ਅਮਰੀਕਾ ਤੇ ਯੂਰਪ ਨੂੰ ਚੀਨ ਦੀ ਵੱਡੀ ਚੁਣੌਤੀ, ਰੂਸ ਪਹੁੰਚੇ ਚੀਨੀ ਰੱਖਿਆ ਮੰਤਰੀ, ਬੇਲਾਰੂਸ ਵੀ ਜਾਣਗੇ

ਅਮਰੀਕਾ ਤੇ ਯੂਰਪ ਨੂੰ ਚੀਨ ਦੀ ਵੱਡੀ ਚੁਣੌਤੀ, ਰੂਸ ਪਹੁੰਚੇ ਚੀਨੀ ਰੱਖਿਆ ਮੰਤਰੀ, ਬੇਲਾਰੂਸ ਵੀ ਜਾਣਗੇ

ਚੀਨੀ ਰੱਖਿਆ ਮੰਤਰੀ ਦਾ ਉੱਥੇ ਪਹੁੰਚਣਾ ਵੱਡੀ ਚੁਣੌਤੀ ਸਾਬਤ ਹੋ ਸਕਦਾ ਏ ਪੱਛਮੀ ਦੇਸਾਂ ਲਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬੀਜਿੰਗ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਚੀਨ ਨਾਲ ਸਬੰਧਾਂ ਨੂੰ ਨਵਾਂ ਮੋੜ ਦੇ ਦਿੱਤਾ ਹੈ। ਹੁਣ ਚੀਨ ਨੇ ਆਪਣੇ ਰੱਖਿਆ ਮੰਤਰੀ ਨੂੰ ਰੂਸ ਅਤੇ ਆਪਣੇ ਗੁਆਂਢੀ ਬੇਲਾਰੂਸ ਦੇ ਅਧਿਕਾਰਤ ਦੌਰੇ 'ਤੇ ਭੇਜਿਆ ਹੈ। ਰੱਖਿਆ ਮੰਤਰੀ ਲੀ ਸ਼ਾਂਗਫੂ ਦਾ ਦੌਰਾ ਇਹ ਦੱਸਣ ਲਈ ਕਾਫੀ ਹੈ ਕਿ ਚੀਨ ਇਨ੍ਹਾਂ ਹਾਲਾਤਾਂ ਵਿਚ ਰੂਸ ਅਤੇ ਬੇਲਾਰੂਸ ਦੇ ਨਾਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ ਯੂਕਰੇਨ ਯੁੱਧ ਦੇ ਵਿਚਾਲੇ ਰੂਸ ਅਤੇ ਬੇਲਾਰੂਸ ਨੂੰ ਅਲੱਗ-ਥਲੱਗ ਕਰਨ ਵਿੱਚ ਲੱਗੇ ਹੋਏ ਹਨ। ਅਜਿਹੇ ਵਿਚ ਚੀਨੀ ਰੱਖਿਆ ਮੰਤਰੀ ਲਈ ਉੱਥੇ ਪਹੁੰਚਣਾ ਪੱਛਮੀ ਦੇਸਾਂ ਲਈ ਵੱਡੀ ਚੁਣੌਤੀ ਹੈ। ਸ਼ਾਂਗਫੂ ਨੇ ਬੀਤੇ ਸੋਮਵਾਰ ਤੋਂ ਆਪਣਾ ਛੇ ਦਿਨਾ ਦੌਰਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਹ ਕਈ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹਨ।

