ਵਿਸ਼ਵ ਸਿਨਮਾ ਵਿੱਚ ਲਘੂ ਫਿਲਮਾਂ ਦੀ  ਆਪਣੀ ਇੱਕ ਖ਼ਾਸ ਤੇ ਅਲੱਗ ਪਛਾਣ ਏ

ਵਿਸ਼ਵ ਸਿਨਮਾ ਵਿੱਚ ਲਘੂ ਫਿਲਮਾਂ ਦੀ  ਆਪਣੀ ਇੱਕ ਖ਼ਾਸ ਤੇ ਅਲੱਗ ਪਛਾਣ ਏ

ਫਿਲਮੀ ਸੰਸਾਰ

ਵਿਸ਼ਵ ਸਿਨਮਾ ਵਿੱਚ ਲਘੂ ਫਿਲਮਾਂ, ਫੀਚਰ ਫਿਲਮਾਂ ਦੀ ਤਰ੍ਹਾਂ ਹੀ ਆਪਣੀ ਇੱਕ ਖ਼ਾਸ ਅਤੇ ਅਲੱਗ ਪਛਾਣ ਰੱਖਦੀਆਂ ਹਨ। ਲਘੂ ਫਿਲਮਾਂ ਉਹ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਦੀ ਲੰਬਾਈ ਫੀਚਰ ਫਿਲਮਾਂ ਦੀ ਲੰਬਾਈ ਦੇ ਅੱਧ ਤੋਂ ਵੀ ਘੱਟ ਹੁੰਦੀ ਹੈ। ਸੁਹਜਾਤਮਕ ਤੌਰ ’ਤੇ ਲਘੂ ਫਿਲਮ ਅਤੇ ਫੀਚਰ ਫਿਲਮ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੁੰਦਾ। ਤਕਨੀਕੀ ਤੌਰ ’ਤੇ ਲਘੂ ਫਿਲਮ ਅਤੇ ਫੀਚਰ ਫਿਲਮ ਨੂੰ ਬਣਾਉਣ ਲਈ ਇੱਕੋ ਜਿਹੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਬਸ ਦੋਵਾਂ ਵਿਚਕਾਰ ਰਨ ਟਾਈਮ ਦਾ ਵੱਡਾ ਫਰਕ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਫਿਲਮ ਨਿਰਮਾਤਾ ਵੱਲੋਂ ਫੀਚਰ ਫਿਲਮ ਬਣਾਉਣ ਦੀ ਬਜਾਏ ਛੋਟੀਆਂ ਫਿਲਮਾਂ ਬਣਾਉਣ ਦਾ ਇੱਕ ਮੁੱਖ ਕਾਰਨ ਫਿਲਮ ਦਾ ਬਜਟ ਵੀ ਹੁੰਦਾ ਹੈ। ਫੀਚਰ ਫਿਲਮ ਬਣਾਉਣ ਵਿੱਚ ਪੈਸਾ ਤੇ ਸਮਾਂ ਜ਼ਿਆਦਾ ਲੱਗਦਾ ਹੈ, ਪਰ ਇਸ ਦੇ ਮੁਕਾਬਲੇ ਲਘੂ ਫਿਲਮ ਘੱਟ ਪੈਸਿਆਂ ਅਤੇ ਥੋੜ੍ਹੇ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਲਘੂ ਫਿਲਮਾਂ ਉਨ੍ਹਾਂ ਨਵੇ ਕਲਾਕਾਰਾਂ, ਨਿਰਦੇਸ਼ਕਾਂ ਲਈ ਵਧੀਆ ਪਲੈਟਫਾਰਮ ਮੁਹੱਈਆ ਕਰਵਾਉਂਦੀਆਂ ਹਨ ਜੋ ਆਪਣੇ ਅੰਦਰ ਛੁਪੀ ਪ੍ਰਤਿਭਾ ਦੀ ਪਛਾਣ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹੁੰਦੇ ਹਨ। ਅਜਿਹੇ ਨਿਰਦੇਸ਼ਕ ਅਤੇ ਅਦਾਕਾਰ ਜੋ ਕਮਰਸ਼ਲ ਸਿਨਮਾ ਨਾਲੋਂ ਸਾਰਥਿਕ ਸਿਨਮਾ ਵਿੱਚ ਵਧੇਰੇ ਰੁਚੀ ਰੱਖਦੇ ਹਨ ਅਤੇ ਨਾਲ ਹੀ ਸਿਨੇ ਜਗਤ ਵਿੱਚ ਆਮ ਨਾਲੋਂ ਕੁਝ ਵੱਖਰਾ ਕਰਨਾ ਲੋਚਦੇ ਹਨ, ਉਨ੍ਹਾਂ ਲਈ ਲਘੂ ਫਿਲਮਾਂ ਸਭ ਤੋਂ ਵਧੀਆ ਪਲੈਟਫਾਰਮ ਮੁਹੱਈਆ ਕਰਵਾਉਂਦੀਆਂ ਹਨ।

