ਦੰਗਲ ਫਿਲਮ ਦੀ ਅਦਾਕਾਰਾ ਜ਼ਾਇਰਾ ਵਸੀਮ ਨੇ ਧਰਮ ਨੂੰ ਚੁਣਦਿਆਂ ਫਿਲਮੀ ਕੈਰੀਅਰ ਨੂੰ ਕੀਤੀ ਨਾਂਹ
ਸ਼੍ਰੀਨਗਰ: ਦੰਗਲ ਫਿਲਮ ਵਿੱਚ ਆਪਣੀ ਅਦਾਕਾਰੀ ਨਾਲ ਸਿਨੇਮਾ ਸਕਰੀਨ 'ਤੇ ਆਪਣੀ ਧਾਕ ਜਮਾਉਣ ਵਾਲੀ ਕਸ਼ਮੀਰ ਦੀ ਮੁਟਿਆਰ ਜ਼ਾਇਰਾ ਵਸੀਮ ਨੇ ਫਿਲਮੀ ਦੁਨੀਆ ਨੂੰ ਇੱਕੋ ਦਮ ਅਲਵਿਦਾ ਕਹਿ ਕੇ ਸਾਰੀ ਦੁਨੀਆਂ ਨੂੰ ਹੈਰਾਨ ਕੀਤਾ ਹੈ। ਜ਼ਾਇਰਾ ਦੀ ਇਹ ਵਿਦਾਇਗੀ ਇਸ ਲਈ ਵੀ ਖਾਸ ਹੋ ਜਾਂਦੀ ਹੈ ਕਿਉਂਕਿ ਉਸਨੇ ਅੱਜ ਦੇ ਇਸ ਚਮਕ ਦਮਕ ਭਰੇ ਮਾਹੌਲ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਦਿਆਂ ਮਾਨਸਿਕ ਸਕੂਨ ਦੇ ਅਜ਼ਾਦ ਅੰਬਰਾਂ ਦੀ ਧਾਰਮਿਕ ਉਡਾਰੀ ਨੂੰ ਚੁਣਿਆ ਹੈ।
ਜ਼ਾਇਰਾ ਵਸੀਮ ਨੇ ਕਿਹਾ ਕਿ ਉਸਦਾ ਫਿਲਮੀ ਜਗਤ ਨਾਲ ਸਬੰਧੀ ਉਸਨੂੰ ਉਸਦੇ ਧਰਮ ਤੋਂ ਦੂਰ ਕਰ ਰਿਹਾ ਸੀ, ਇਸ ਲਈ ਉਸਨੇ ਫਿਲਮੀ ਜਗਤ ਨੂੰ ਛੱਡਣ ਦਾ ਫੈਂਸਲਾ ਕੀਤਾ ਹੈ। ਉਸਨੇ ਕਿਹਾ ਕਿ ਉਸਦਾ ਇਹ ਕੰਮ ਉਸਦੇ ਧਰਮ ਵਿੱਚ ਦਖਲ ਦੇ ਰਿਹਾ ਸੀ।
ਜ਼ਾਇਰਾ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ, "ਭਾਵੇਂਕਿ ਮੈਂ ਇੱਥੇ ਪੂਰੀ ਤਰ੍ਹਾਂ ਸਥਾਪਿਤ ਹੋ ਜਾਂਦੀ, ਪਰ ਮੈਂ ਇਸ ਜਗ੍ਹਾ ਨਾਲ ਸਬੰਧਿਤ ਨਹੀਂ ਹਾਂ।"
ਉਹਨਾਂ ਲਿਖਿਆ, "ਪੰਜਾ ਸਾਲ ਪਹਿਲਾਂ ਮੈਂ ਇੱਕ ਫੈਂਸਲਾ ਕੀਤਾ ਜਿਸ ਨੇ ਮੇਰੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਜਿਵੇਂ ਹੀ ਮੈਂ ਬਾਲੀਵੁੱਡ ਵਿੱਚ ਪੈਰ ਧਰਿਆ, ਮੇਰੇ ਲਈ ਅਸੀਮ ਮਸ਼ਹੂਰੀ ਦੇ ਦਰਵਾਜੇ ਖੁੱਲ੍ਹ ਗਏ। ਮੈਂ ਲੋਕਾਂ ਦੇ ਧਿਆਨ ਦੀ ਮੁੱਖ ਦਾਅਵੇਦਾਰ ਬਣਨ ਲੱਗੀ, ਮੈਨੂੰ ਕਾਮਯਾਬੀ ਦੇ ਚਿੰਨ੍ਹ ਵਜੋਂ ਪੇਸ਼ ਕੀਤਾ ਜਾਣ ਲੱਗਾ ਤੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਵਜੋਂ ਚਿੰਨਤ ਹੋਣ ਲੱਗੀ। ਹਲਾਂਕਿ, ਇਹ ਉਹ ਕੁੱਝ ਨਹੀਂ ਸੀ ਜੋ ਮੈਂ ਕਰਨਾ ਚਾਹੁੰਦੀ ਸੀ ਜਾ ਬਣਨਾ ਚਾਹੁੰਦੀ ਸੀ, ਖਾਸ ਕਰਕੇ ਕਾਮਯਾਬ ਹੋਣ ਅਤੇ ਨਾਕਾਮ ਹੋਣ ਦੇ ਮੇਰੇ ਖਿਆਲਾਂ ਮੁਤਾਬਿਕ, ਜੋ ਮੈਂ ਹੁਣ ਖੋਜਣੇ ਅਤੇ ਸਮਝਣੇ ਸ਼ੁਰੂ ਕੀਤੇ ਹਨ।
ਉਹਨਾਂ ਲਿਖਿਆ ਕਿ ਆਪਣੇ ਸਿਰਜਣਹਾਰ (ਪ੍ਰਮਾਤਮਾ) ਬਾਰੇ ਜਾਣਨ ਨਾਲ ਹੀ ਦਿਲ ਨੂੰ ਸ਼ਾਂਤੀ ਮਿਲਦੀ ਹੈ। ਜ਼ਾਇਰਾ ਨੇ ਕਿਹਾ ਕਿ ਕੂਰਾਨ ਵਿੱਚ ਉਹਨਾਂ ਨੂੰ ਸ਼ਾਂਤੀ ਅਤੇ ਪੂਰਨਤਾ ਹਾਸਿਲ ਹੁੰਦੀ ਹੈ।
ਜ਼ਾਇਰਾ ਵਸੀਮ ਦੇ ਇਸ ਫੈਂਸਲੇ ਨੇ ਦੁਨੀਆ ਵਿੱਚ ਇੱਕ ਵਾਰ ਫੇਰ ਉਸ ਗੱਲ 'ਤੇ ਵਿਚਾਰ ਸ਼ੁਰੂ ਕਰਵਾਈ ਹੈ ਕਿ ਪਦਾਰਥਵਾਦੀ ਹੋਇਆ ਮਨੁੱਖ ਆਪਣੇ ਧੂਰੇ ਤੋਂ ਟੁੱਟ ਸ਼ੈਤਾਨ ਬਣਦਾ ਜਾ ਰਿਹਾ ਹੈ ਤੇ ਅਸੀਮ ਸ਼ਾਂਤੀ ਦੇ ਸਮੁੰਦਰਾਂ ਵਿੱਚ ਚੁੱਭੀ ਲਾਉਣ ਲਈ ਧਰਮ ਦਾ ਸਹਾਰਾ ਉਸ ਲਈ ਇੱਕ ਮਾਤਰ ਵਸੀਲਾ ਬਣ ਸਕਦਾ ਹੈ।
