ਆਪਣੇ  ਲੋਕਾਂ ਨੂੰ ਸਿਆਲਾਂ ਦੀ ਠੰਡ ਤੋਂ  ਬਚਾਅ ਲਈ ਅਸਮਰਥ ਯੂਰਪੀ ਮੁਲਕ

ਆਪਣੇ  ਲੋਕਾਂ ਨੂੰ ਸਿਆਲਾਂ ਦੀ ਠੰਡ ਤੋਂ  ਬਚਾਅ ਲਈ ਅਸਮਰਥ ਯੂਰਪੀ ਮੁਲਕ

ਊਰਜਾ ਕੀਮਤਾਂ ਦੀ ਮਹਿੰਗਾਈ ਲਵੇਗੀ ਲੱਖਾਂ ਲੋਕਾਂ ਦੀ ਜਾਨ!

ਸਰਮਾਏਦਾਰੀ-ਸਾਮਰਾਜ ਦਾ ਸੰਕਟ ਦੁਨੀਆਂ ਭਰ ਦੇ ਕਿਰਤੀ ਲੋਕਾਂ ਉੱਤੇ ਇਸ ਕਦਰ ਭਾਰੀ ਪੈ ਰਿਹਾ ਹੈ ਕਿ ਹੁਣ ਕਾਰਪੋਰੇਟ ਅਦਾਰਿਆਂ ਲਈ ਵੀ ਇਸ ਤੱਥ ਤੋਂ ਮੁਨਕਰ ਹੋਣਾ ਔਖਾ ਹੋ ਰਿਹਾ ਹੈ। ਵੱਕਾਰੀ ਮੈਗਜ਼ੀਨ 'ਦ ਇਕਾਨੋਮਿਸਟ' ਦੀ ਨਵੀਂ ਰਿਪੋਰਟ ਮੁਤਾਬਕ ਯੂਰਪ ਵਿੱਚ ਬਿਜਲੀ ਦੀਆਂ ਵਧੀਆਂ ਕੀਮਤਾਂ ਕਾਰਨ ਲੱਖਾਂ ਲੋਕ ਆਪਣੇ ਕਮਰਿਆਂ ਨੂੰ ਨਿੱਘੇ ਰੱਖਣ ਤੋਂ ਵੀ ਅਸਮਰੱਥ ਰਹਿਣਗੇ ਤੇ ਆਮ ਸਿਆਲ ਦੀ ਸੂਰਤ ਵਿੱਚ ਵੀ ਯੂਰਪ ਵਿੱਚ 1.47 ਲੱਖ ਲੋਕਾਂ ਦੇ ਪਾਲ਼ੇ ਕਾਰਨ ਮਾਰੇ ਜਾਣ ਦਾ ਖਦਸ਼ਾ ਹੈ। ਘੱਟ ਠੰਡ ਦੀ ਹਾਲਤ ਵਿੱਚ 79,000 ਤੋਂ ਲੈ ਕੇ ਜ਼ੋਰਾਂ ਦੀ ਠੰਡ ਵਿੱਚ ਮੌਤਾਂ ਦੀ ਗਿਣਤੀ 1,85,000 ਤੋਂ ਟੱਪ ਸਕਦੀ ਹੈ। ਮੌਤਾਂ ਦੀ ਇਹ ਗਿਣਤੀ ਯੂਕਰੇਨ ਜੰਗ ਵਿੱਚ ਕੁੱਲ ਮੌਤਾਂ ਤੋਂ ਕਿਤੇ ਵੱਧ ਹੈ।

ਜ਼ਿਕਰਯੋਗ ਹੈ ਕਿ ਸਰਮਾਏਦਾਰਾਂ ਨੀਤੀਆਂ ਤੇ ਰੂਸ ਉੱਤੇ ਲਾਈਆਂ ਬੰਦਸ਼ਾਂ ਕਾਰਨ ਯੂਰਪ ਵਿੱਚ ਊਰਜਾ ਦਾ ਭਿਅੰਕਰ ਸੰਕਟ ਪੈਦਾ ਹੋ ਗਿਆ ਹੈ। ਜੰਗ ਤੋਂ ਪਹਿਲਾਂ ਰੂਸ ਯੂਰਪੀ ਯੂਨੀਅਨ ਦੀਆਂ 40-50% ਊਰਜਾ ਲੋੜਾਂ ਦੀ ਪੂਰਤੀ ਕਰਦਾ ਸੀ। ਹੁਣ ਰੂਸ ਉੱਤੇ ਪੱਛਮੀ ਸਾਮਰਾਜੀਆਂ ਦੀਆਂ ਬੰਦਸ਼ਾਂ ਨੇ ਯੂਰਪ ਵਿੱਚ ਊਰਜਾ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਕਰ ਦਿੱਤਾ ਹੈ ਤੇ ਯੂਰਪੀਅਨ ਹਾਕਮ ਇਸਦਾ ਸਾਰਾ ਬੋਝ ਐਥੋਂ ਦੇ ਕਰੋੜਾਂ ਕਿਰਤੀਆਂ ਉੱਤੇ ਸੁੱਟ ਰਹੇ ਹਨ।