ਲਘੂ ਫਿਲਮਾਂ ਨੂੰ ਬਣਾਉਣ ਦਾ ਇੱਕ ਮਕਸਦ ਇਨ੍ਹਾਂ ਫਿਲਮਾਂ ਰਾਹੀਂ ਉਨ੍ਹਾਂ ਮਸਲਿਆਂ ਨੂੰ ਉਭਾਰਨਾ ਵੀ ਹੁੰਦਾ ਹੈ ਜਿਨ੍ਹਾਂ ਦਾ ਸਿੱਧਾ ਸਬੰਧ ਲੋਕਾਂ ਨਾਲ ਹੁੰਦਾ ਹੈ। ਇਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਲਗਾਏ ਜਾਂਦੇ ਫਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਕਰ ਕੇ ਪੂਰੀ ਦੁਨੀਆ ਦਾ ਧਿਆਨ ਆਮ ਲੋਕਾਂ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ਅਤੇ ਸਮੱਸਿਆਵਾਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਲਘੂ ਫਿਲਮਾਂ ਜ਼ਰੀਏ ਇਨ੍ਹਾਂ ਫਿਲਮਾਂ ਨਾਲ ਜੁੜੇ ਨਿਰਦੇਸ਼ਕਾਂ ਅਤੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਪਛਾਣ ਵੀ ਹਾਸਲ ਹੁੰਦੀ ਹੈ।

ਅਜੌਕੇ ਦੌਰ ਵਿੱਚ ਜਦੋਂ ਇੰਟਰਨੈੱਟ ਜ਼ਰੀਏ ਦਰਸ਼ਕਾਂ ਵਿੱਚ ਫਿਲਮਾਂ ਦੀ ਪਹੁੰਚ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ ਤਾਂ ਫੀਚਰ ਫਿਲਮਾਂ ਦੇ ਨਾਲ ਨਾਲ ਲਘੂ ਫਿਲਮਾਂ ਬਣਾਉਣ ਦੀ ਰਫ਼ਤਾਰ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਦੁਨੀਆ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਬਣਨ ਵਾਲੀਆਂ ਲਘੂ ਫਿਲਮਾਂ ਦੀ ਤਰ੍ਹਾਂ ਪੰਜਾਬੀ ਜ਼ੁਬਾਨ ਵਿੱਚ ਵੀ ਬਹੁਤ ਚੰਗੀਆਂ ਲਘੂ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪੰਜਾਬੀ ਸਿਨਮਾ ਵਿੱਚ ਇਨ੍ਹਾਂ ਦਾ ਆਪਣਾ ਵੱਖਰਾ ਮੁਕਾਮ ਹੈ। ਓ.ਟੀ.ਟੀ. ਪਲੈਟਫਾਰਮ ਦੇ ਆਉਣ ਨਾਲ ਪੰਜਾਬੀ ਲਘੂ ਫਿਲਮਾਂ ਦੇ ਦਰਸ਼ਕ ਵਰਗ ਵਿੱਚ ਅਥਾਹ ਵਾਧਾ ਹੋਇਆ ਹੈ ਜਿਸ ਕਰਕੇ ਹੁਣ ਇਨ੍ਹਾਂ ਨੂੰ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਵੀ ਆਰਥਿਕ ਲਾਭ ਮਿਲਣ ਦੀ ਆਸ ਬੱਝੀ ਹੈ। ਹੁਣ ਤਾਂ ਓ.