ਜ਼ਾਇਰਾ ਵਸੀਲ ਦੇ ਇਸ ਫੈਂਸਲੇ ਸਬੰਧੀ ਆਪਣੇ ਵਿਚਾਰ ਲਿਖਦਿਆਂ ਪੰਜਾਬ ਤੋਂ ਇੱਕ ਸਮਾਜ ਸੇਵੀ ਸ਼ਿਵਜੀਤ ਸਿੰਘ ਫਰੀਦਕੋਟ ਨੇ ਲਿਖਿਆ, "ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਦੌਲਤ, ਸ਼ੌਹਰਤ, ਨਾਮ, ਇੱਜਤ ਅਸਲ ‘ਚ ਕੁਝ ਵੀ ਨਹੀਂ ਅਤੇ ਇਹ ਜਿੰਨਾ ਜ਼ਿਆਦਾ ਹੋਵੇਗਾ ਮਨੁੱਖ ਆਪਣੇ ਆਪ ਤੋਂ, ਆਪਣੀਆਂ ਕਦਰਾਂ ਕੀਮਤਾਂ ਤੋਂ ਟੁੱਟ ਜਾਂਦਾ ਹੈ, ਤਾਂ ਇਹ ਰੂਹਾਨੀ ਬਖ਼ਸ਼ਿਸ਼ ਤੋਂ ਘੱਟ ਨਹੀਂ ਹੁੰਦਾ।
ਪਰ ਹਰੇਕ ਨੂੰ ਜ਼ਾਰੀਆ ਵਸੀਮ ਵਾਂਗ ਇਹ ਗੱਲ ਸਮਝ ਆ ਜਾਵੇ, ਇਹ ਜ਼ਰੂਰੀ ਨਹੀਂ, ਅਕਸਰ ਉਮਰਾਂ ਬੀਤ ਜਾਂਦੀਆਂ ਨੇ ਇਹ ਸਮਝਣ ਲਈ ਅਤੇ ਕਈ ਵਾਰ ਸਮਝ ਆਉਂਦੀ ਵੀ ਨਹੀਂ ਅਤੇ ਸਮਾਂ ਲੰਘ ਜਾਂਦਾ ਹੈ।
ਮਸ਼ਹੂਰ ਫਿਲਮ ਦੰਗਲ਼ ਤੋਂ ਆਪਣਾ ਸਫਰ ਸ਼ੁਰੂ ਕਰਕੇ ਪੰਜ ਸਾਲਾਂ ਵਿੱਚ ਬੁਲੰਦੀ ਦੀ ਸ਼ਿਖਰ ‘ਤੇ ਪਹੁੰਚੀ ਜ਼ਾਰੀਆ ਨੇ ਅੱਜ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤੀ ਹੈ ਅਤੇ ਅਲਵਿਦਾ ਦਾ ਕਾਰਨ ਉਸਨੇ ਪੰਜਾਂ ਸਾਲਾਂ ਵਿੱਚ ਫ਼ਿਲਮੀ ਕਰੀਅਰ ਕਰਕੇ ਆਪਣੇ ਇਮਾਨ ਅਤੇ ਧਰਮ ਤੋਂ ਦੂਰ ਹੋ ਜਾਣਾ ਦੱਸਿਆ ਹੈ।
ਅਜੋਕੇ ਸਮੇਂ ਜਦੋਂ ਮਨੁੱਖ ਪਰਛਾਵਿਆਂ ਦਾ ਗੁਲਾਮ ਹੋ ਚੁੱਕਾ ਹੈ ਅਤੇ ਚਕਾਚੌਂਧ ਦਾ ਬੋਲਬਾਲਾ ਹੈ ਤਾਂ ਇੱਕ ਨੌਜਵਾਨ ਬੱਚੀ ਦਾ ਅਜਿਹਾ ਫੈਸਲਾ ਵਾਕਿਆ ਹੀ ਹੈਰਾਨਕੁੰਨ ਹੀ ਨਹੀਂ, ਦਲੇਰੀ ਭਰਿਆ ਕਹਿ ਸਕਦੇ ਹਾਂ।"
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)