ਚੀਨ ਦੇ ਰੱਖਿਆ ਮੰਤਰਾਲੇ ਨੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਦੌਰੇ ਦੀ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਆਨ ਨੇ ਕਿਹਾ ਕਿ ਲੀ ਛੇ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ ਮਾਸਕੋ ਵਿਚ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਵਿਚ ਸ਼ਿਰਕਤ ਕਰਨਗੇ। ਰੂਸ ਅਤੇ ਹੋਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਰੂਸ ਦੀ ਸਰਕਾਰੀ ਟੀਏਐਸਐਸ ਨਿਊਜ਼ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਕਾਨਫਰੰਸ ਵਿੱਚ ਕਈ ਮੁੱਦਿਆਂ ਨੂੰ ਸੰਬੋਧਨ ਕਰਨਗੇ। ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਕਰੀਬ 100 ਦੇਸ਼ਾਂ ਅਤੇ ਅੱਠ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਚੀਨ ਤੇ ਰੂਸ ਇਕਮੁੱਠ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਹੈ ਕਿ ਚੀਨੀ ਅਤੇ ਰੂਸੀ ਨੇਤਾਵਾਂ ਨੇ ਵੱਖ-ਵੱਖ ਤਰੀਕਿਆਂ ਨਾਲ ਕਈ ਮੁੱਦਿਆਂ 'ਤੇ ਰਣਨੀਤਕ ਸੰਚਾਰ ਕਾਇਮ ਰੱਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਪਸੀ ਹਿੱਤਾਂ ਦੇ ਮੁੱਦਿਆਂ ਸਮੇਤ ਕਈ ਮੁੱਦਿਆਂ 'ਤੇ ਦੁਵੱਲਾ ਸਹਿਯੋਗ ਅਤੇ ਸੰਪਰਕ ਬਣਾਈ ਰਖਿਆ ਹੈ। ਉਨ੍ਹਾਂ ਦੇ ਅਨੁਸਾਰ, ਦੋਵੇਂ ਦੇਸ਼ ਨਵੇਂ ਯੁੱਗ ਵਿੱਚ ਚੀਨ-ਰੂਸ ਵਿਆਪਕ ਰਣਨੀਤਕ ਸਹਿਯੋਗੀ ਭਾਈਵਾਲੀ ਨੂੰ ਅੱਗੇ ਵਧਾਉਣਗੇ । ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਦੋਹਾਂ ਦੇਸ਼ਾਂ ਦੀ ਦੋਸਤੀ ਕੋਈ ਸੀਮਾ ਨਹੀਂ ਹੈ।

ਚੀਨ ਨੇ ਦਿੱਤੀ ਵੱਡੀ ਚੁਣੌਤੀ

ਕਾਨਫਰੰਸ 'ਚ ਲੀ ਦੀ ਮੌਜੂਦਗੀ ਨੂੰ ਪੱਛਮੀ ਦੇਸ਼ਾਂ ਲਈ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਰੂਸ ਤੋਂ ਲੀ ਰੂਸ ਦੇ ਨੇੜੇ ਬੇਲਾਰੂਸ ਦਾ ਵੀ ਦੌਰਾ ਕਰਨਗੇ। ਪਿਛਲੇ ਸਾਲ ਯੂਕਰੇਨ ਯੁੱਧ ਦੌਰਾਨ, ਰੂਸ ਨੇ ਅੰਸ਼ਕ ਤੌਰ 'ਤੇ ਬੇਲਾਰੂਸ ਦੇ ਖੇਤਰ ਨੂੰ ਹਮਲਾ ਕਰਨ ਲਈ ਵਰਤਿਆ ਸੀ। ਚੀਨੀ ਪੱਖ ਤੋਂ ਦੱਸਿਆ ਗਿਆ ਹੈ ਕਿ ਲੀ ਬੇਲਾਰੂਸ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਕੁਝ ਫੌਜੀ ਟਿਕਾਣਿਆਂ ਦਾ ਵੀ ਦੌਰਾ ਕਰਨਗੇ।ਚੀਨ ਸੰਘਰਸ਼ ਵਿਚ ਨਿਰਪੱਖ ਰਹਿਣ ਦਾ ਦਾਅਵਾ ਕਰਦਾ ਹੈ। ਪਰ ਦੂਜੇ ਪਾਸੇ ਉਹ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ 'ਤੇ ਰੂਸ ਨੂੰ ਭੜਕਾਉਣ ਦਾ ਦੋਸ਼ ਲਾਉਂਦਾ ਰਿਹਾ ਹੈ। ਯੁੱਧ ਦੇ ਵਿਚਾਲੇ, ਇਸਨੇ ਰੂਸ ਨਾਲ ਮਜ਼ਬੂਤ ਆਰਥਿਕ, ਕੂਟਨੀਤਕ ਅਤੇ ਵਪਾਰਕ ਸਬੰਧ ਬਣਾਏ ਹੋਏ ਹਨ।