ਟੀ.ਟੀ. ਪਲੈਟਫਾਰਮ ਅਤੇ ਯੂ-ਟਿਊਬ ’ਤੇ ਬਹੁਤ ਸਾਲ ਪਹਿਲਾਂ ਦੀਆਂ ਬਣੀਆਂ ਪੰਜਾਬੀ ਲਘੂ ਫਿਲਮਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਜੋਕੇ ਦੌਰ ਵਿੱਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਮਹਾਂਵੀਰ ਭੁੱਲਰ, ਹਰਦੀਪ ਗਿੱਲ, ਅਨੀਤਾ ਦੇਵਗਨ, ਰੁਪਿੰਦਰ ਰੂਪੀ, ਅਸ਼ੀਸ਼ ਦੁੱਗਲ, ਕੁਲ ਸਿੱਧੂ, ਧੀਰਜ ਕੁਮਾਰ, ਬਨਿੰਦਰ ਬੰਨੀ, ਦੀਪ ਮਨਦੀਪ ਅਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਦਿੱਗਜ ਹਸਤੀਆਂ ਵੀ ਲਘੂ ਫਿਲਮਾਂ ਵਿੱਚ ਕੰਮ ਕਰ ਕੇ ਖੁਸ਼ੀ ਮਹਿਸੂਸ ਕਰ ਰਹੀਆਂ ਹਨ।

ਜੇਕਰ ਪੰਜਾਬੀ ਸਿਨਮਾ ਵਿੱਚ ਲਘੂ ਫਿਲਮਾਂ ਦੇ ਯੋਗਦਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਪੰਜਾਬੀ ਸਿਨਮਾ ਨੂੰ ਵਿਸ਼ਵ ਸਿਨਮਾ ਦੀ ਦੁਨੀਆ ਵਿੱਚ ਕਾਫ਼ੀ ਚਰਚਿਤ ਕਰ ਦਿੱਤਾ ਹੈ। ਪੰਜਾਬੀ ਸਿਨਮਾ ਵਿੱਚ ਫੀਚਰ ਫਿਲਮਾਂ ਮਨੋਰੰਜਨ ਨੂੰ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ ਹਨ ਅਤੇ ਵਿਸ਼ੇ ਪੱਖੋਂ ਇਨ੍ਹਾਂ ਦਾ ਦਾਇਰਾ ਸੀਮਤ ਹੁੰਦਾ ਹੈ, ਪਰ ਪੰਜਾਬੀ ਲਘੂ ਫਿਲਮਾਂ ਵਿੱਚ ਵਿਸ਼ੇ ਪੱਖੋਂ ਵੰਨ ਸੁਵੰਨਤਾ ਵਧੇਰੇ ਹੈ ਅਤੇ ਇਸ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈ। ਅੱਜ ਪੰਜਾਬੀ ਲਘੂ ਫਿਲਮਾਂ ਵੱਡੇ ਮਸਲਿਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀਆਂ ਹਨ। ਇਹ ਪੰਜਾਬੀ ਮਾਨਸਿਕਤਾ ਦੀਆਂ ਗੁੰਝਲਾਂ ਨੂੰ ਬਾਖੂਬੀ ਪੇਸ਼ ਕਰਨ ਵਿੱਚ ਕਾਮਯਾਬ ਹੋਈਆਂ ਹਨ ਅਤੇ ਪੰਜਾਬੀ ਸਮਾਜ ਦੇ ਬਹੁਤ ਸਾਰੇ ਅਣਛੂਹੇ ਪਹਿਲੂਆਂ ਨੂੰ ਵੀ ਇਨ੍ਹਾਂ ਫਿਲਮਾਂ ਦੁਆਰਾ ਦਿਖਾਇਆ ਜਾ ਰਿਹਾ ਹੈ। ਵਿਸ਼ੇ ਪੱਖੋਂ ਲਘੂ ਫਿਲਮਾਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਟੁੱਟ ਭੱਜ, ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਨਸ਼ਾਖੋਰੀ, ਪੰਜਾਬ ਦੇ ਲੋਕਾਂ ਵੱਲੋਂ ਵੰਡ ਤੋਂ ਬਾਅਦ ਅਤੇ 1984 ਤੋਂ ਬਾਅਦ ਆਪਣੇ ਪਿੰਡੇ ’ਤੇ ਹੰਢਾਏ ਸੰਤਾਪ ਨੂੰ ਯਥਾਰਥਕ ਰੂਪ ਵਿੱਚ ਅਤੇ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਦੇ ਰਾਜਨੀਤਕ ਅਤੇ ਧਾਰਮਿਕ ਮਸਲਿਆਂ ਦੇ ਨਾਲ ਨਾਲ ਪੰਜਾਬੀ ਸਾਹਿਤ ਦੀਆਂ ਬਿਹਤਰੀਨ ਲਿਖਤਾਂ ਨੂੰ ਵੀ ਬਿਹਤਰੀਨ ਢੰਗ ਨਾਲ ਲਘੂ ਫਿਲਮਾਂ ਜ਼ਰੀਏ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਹੋਰ ਵਿਸ਼ਿਆਂ ’ਤੇ ਵੀ ਪੰਜਾਬੀ ਜ਼ੁਬਾਨ ਵਿੱਚ ਲਘੂ ਫਿਲਮਾਂ ਬਣ ਰਹੀਆਂ ਹਨ ਜਿਨ੍ਹਾਂ ਵਿੱਚ ਕਾਮੇਡੀ, ਸਾਇੰਸ ਫਿਕਸ਼ਨ, ਐਨੀਮੇਟਿਡ, ਡਾਕੂਮੈਂਟਰੀ ਅਤੇ ਹਾਰਰ ਵਿਸ਼ੇ ਪ੍ਰਮੁੱਖ ਹਨ।

ਵਿਸ਼ੇ ਪੱਖੋਂ, ਅਦਾਕਾਰੀ ਪੱਖੋਂ ਅਤੇ ਤਕਨੀਕੀ ਪੱਖੋਂ ਇਨ੍ਹਾਂ ਫਿਲਮਾਂ ਨੇ ਵਿਸ਼ਵ ਪੱਧਰ ਦੇ ਸਿਨਮਾ ਵਿੱਚ ਪੰਜਾਬੀ ਸਿਨਮਾ ਨੂੰ ਲਿਆ ਕੇ ਖੜ੍ਹਾ ਕੀਤਾ ਹੈ। ‘ਨੂਰਾਂ’, ‘ਕੰਬਦੀ ਡਿਊੜੀ’, ‘ਗਵਾਚੀ ਪੱਗ’, ‘ਸੁੱਤਾ ਨਾਗ’, ‘ਖ਼ੂਨ’, ‘ਧੁੰਦਲੀ ਸਵੇਰ’ ਵਰਗੀਆਂ ਫਿਲਮਾਂ ਨੇ ਇੱਕ ਨਵਾਂ ਦਰਸ਼ਕ ਵਰਗ ਪੰਜਾਬੀ ਸਿਨਮਾ ਵੱਲ ਮੋੜਿਆ ਹੈ। ਜੇਕਰ ਗੱਲ ਕੀਤੀ ਜਾਵੇ ਲਘੂ ਫਿਲਮ ‘ਨੂਰਾਂ’ ਦੀ ਤਾਂ ਪੰਜਾਬੀ ਸਿਨਮਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਫਿਲਮ ਨੇ ਕੌਮਾਂਤਰੀ ਫਿਲਮ ਫੈਸਟੀਵਲ ਆਫ ਇੰਡੀਆ -2013 ਵਿੱਚ ਦੁਨੀਆ ਦੀਆਂ 44 ਫਿਲਮਾਂ ਨੂੰ ਪਛਾੜ ਕੇ ਬਿਹਤਰੀਨ ਲਘੂ ਫਿਲਮ ਹੋਣ ਦਾ ਐਵਾਰਡ ਹਾਸਿਲ ਕਰ ਕੇ ਇਤਿਹਾਸ ਰਚ ਦਿੱਤਾ ਸੀ। ‘ਨੂਰਾਂ’ ਪਹਿਲੀ ਪੰਜਾਬੀ ਲਘੂ ਫਿਲਮ ਸੀ ਜਿਸ ਨੂੰ ਕਾਨ ਫਿਲਮ ਫੈਸਟੀਵਲ ਫਰਾਂਸ ਵਿੱਚ ਸ਼ਾਮਲ ਕੀਤਾ ਗਿਆ ਸੀ। ਦੁਨੀਆ ਦੇ ਵੱਖ ਵੱਖ ਮੁਲਕਾਂ ਆਸਟਰੇਲੀਆ, ਨਿਊਜ਼ੀਲੈਂਡ, ਦੁਬਈ, ਕੈਨੇਡਾ ਅਤੇ ਹਾਂਗਕਾਂਗ ਵਿਖੇ ਲੱਗਣ ਵਾਲੇ ਕੌਮਾਂਤਰੀ ਫਿਲਮ ਫੈਸਟੀਵਲਾਂ ਵਿੱਚ ਵੀ ‘ਨੂਰਾਂ’ ਨੂੰ ਬਹੁਤ ਸਲਾਹਿਆ ਗਿਆ ਸੀ। ਪੰਜਾਬੀ ਲੇਖਕ ਅਤੇ ਨਾਟਕਕਾਰ ਬਲਵੰਤ ਗਾਰਗੀ ਦੀ ਲਿਖੀ ਕਹਾਣੀ ‘ਰੱਬੋ ਮਰਾਸਣ’ ’ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਨਵਤੇਜ ਸੰਧੂ ਨੇ ਦਿੱਤਾ ਸੀ ਅਤੇ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਸਰਦਾਰ ਸੋਹੀ, ਕੁਲ ਸਿੱਧੂ, ਗੁਰਿੰਦਰ ਮਕਨਾ, ਜਸਵੰਤ ਜੱਸ ਅਤੇ ਗੁਰਵਿੰਦਰ ਭੱਟੀ ਨੇ। ਨਵਤੇਜ ਸੰਧੂ ਦੀ ਹੀ ਨਿਰਦੇਸ਼ਨਾ ਹੇਠ ਬਣੀ ਦੂਜੀ ਲਘੂ ਫਿਲਮ ‘ਕੰਬਦੀ ਡਿਊੜੀ’ ਨੇ ਵੀ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਸੀ ਅਤੇ ਇਸ ਫਿਲਮ ਨੂੰ ਵੀ ਕਾਨ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਨਵਤੇਜ ਸੰਧੂ ਦੀ ਹੀ ਇੱਕ ਹੋਰ ਲਘੂ ਫਿਲਮ ‘ਗਵਾਚੀ ਪੱਗ’ ਵੀ ਕਲਾ ਦਾ ਇੱਕ ਉੱਤਮ ਨਮੂਨਾ ਸੀ। ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਕਹਾਣੀ ’ਤੇ ਆਧਾਰਿਤ ਇਸ ਫਿਲਮ ਵਿੱਚ 1984 ਵਿੱਚ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ਦੀ ਗਵਾਚੀ ਪੱਗ ਨੂੰ ਲੱਭਦੇ ਇੱਕ ਪੰਦਰਾਂ ਸੋਲ੍ਹਾਂ ਸਾਲ ਦੇ ਸਿੱਖ ਨੌਜਵਾਨ ਮੰਗੇ ਦੀ ਮਨੋਦਸ਼ਾ ਨੂੰ ਬਿਆਨ ਕੀਤਾ ਗਿਆ ਹੈ। ਇਹ ਫਿਲਮ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਫਿਲਮ ਨੇ ਵੀ ਕੌਮਾਂਤਰੀ ਪੱਧਰ ’ਤੇ ਲੱਗਣ ਵਾਲੇ ਫਿਲਮ ਫੈਸਟੀਵਲਾਂ ਵਿੱਚ ਭਰਭੂਰ ਸ਼ਲਾਘਾ ਹਾਸਿਲ ਕੀਤੀ ਸੀ। ਤਖ਼ਤ ਹਜ਼ਾਰਾ ਫਿਲਮਜ਼ ਦੇ ਬੈਨਰ ਹੇਠ ਬਣੀ ਲਘੂ ਫਿਲਮ ‘ਸੁੱਤਾ ਨਾਗ’ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨਾ ਵਿੱਚ ਬਣੀ ਅਤੇ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ’ਤੇ ਆਧਾਰਿਤ ਇੱਕ ਅਜਿਹੀ ਫਿਲਮ ਹੈ ਜਿਸ ਵਿੱਚ ਮਾਲਵੇ ਦੇ ਪੇਂਡੂ ਰਹਿਣ ਸਹਿਣ ਦੀ ਖੂਬਸੂਰਤ ਅੱਕਾਸੀ ਕੀਤੀ ਗਈ ਹੈ। ਕਿਰਦਾਰਾਂ ਦਾ ਠੇਠ ਮਲਵਈ ਲਹਿਜਾ ਅਤੇ ਉਨ੍ਹਾਂ ਦੀ ਸੁਭਾਵਿਕ ਅਦਾਕਾਰੀ ਫਿਲਮ ਦੇ ਮਿਆਰ ਨੂੰ ਬੁਲੰਦੀਆਂ ’ਤੇ ਲੈ ਜਾਂਦੀ ਹੈ। ਪੰਜਾਬੀ ਆਰਟ ਸਿਨਮਾ ਦੀ ਨੁਮਾਇੰਦਗੀ ਕਰਦੀ ਇਹ ਫਿਲਮ ਪੰਜਾਬੀ ਸਿਨਮਾ ਵਿੱਚ ਕਿਸੇ ਸਾਹਿਤਿਕ ਰਚਨਾ ’ਤੇ ਬਣੀਆਂ ਸਭ ਤੋਂ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਹੈ। ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਇਸ ਫਿਲਮ ਨੇ ਵੀ ਕਈ ਇਨਾਮ ਆਪਣੀ ਝੋਲੀ ਪਾਏ ਹਨ। ਤਖ਼ਤ ਹਜ਼ਾਰਾ ਫਿਲਮਜ਼ ਅਤੇ ਬਲਬੀਰ ਟਾਂਡਾ ਬੈਨਰ ਹੇਠ ਬਣਨ ਵਾਲੀ ਅਮਰਦੀਪ ਸਿੰਘ ਗਿੱਲ ਦੀ ਹੀ ਦੂਸਰੀ ਫਿਲਮ ‘ਖ਼ੂਨ’ ਪ੍ਰਸਿੱਧ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਸ਼ਾਹਕਾਰ ਕਹਾਣੀ ‘ਖ਼ੂਨ’ ’ਤੇ ਆਧਾਰਿਤ ਫਿਲਮ ਹੈ। ਇਸ ਫਿਲਮ ਦੀ ਸਿਨੇਮੈਟੋਗ੍ਰਾਫ਼ੀ ਜਿੰਨੀ ਕਮਾਲ ਦੀ ਹੈ ਓਨੀ ਹੀ ਕਮਾਲ ਦੀ ਇਸ ਫਿਲਮ ਦੀ ਡਾਇਰੈਕਸ਼ਨ ਹੈ। ਵਧੀਆ ਸੁਨੇਹਾ ਦਿੰਦੀ ਇਸ ਫਿਲਮ ਵਿੱਚ ਬਲਬੀਰਾ, ਸ਼ਾਮੋ, ਜੱਗਰ ਦਾ ਮੁੰਡਾ ਤੇ ਬਲਬੀਰ ਦਾ ਭਤੀਜਾ, ਬਿੰਦਰ ਤੇ ਅੰਬੀ ਦੇ ਕਿਰਦਾਰਾਂ ਨੂੰ ਨਿਭਾ ਰਹੇ ਅਦਾਕਾਰਾਂ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ ਖ਼ਾਸ ਕਰ ਬਲਬੀਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਹਰਸ਼ਰਨ ਸਿੰਘ ਦੀ ਅਦਾਕਾਰੀ ਨੇ ਤਾਂ ਸਿਖਰਾਂ ਨੂੰ ਛੂਹਿਆ ਹੈ। ਜ਼ਮੀਨ ਲਈ ਆਪਣਾ ਖ਼ੂਨ ਹੀ ਆਪਣੇ ਖ਼ੂਨ ਨੂੰ ਕਿੰਝ ਖਤਮ ਕਰਨ ਦੀਆਂ ਵਿਉਂਤਾਂ ਬਣਾਉਂਦਾ ਰਹਿੰਦਾ ਹੈ ਅਤੇ ਦੁਸ਼ਮਣੀਆਂ ਪਾਲਦਾ ਰਹਿੰਦਾ, ਪਰ ਪਿਆਰ ਦਾ ਇੱਕ ਬੋਲ ਉਸ ਦੇ ਅੰਦਰ ਦੇ ਜ਼ਹਿਰ ਨੂੰ ਕਿਵੇ ਮੁਕਾ ਦਿੰਦਾ ਹੈ। ਇਸ ਭਾਵਨਾ ਨੂੰ ਫਿਲਮ ‘ਖ਼ੂਨ’ ਵਿੱਚ ਬਿਹਤਰੀਨ ਢੰਗ ਨਾਲ ਵਿਖਾਇਆ ਗਿਆ ਹੈ।

