ਗੁਸਲਖਾਨੇ ‘ਚ ਬਰਸਾਤੀ ਪਾ ਕੇ ਨਹਾਉਣ ਦੀ ਕਲਾ ਆਉਂਦੀ ਹੈ ਡਾ. ਮਨਮੋਹਨ ਸਿੰਘ ਨੂੰ : ਮੋਦੀ
New Delhi: Prime Minister Narendra Modi speaks in the Rajya Sabha in New Delhi on Wednesday. PTI Photo / TV GRAB (PTI2_8_2017_000273A)
ਕੈਪਸ਼ਨ—ਨਵੀਂ ਦਿੱਲੀ ਵਿਖੇ ਰਾਜ ਸਭਾ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ‘ਰੇਨਕੋਟ ਪਾ ਕੇ ਇਸ਼ਨਾਨ ਕਰਨ’ ਵਾਲੀ ਟਿੱਪਣੀ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਨੂੰ ਦੂਜਿਆਂ ਦੇ ਗੁਸਲਖਾਨਿਆਂ ਵਿਚ ਝਾਤੀਆਂ ਮਾਰਨੀਆਂ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਨੋਟਬੰਦੀ ਨੂੰ ਸੰਗਠਿਤ ਅਤੇ ਗ਼ੈਰਕਾਨੂੰਨੀ ਲੁੱਟ ਦੱਸੇ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਉਨ੍ਹਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈ ਕੇ ਵੱਧ ਸਖ਼ਤ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਨਾਰਾਜ਼ ਕਾਂਗਰਸ ਮੈਂਬਰਾਂ ਨੇ ਉਨ੍ਹਾਂ ਦੇ ਭਾਸ਼ਨ ਦਰਮਿਆਨ ਹੀ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਟਿੱਪਣੀਆਂ ਦਾ ਸ੍ਰੀ ਮੋਦੀ ਨੂੰ ਮੋੜਵਾਂ ਜਵਾਬ ਨਹੀਂ ਦੇਣਗੇ। ਉਂਜ ਸ੍ਰੀ ਮੋਦੀ ਨੇ ਕਿਹਾ ਕਿ ਕਾਲੇ ਧਨ ਖ਼ਿਲਾਫ਼ ਲੜਾਈ ਸਿਆਸੀ ਜਾਂ ਕਿਸੇ ਪਾਰਟੀ ਖ਼ਿਲਾਫ਼ ਨਹੀਂ ਹੈ। ਡਾ. ਮਨਮੋਹਨ ਸਿੰਘ ਦੇ ਨਾਲ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਗੁਸਲਖਾਨੇ ਵਿਚ ਬਰਸਾਤੀ ਪਾ ਕੇ ਨਹਾਉਣ ਦੀ ਕਲਾ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਨੂੰ ਹੀ ਆਉਂਦੀ ਹੈ ਕਿਉਂਕਿ ਸਾਰੇ ਘੁਟਾਲਿਆਂ ਦੇ ਬਾਵਜੂਦ ਉਨ੍ਹਾਂ ਉਪਰ ਕੋਈ ਧੱਬਾ ਨਹੀਂ ਲੱਗਿਆ ਹੈ।” ਅਜਿਹੀ ਟਿੱਪਣੀਆਂ ਤੋਂ ਖ਼ਫ਼ਾ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਦੀ ਬਹਿਸ ਦਾ ਪ੍ਰਧਾਨ ਮੰਤਰੀ ਵੱਲੋਂ ਜਵਾਬ ਦਿੱਤੇ ਜਾਣ ਸਮੇਂ ਸਦਨ ਵਿਚੋਂ ਹੀ ਵਾਕਆਊਟ ਕਰ ਦਿੱਤਾ। ਸਦਨ ਨੇ ਬਾਅਦ ਵਿਚ 651 ਸੋਧਾਂ ਨਾਲ ਭਾਸ਼ਨ ਨੂੰ ਪਾਸ ਕਰ ਦਿੱਤਾ। ਖੱਬੇ ਪੱਖੀ, ਤ੍ਰਿਣਮੂਲ ਕਾਂਗਰਸ ਅਤੇ ਜਨਤਾ ਦਲ (ਯੂ) ਦੇ ਮੈਂਬਰਾਂ ਨੇ ਵੀ ਮੋਦੀ ਦੇ ਭਾਸ਼ਨ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ ਇਕ ਘੰਟੇ ਦੇ ਭਾਸ਼ਨ ਦੌਰਾਨ ਸ੍ਰੀ ਮੋਦੀ ਨੇ ਆਪਣੇ ਸ਼ਬਦੀ ਹਮਲੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲ ਕੀਤੇ। ਜਿਵੇਂ ਹੀ ਕਾਂਗਰਸ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਅਤੇ ਸਦਨ ਛੱਡ ਕੇ ਜਾਣ ਲੱਗੇ ਤਾਂ ਗੁੱਸੇ ਵਿਚ ਆਏ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਰੌਲਾ ਪਾਉਂਦੇ ਹੋ ਤਾਂ ਜਵਾਬ ਸੁਣਨ ਦਾ ਹੌਸਲਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਚੇ ਅਹੁਦੇ ‘ਤੇ ਰਹੇ ਵਿਅਕਤੀ (ਮਨਮੋਹਨ ਸਿੰਘ) ਨੇ ਜਦੋਂ ਸਦਨ ਵਿਚ ਲੁੱਟ ਅਤੇ ਹੋਰ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਤਾਂ ਉਸ ਸਮੇਂ ਕਾਂਗਰਸ ਨੂੰ 50 ਵਾਰ ਸੋਚਣਾ ਚਾਹੀਦਾ ਸੀ।
ਰਾਹੁਲ ਨੇ ਕਿਹਾ, ‘ਮੋਦੀ ਜਨਮ ਪੱਤਰੀ ਪੜ੍ਹਨਾ, ਗੂਗਲ ‘ਤੇ ਸਰਚ ਮਾਰਨਾ ਅਤੇ ਲੋਕਾਂ ਦੇ ਗੁਸਲਖਾਨਿਆਂ ਵਿੱਚ ਝਾਕਣਾ ਪਸੰਦ ਕਰਦੇ ਹਨ ਪਰ ਉਹ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਵਿੱਚ ਨਾਕਾਮ ਰਹੇ ਹਨ। ਉਹ (ਮੋਦੀ) ਆਪਣੇ ਵਿਹਲੇ ਸਮੇਂ ਦੌਰਾਨ ਇਹ (ਗੁਸਲਖਾਨਿਆਂ ਵਿੱਚ ਝਾਤੀ ਮਾਰਨ) ਕੰਮ ਕਰ ਸਕਦੇ ਹਨ।’ ਸੰਸਦ ਵਿਚ ਡਾ. ਮਨਮੋਹਨ ਸਿੰਘ ਅਤੇ ਹਰਿਦੁਆਰ ਵਿਚ ਚੋਣ ਰੈਲੀ ਦੌਰਾਨ ਕਾਂਗਰਸ ਖ਼ਿਲਾਫ਼ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ, ‘ਮੈਂ ਕਾਂਗਰਸੀਆਂ ਨੂੰ ਕਹਿੰਦਾ ਹਾਂ, ਜ਼ੁਬਾਨ ਸੰਭਾਲ ਕੇ ਰੱਖੋ, ਨਹੀਂ ਤਾਂ ਮੇਰੇ ਕੋਲ ਤੁਹਾਡੀ ਪੂਰੀ ਜਨਮਪੱਤਰੀ ਪਈ ਹੈ।’ ਇਸ ‘ਤੇ ਰਾਹੁਲ ਨੇ ਸ੍ਰੀ ਮੋਦੀ ਨੂੰ ਵੰਗਾਰਦਿਆਂ ਕਿਹਾ, ‘ਤੁਸੀਂ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਧਾਨ ਮੰਤਰੀ ਹੋ। ਤੁਸੀਂ ਕਾਂਗਰਸ ਦੀ ਜਨਮਪੱਤਰੀ ਕੱਢ ਸਕਦੇ ਹੋ ਅਤੇ ਇਸ ਦਿਸ਼ਾ ਵਿਚ ਅੱਗੇ ਵਧੋ।’ ਪ੍ਰਧਾਨ ਮੰਤਰੀ ਵੱਲੋਂ ਰਾਹੁਲ ਨੂੰ ਗੂਗਲ ‘ਤੇ ‘ਸਭ ਤੋਂ ਵੱਧ ਮਜ਼ਾਕ ਦਾ ਪਾਤਰ ਵਿਅਕਤੀ’ ਦੱਸੇ ਜਾਣ ਉਤੇ ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ, ‘ਉਹ ਗੂਗਲ ‘ਤੇ ਸਰਚ ਕਰਨਾ ਪਸੰਦ ਕਰਦੇ ਹਨ ਪਰ ਉਹ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਵਿੱਚ ਨਾਕਾਮ ਰਹੇ ਹਨ। ਉਸ ਨੂੰ ਇਨ੍ਹਾਂ ਚੋਣਾਂ ਵਿੱਚ ਝਟਕਾ ਲੱਗੇਗਾ। ਅਸਲ ਵਿੱਚ ਮੋਦੀ ਦੀ ਨੀਤੀ ਧਿਆਨ ਭਟਕਾਉਣ ਵਾਲੀ ਹੈ। ਜਦੋਂ ਉਹ ਰੁਜ਼ਗਾਰ, ਸੁਰੱਖਿਆ, ਨੋਟਬੰਦੀ ਵਰਗੇ ਮੁੱਦਿਆਂ ਉਤੇ ਉੱਠਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਉਹ ਧਿਆਨ ਲਾਂਭੇ ਕਰਨ ਲਈ ਅਜਿਹੇ ਜੁਮਲੇ ਘੜਦੇ ਹਨ। ਹੁਣ ਤਾਂ ਸਾਰਾ ਮੁਲਕ ਇਸ ਬਾਰੇ ਜਾਣਦਾ ਹੈ।’
ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਹਰ ਸਾਲ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਪਿਛਲੇ ਸਾਲ ਕੇਵਲ ਇਕ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ। ਉਹ ਸੁਰੱਖਿਆ ਤੇ ਅਤਿਵਾਦ ਬਾਰੇ ਗੱਲਾਂ ਕਰਦੇ ਹਨ। ਸਰਜੀਕਲ ਹਮਲੇ ਦੇ ਸਿੱਟੇ ਵਜੋਂ ਸੁਰੱਖਿਆ ਬਲਾਂ ਦੇ 90 ਜਵਾਨਾਂ ਨੂੰ ਬਲੀਦਾਨ ਦੇਣਾ ਪਿਆ ਹੈ, ਜੋ ਪਿਛਲੇ ਸੱਤ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ।
Comments (0)