ਮੈਡੀਕਲ ਸਟੋਰਾਂ 'ਤੇ ਵਿਕਦੀਆਂ ਨਸ਼ੀਲੀਆਂ ਦਵਾਈਆਂ ਦੀ ਸੂਚਨਾ ਦੇਣ ਲਈ ਸਰਕਾਰ ਨੇ ਜਾਰੀ ਕੀਤਾ ਫੋਨ ਨੰਬਰ

ਮੈਡੀਕਲ ਸਟੋਰਾਂ 'ਤੇ ਵਿਕਦੀਆਂ ਨਸ਼ੀਲੀਆਂ ਦਵਾਈਆਂ ਦੀ ਸੂਚਨਾ ਦੇਣ ਲਈ ਸਰਕਾਰ ਨੇ ਜਾਰੀ ਕੀਤਾ ਫੋਨ ਨੰਬਰ

ਚੰਡੀਗੜ: ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ-ਪੱਧਰੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦਿੰਦਿਆਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰੇਟ ਵੱਲੋਂ ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਦੀ ਸੂਚਨਾ ਦੇਣ ਲਈ ਟੈਲੀਫੋਨ ਨੰਬਰ ਅਤੇ ਈ-ਮੇਲ ਐਡਰੈੱਸ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸ. ਕੇ.ਐਸ. ਪੰਨੂੰ, ਸੀ.ਐਫ.ਡੀ.ਏ. ਪੰਜਾਬ ਨੇ ਦਿੱਤੀ। 

ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪੰਨੂੰ ਨੇ ਦੱਸਿਆ ਕਿ ਕੈਮਿਸਟਾਂ ਦੁਆਰਾ ਪਾਬੰਦੀਸ਼ੁਦਾ/ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਸੂਚਨਾ ਦੇਣ ਲਈ ਮੋਬਾਇਲ ਟੈਲੀਫੋਨ ਨੰਬਰ 098152-06006 ਅਤੇ ਈ-ਮੇਲ ਆਈ.ਡੀ: punjabdrugscontrolorg0gmail.com ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਹਿਚਾਣ ਨੂੰ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ। 

ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਹਿੱਸਾ ਲੈਣ ਦੀ ਬੇਨਤੀ ਕਰਦਿਆਂ, ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੋਕਾਂ ਨੂੰ ਦਵਾਈਆਂ ਵੇਚਣ ਵਾਲੇ ਤਕਰੀਬਨ 16,000 ਮੈਡੀਕਲ ਸਟੋਰ ਹਨ। ਇਨਾਂ ਮੈਡੀਕਲ ਸਟੋਰਾਂ ਵਿੱਚੋਂ ਜ਼ਿਆਦਾਤਰ ਕਮਿਸ਼ਨਰੇਟ ਆਫ਼ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੁਆਰਾ ਨਿਰਧਾਰਿਤ ਨਿਯਮਾਂ ਅਨੁਸਾਰ ਕਾਨੂੰਨੀ ਤੌਰ 'ਤੇ ਪ੍ਰਮਾਣਿਤ ਦਵਾਈਆਂ ਦੀ ਵਿਕਰੀ ਕਰਦੇ ਹਨ। ਆਦੀ ਬਣਾਉਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ 'ਤੇ ਰੋਕ ਲਈ ਕਮਿਸ਼ਨਰੇਟ ਦੀਆਂ ਟੀਮਾਂ ਵੱਲੋਂ ਨਿਯਮਿਤ ਤੌਰ 'ਤੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਜਾਂਦੀ ਹੈ। ਪਰ ਇਸ ਧੰਦੇ ਵਿਚਲੀਆਂ ਕੁਝ ਕਾਲੀਆਂ ਭੇਡਾਂ ਸਿਸਟਮ ਦੇ ਅੱਖੀਂ ਮਿੱਟੀ ਪਾ ਕੇ ਕੇ ਮੈਡੀਕਲ ਸਟੋਰਾਂ ਦੀ ਆੜ ਵਿੱਚ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਦੀਆਂ ਹਨ। ਇਸ ਲਈ ਮੈਡੀਕਲ ਸਟੋਰਾਂ 'ਚੋਂ ਆਦੀ ਬਣਾਉਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਵਰਤਾਰੇ ਨੂੰ ਖ਼ਤਮ ਕਰਨ ਲਈ ਲੋਕਾਂ ਦੀ ਸਹਾਇਤਾ ਬਹੁਤ ਜ਼ਰੂਰੀ ਹੈ। 

ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਜੇ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰਦਿਆਂ ਇਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਦਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਇਸਦੀ ਸੂਚਨਾ ਸ਼ਿਕਾਇਤ ਲਈ ਨਵੇਂ ਸਥਾਪਿਤ ਕੀਤੇ ਗਏ ਨੰਬਰ 'ਤੇ ਦੇਣ ਜਾਂ ਈ-ਮੇਲ ਆਈ.ਡੀ.'ਤੇ ਸੂਚਿਤ ਕਰਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