ਲਘੂ ਫਿਲਮ ‘ਧੁੰਦਲੀ ਸਵੇਰ’ ਨਿਰਦੇਸ਼ਕ ਰਾਕੇਸ਼ ਧਵਨ ਦੀ ਨਿਰਦੇਸ਼ਨਾ ਵਿੱਚ ਬਣੀ ਇੱਕ ਹੋਰ ਬਿਹਤਰੀਨ ਲਘੂ ਫਿਲਮ ਹੈ ਜਿਸ ਨੂੰ ਵੇਖ ਕੇ ਪੱਥਰ ਤੋਂ ਪੱਥਰ ਇਨਸਾਨ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਜਾਣ ਅਤੇ ਨਾਲ ਹੀ ਹਰ ਇੱਕ ਦੇ ਦਿਲ ਵਿੱਚੋਂ ਚੀਸ ਉੱਠਦੀ ਹੈ ਕਿ ਕਿਵੇਂ ਪੰਜਾਬ ਦੇ ਕਾਲੇ ਦੌਰ ਵਿੱਚ ਮਾਂਵਾਂ ਦੇ ਪੁੱਤ ਅਤੇ ਭੈਣਾਂ ਦੇ ਭਾਈ ਅਨਿਆਈ ਮੌਤ ਮਰੇ। ਫਿਲਮ ਦੇ ਮੁੱਖ ਅਦਾਕਾਰ ਧੀਰਜ ਕੁਮਾਰ ਨੇ ਇਸ ਫਿਲਮ ਵਿੱਚ ਬੱਲੀ ਨਾਂ ਦੇ ਜ਼ਖਮੀ ਖਾੜਕੂ ਦਾ ਜ਼ਬਰਦਸਤ ਕਿਰਦਾਰ ਅਦਾ ਕੀਤਾ ਹੈ। ਬਿਹਤਰੀਨ ਕਹਾਣੀ ’ਤੇ ਬਣੀ ਇਹ ਬਿਹਤਰੀਨ ਲਘੂ ਫਿਲਮ ਹੈ। ਇਸ ਫਿਲਮ ਵਿੱਚ ਅਦਾਕਾਰ ਧੀਰਜ ਕੁਮਾਰ, ਮਹਾਂਬੀਰ ਭੁੱਲਰ, ਗੁਰਪ੍ਰੀਤ ਭੰਗੂ, ਬਨਿੰਦਰ ਬੰਨੀ ਅਤੇ ਦੀਪ ਮਨਦੀਪ ਨੇ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਹਨ।

ਇਨ੍ਹਾਂ ਫਿਲਮਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੰਜਾਬੀ ਲਘੂ ਫਿਲਮਾਂ ਬਣਾਈਆਂ ਗਈਆਂ ਹਨ ਜਿਹੜੀਆਂ ਕਲਾ ਦਾ ਉੱਤਮ ਨਮੂਨਾ ਹੋਣ ਦੇ ਨਾਲ ਨਾਲ ਵਿਸ਼ੇ ਅਤੇ ਅਦਾਕਾਰੀ ਪੱਖੋਂ ਬਿਹਤਰੀਨ ਹਨ ਜਿਨ੍ਹਾਂ ਵਿੱਚ ‘ਨਾਨੀ ਮਾਂ’, ‘ਡਰਪੋਕ’, ‘ਜੰਪਰ’, ‘ਮੁਲਾਕਾਤ’, ‘ਮੈਲਾ ਰੱਬ’, ‘ਬਸੇਰਾ’, ‘ਬਿੱਲੂ’, ‘ਫੁੱਲਾਂ ਦਾ ਚੋਰ’, ‘ਚੀਸ’, ‘ਵਕਤ’, ‘ਉਮਰਾਂ ਦੀ ਸਾਂਝ’, ‘ਖੁਸ਼ਬੂ’, ‘ਉਡੀਕਾਂ’, ‘ਰੇਨ’, ‘ਕੰਡੇ’, ‘ਜ਼ਬਾਨ’, ‘ਦੋ ਟਿਕਟਾਂ’, ‘ਕਲਮ ਦੀ ਤਾਕਤ’, ‘ਡਾਈਵੋਰਸ’, ‘ਦਰਦ’, ‘ਉਡਣ ਖਟੋਲਾ’, ‘ਲਾਡੋ’, ‘ਨਿਘਾਰ’, ‘ਬਲਾਈਂਡ ਸਨ’, ‘ਪਹਿਚਾਣ’, ‘ਜਗਜੀਤ’, ‘ਪਰਵਾਸੀ’, ‘ਜਸਟਿਸ’ ਅਤੇ ‘ਗੁਰਪੁਰਬ’ ਪ੍ਰਮੁੱਖ ਹਨ।

