਨ ਲਾਦਿਨ ਦੀ ਸੀ। ਇਸ ਅੱਲ੍ਹੜ ਨੂੰ ਇਹ ਘਟਨਾ ਨਹੀਂ ਯਾਦ ਪਰ ਇਸ ਨਾਲ ਉਸ ਦੇ ਪਿਤਾ ਦੀ ਜ਼ਿੰਦਗੀ ਵਿੱਚ ਇਕ ਨਵਾਂ ਮੋੜ ਆਇਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਲੋਕ ਕੀ ਸਮਝਣਗੇ। ਇਸ ਵਿਸ਼ੇ ਵਿਚ ਉਸ ਦੀ ਰੁਚੀ ਉਦੋਂ ਹੋਰ ਤੀਬਰ ਹੋ ਗਈ ਜਦੋਂ ਇਕ ਰੇਸਤਰਾਂ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਿਹਾ, ‘ਓਸਾਮਾ, ਘਰ ਜਾਓ।’  ਉਸ ਨੇ ਕਿਹਾ, ‘ਮੈਂ ਅਮਰੀਕੀ ਹਾਂ। ਮੈਂ ਆਪਣੀ ਸਾਰੀ ਉਮਰ ਇਥੇ ਰਿਹਾ ਹਾਂ। ਇਹ ਮੇਰਾ ਘਰ ਹੈ। ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਨਾਤੇ ਮੈਂ ਭਾਸ਼ਣ ਤੇ ਬਹਿਸ ਰਾਹੀਂ ਸਿੱਖਾਂ ਦੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ। ਇਸ ਪਲੈਟਫਾਰਮ ਦੀ ਮੈਂ ਵਰਤੋਂ ਕੀਤੀ ਹੈ।’