ਖਾਲਿਸਤਾਨ ਦੇ ”ਰਾਸ਼ਟਰਪਤੀ” ਵਜੋਂ ਜਾਣੇ ਜਾਂਦੇ ਡਾ. ਗੁਰਮੀਤ ਸਿੰਘ ਸਿੰਘ ਔਲਖ ਦੇ ਅਰਦਾਸ ਸਮਾਗਮ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸੰਪੰਨ

ਖਾਲਿਸਤਾਨ ਦੇ ”ਰਾਸ਼ਟਰਪਤੀ” ਵਜੋਂ ਜਾਣੇ ਜਾਂਦੇ ਡਾ. ਗੁਰਮੀਤ ਸਿੰਘ ਸਿੰਘ ਔਲਖ ਦੇ ਅਰਦਾਸ ਸਮਾਗਮ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸੰਪੰਨ

ਮਿਲਪੀਟਸ/ਬਿਊਰੋ ਨਿਊਜ਼:
ਕੌਂਸਲ ਆਫ ਖਾਲਿਸਤਾਨ ਦੇ  ”ਰਾਸ਼ਟਰਪਤੀ” ਵਜੋਂ ਜਾਣੇ ਜਾਂਦੇ ਡਾ. ਗੁਰਮੀਤ ਸਿੰਘ ਸਿੰਘ ਔਲਖ ਦੇ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਕਰਵਾਏ ਗਏ ਜਿਸ ਵਿੱਚ ਅਮਰੀਕਾ ਵਿਖੇ ਰਹਿ ਰਹੇ ਵੱਖ-ਵੱਖ ਸਿੱਖ ਵਿਦਵਾਨਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਡਾ. ਗੁਰਮੀਤ ਸਿੰਘ ਸਿੰਘ ਔਲਖ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਜ਼ੇਰੇ ਇਲਾਜ਼ ਸਨ, ਉਨ੍ਹਾਂ ਦਾ 21 ਜੂਨ 2017 ਨੂੰ ਅਮਰੀਕਾ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਥ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸਮਾਗਮਾਂ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਗੁਰਬਾਣੀ ਪ੍ਰਵਾਹ ਨਾਲ ਸ਼ੁਰੂ ਹੋਈ ਤੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਿਸ਼ੇਸ਼ ਸਮਾਗਮ ਵਿੱਚ ਸ਼ਾਮਿਲ ਹੋਏ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਡਾ. ਹਰਿੰਦਰ ਸਿੰਘ, ਟਰਲਕ ਗੁਰੂ ਘਰ ਤੋਂ ਸ. ਸੰਦੀਪ ਸਿੰਘ ਜੈਂਟੀ, ਪੰਜਾਬ ਤੋਂ ਆਏ ਹੋਏ  ਨਾਮਵਰ ਪੱਤਰਕਾਰ ਸੁਰਿੰਦਰ ਸਿੰਘ, ਨਜਾਇਜ਼ ਤੌਰ ਉੱਤੇ ਜੇਲ੍ਹਾਂ ਵਿਚ ਡੱਕੇ ਸਿੱਖਾਂ ਦੀ ਰਿਹਾਈ ਲਈ ਲੰਮੀ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਦੇ ਫਰਜੰਦ ਭਾਈ ਰਵਿੰਦਰ ਸਿੰਘ ਗੋਗੀ, ਗੁਰਦੁਆਰਾ ਐਲਸੋਬਰਾਂਟੇ ਦੇ ਸਾਬਕਾ ਸਕੱਤਰ ਭਾਈ ਸੁਰਿੰਦਰਜੀਤ ਸਿੰਘ ਬਾਜਵਾ ਅਤੇ ਖਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰਾਂ ਵੱਲੋ ਬਲਵਿੰਦਰਪਾਲ ਸਿੰਘ ਖਾਲਸਾ ਮੁਖ ਤੌਰ ‘ਤੇ ਹਾਜ਼ਰ ਸਨ।
ਪਹੁੰਚੇ ਸਾਰੇ ਬੁਲਾਰਿਆਂ ਨੇ ਜਿੱਥੇ ਡਾ. ਗੁਰਮੀਤ ਸਿੰਘ ਔਲਖ ਵਲੋਂ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਵਿਚ ਪਾਏ ਗਏ ਯੋਗਦਾਨ ਦੀ ਜਿਥੇ ਸ਼ਲਾਘਾ ਕੀਤੀ, ਉਥੇ ਸਮੁੱਚੇ ਪੰਥ ਨੂੰ ਇਕ ਆਜ਼ਾਦ ਰਾਸ਼ਟਰ ਦੀ ਪ੍ਰਾਪਤੀ ਤੱਕ ਇੱਕ ਹੋ ਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦਿਆਂ ਡਾ. ਔਲਖ ਦੀ ਮਿਹਨਤ ਅਤੇ ਸਿਰੜ ਕੋਲੋਂ ਪ੍ਰੇਰਣਾ ਲੈਣ ਦੀ ਬੇਨਤੀ ਵੀ ਕੀਤੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਮਰਹੂਮ ਡਾ: ਔਲਖ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿਸ਼ੇਸ਼ ਅਰਦਾਸ ਸਮਾਗਮ ਉਤੇ ਪਹੁੰਚੀਆਂ ਸੰਗਤਾਂ ਤੇ ਸਾਰੇ ਬੁਲਾਰਿਆਂ ਦੇ ਆਉਣ ਅਤੇ ਕੀਮਤੀ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਧੰਨਵਾਦ ਕੀਤਾ। ਗੁਰਦੁਆਰੇ ਦੇ ਸੇਵਾਦਾਰ ਭਾਈ ਜਸਵੰਤ ਸਿੰਘ ਵਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ।
ਸਮੂਹ ਬੁਲਾਰਿਆਂ ਤੇ ਪ੍ਰਬੰਧਕਾਂ ਵਲੋਂ ਪੇਸ਼ੇਵਰ ਖੋਜੀ ਪੱਤਰਕਾਰ ਸੁਰਿੰਦਰ ਸਿੰਘ ਨੂੰ ਸਨਮਾਨਤ ਕੀਤਾ ਗਿਆ ਅਤੇ ਮੁੱਖ ਗਰੰਥੀ ਭਾਈ ਸਾਹਿਬ ਵਲੋਂ ਡਾ. ਗੁਰਮੀਤ ਸਿੰਘ ਔਲਖ ਦੀ ਯਾਦ ਨੂੰ ਸਮਰਪਤ ਅਰਦਾਸ ਕੀਤੀ ਗਈ।