ਪੰਜਾਬੀ ਲਘੂ ਫਿਲਮਾਂ ਦੇ ਨਿਰਦੇਸ਼ਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਰਦੇਸ਼ਕ ਨਵਤੇਜ ਸੰਧੂ, ਅਮਰਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਅਤੇ ਰਾਕੇਸ਼ ਮਹਿਤਾ ਅਜਿਹੇ ਨਾਂ ਹਨ ਜਿਨ੍ਹਾਂ ਨੇ ਪੰਜਾਬੀ ਸਿਨਮਾ ਦੀ ਝੋਲੀ ਬਿਹਤਰੀਨ ਲਘੂ ਫਿਲਮਾਂ ਪਾਈਆਂ ਹਨ। ਥੀਏਟਰ ਦੇ ਪ੍ਰਸਿੱਧ ਅਦਾਕਾਰ ਸਾਹਿਬ ਸਿੰਘ, ਗੁਰਪ੍ਰੀਤ ਗਿੱਲ, ਜੀਤ ਜਹੂਰ, ਜੰਗਵੀਰ ਸਿੰਘ, ਐੱਚ.ਆਰ.ਡੀ.ਸਿੰਘ, ਗੁਰ ਰੰਧਾਵਾ, ਕਮਲ ਪਰੂਥੀ, ਜਗਜੀਤ ਸਿੰਘ, ਮੁਨੀਸ਼ ਕਪਿਲ, ਪਰਮਿੰਦਰ ਸਿੰਘ ਪੈਰੀ, ਗੁਰਚੇਤ ਚਿੱਤਰਕਾਰ ਅਤੇ ਦੇਵੀ ਸ਼ਰਮਾ ਅਜਿਹੇ ਨਾਂ ਹਨ ਜੋ ਲਘੂ ਫਿਲਮਾਂ ਦੇ ਨਿਰਦੇਸ਼ਕਾਂ ਵਜੋਂ ਆਪਣੀ ਪਛਾਣ ਰੱਖਦੇ ਹਨ। ਅੰਮ੍ਰਿਤਸਰ ਦੇ ਨਾਮਵਰ ਗਾਇਕ, ਸੰਗੀਤ ਨਿਰਦੇਸ਼ਕ, ਥੀਏਟਰ ਕਲਾਕਾਰ ਅਤੇ ਲਘੂ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਹਰਿੰਦਰ ਸੋਹਲ ਵੀ ਹੁਣ ਤੱਕ ਬਹੁਤ ਸਾਰੀਆਂ ਲਘੂ ਫਿਲਮਾਂ ਪੰਜਾਬੀ ਸਿਨਮਾ ਦੀ ਝੋਲੀ ਪਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ ਦੀ ਬਾਲ ਸਾਹਿਤ ਪੁਰਸਕਾਰ ਜੇਤੂ ਕਹਾਣੀ ‘ਸੱਜੀ ਬਾਂਹ’ ’ਤੇ ਆਧਾਰਿਤ ਲਘੂ ਫਿਲਮ ‘ਲਾਡੋ’ ਅਤੇ ਇਨ੍ਹਾਂ ਦੀ ਹੀ ਇੱਕ ਹੋਰ ਕਹਾਣੀ ‘ਮਾਨਵਤਾ ਦਾ ਬਗੀਚਾ’ ’ਤੇ ਆਧਾਰਿਤ ਲਘੂ ਫਿਲਮ ‘ਫੁੱਲਾਂ ਦਾ ਚੋਰ’ ਪ੍ਰਮੁੱਖ ਹਨ।

ਲਘੂ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਪੰਜਾਬੀ ਸਾਹਿਤ ਨੂੰ ਆਪਣੀਆਂ ਲਘੂ ਫਿਲਮਾਂ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਕਾਰਜ ਕਰ ਰਹੇ ਹਨ। ਪੰਜਾਬ ਦਾ ਗੌਰਵਮਈ ਅਤੇ ਸ਼ਾਨਦਾਰ ਇਤਿਹਾਸ ਹੈ। ਸਾਹਿਤਕ ਪੱਖੋਂ ਪੰਜਾਬ ਬਹੁਤ ਅਮੀਰ ਖਿੱਤਾ ਹੈ ਅਤੇ ਸਾਡਾ ਬਹੁਤ ਸਾਰਾ ਸਾਹਿਤ ਅਤੇ ਇਤਿਹਾਸ ਅਜਿਹਾ ਹੈ ਜਿਸ ਦਾ ਫਿਲਮੀ ਪਰਦੇ ’ਤੇ ਆਉਣਾ ਅਜੇ ਬਾਕੀ ਹੈ। 

 

ਅੰਗਰੇਜ ਸਿੰਘ ਵਿਰਦੀ