ਸੂਬੇ ਦੇ ਸਾਰੇ ਹਲਕਿਆਂ ਵਿਚ ਬਾਦਲ ਦਲ ਵਲੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਸ਼ੁਰੂ

ਸੂਬੇ ਦੇ ਸਾਰੇ ਹਲਕਿਆਂ ਵਿਚ ਬਾਦਲ ਦਲ ਵਲੋਂ  45 ਰੋਜ਼ਾ ਪੰਜਾਬ ਬਚਾਓ ਮੁਹਿੰਮ ਸ਼ੁਰੂ

30 ਸਤੰਬਰ ਤੋਂ ਬਾਦਲ ਦਲ ਪਟਿਆਲਾ, ਮਾਨਸਾ ਤੇ ਸ਼ਾਹਕੋਟ ਵਿਚ ਧਰਨੇ ਦੇਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਫ਼ੈਸਲਾ ਕੀਤਾ ਕਿ ਉਹ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਮੰਗਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ਵਿਚ ਧਰਨੇ ਦੇਵੇਗਾ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ ਤੇ ਪਾਰਟੀ ਵੱਲੋਂ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਭ੍ਰਿਸ਼ਟ ‘ਆਪ’ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਕੀਤਾ ਜਾ ਸਕੇ।

ਅਕਾਲੀ ਦਲ ਦੀ ਕੋਰ ਕਮੇਟੀ, ਜਿਸਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਕਿ ਮਨੀਪੁਰ ਤੇ ਨੂਹ ਵਿਚ ਪਾਰਟੀ ਵਫ਼ਦ ਭੇਜਿਆ ਜਾਵੇਗਾ ਤਾਂ ਜੋ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ ਤੇ ਨਸਲੀ ਹਿੰਸਾ ਦੇ ਪੀੜਤਾਂ ਵਾਸਤੇ ਇਨਸਾਫ਼ ਮੰਗਿਆ ਜਾ ਸਕੇ। ਇਸ ਪੰਜ ਮੈਂਬਰੀ ਵਫ਼ਦ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਸਰਨਾ ਤੇ ਡਾ. ਸੁਖਵਿੰਦਰ ਸਿੰਘ ਸੁੱਖੀ ਸ਼ਾਮਲ ਹੋਣਗੇ।

ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਕ ਬੀਡੀਪੀਓ ਨੂੰ ਤਰੱਕੀ ਦੇ ਕੇ ਉਸਦੀ ਬਦਲੀ ਕਰਵਾਉਣ ਤੇ ਉਸ ਨੂੰ ਪਠਾਨਕੋਟ ਦੇ ਏਡੀਸੀ ਦਾ ਚਾਰਜ ਦੁਆ ਕੇ 100 ਏਕੜ ਅਮੀਰ ਪੰਚਾਇਤੀ ਜ਼ਮੀਨ ਰੇਤ ਮਾਫੀਆ ਦੇ ਨਾਂ ਕਰਵਾਉਣ ਦੇ ਘੁਟਾਲੇ ’ਚ ਸ਼ਾਮਲ ਹੋਣ ਲਈ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ। 

ਉਹਨਾਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਹੜ੍ਹਾਂ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਤਬਾਹ ਹੋਈ ਹੈ, ਉਹਨਾਂ ਸਾਰਿਆਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਹੜ੍ਹਾਂ ਵਿਚ ਜਿਹਨਾਂ ਦੇ ਘਰ ਨੁਕਸਾਨੇ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹਨਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਉਹਨਾਂ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਫ਼ੈਸਲਾ ਲਿਆ ਗਿਆ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 30 ਸਤੰਬਰ ਤੋਂ 45 ਰੋਜ਼ਾ ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਆਪ ਸਰਕਾਰ ਤੇ ਇਸਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕੀਤਾ ਜਾ ਸਕੇ ਜੋ ਹਰ ਮੁਹਾਜ਼ ’ਤੇ ਫੇਲ੍ਹ ਸਾਬਤ ਹੋਏ ਹਨ।

ਕੋਰ ਕਮੇਟੀ ਨੇ ਇਹ ਵੀ ਫ਼ੈਸਲਾ ਲਿਆ ਕਿ ਪੰਚਾਇਤੀ ਚੋਣਾਂ ਨੂੰ ਛੱਡ ਕੇ ਅਕਾਲੀ ਦਲ ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਨਿਗਮਾਂ ਤੇ ਕਮੇਟੀ ਚੋਣਾਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਰਲ਼ ਕੇ ਲੜੇਗਾ।