ਬਾਪੂ ਵਾਲੀਆਂ ਲੁੱਟਾਂ

ਬਾਪੂ ਵਾਲੀਆਂ ਲੁੱਟਾਂ

ਕਾਫ਼ਰ-ਏ-ਕੌਮ ਦੇ ਕਾਲ-ਵੱਸ ਹੋਣ ਮਗਰੋਂ ਵਿਅੰਗਮਈ ਇੱਕ ਪੋਸਟ ਵਿੱਚ ਸਵਾਲ ਕੀਤਾ ਸੀ, “ਹੁਣ ਨਿੱਕਰ ਕੀਹਦੇ ਪਾਉਣਗੇ?” ਜਿਸ ਨੂੰ ਪੜ੍ਹਕੇ ਇੱਕ ਕੰਜੂਸ ਦਾ ਕਿੱਸਾ ਯਾਦ ਆ ਗਿਆ…

ਕਹਿੰਦੇ ਇੱਕ ਕੰਜੂਸ ਘਰਦਿਆਂ ਨੂੰ ਰੋਟੀ ਘਿਓ ਨਾਲ ਨਹੀਂ ਚੋਪੜਨ ਦਿੰਦਾ ਸੀ, ਉਸਦਾ ਹੁਕਮ ਸੀ ਕਿ ਰੋਟੀ ਘਿਓ ਦੇ ਡੱਬੇ ਦੇ ਬਾਹਰ ਘਸਾ ਲਓ, ਡੱਬੇ ਦੇ ਬਾਹਰ ਥੰਧਿਆਈ ਹੁੰਦੀ ਹੀ ਹੈ, ਡੱਬੇ ਦੇ ਬਾਹਰ ਘਸਾਏ ਤੇ ਹੀ ਰੋਟੀ ਚੋਪੜੀ ਜਾਂਦੀ ਹੈ। ਉਹ ਰੋਟੀ ਵੇਲੇ ਘਿਓ ਦਾ ਡੱਬਾ ਜਿੰਦੇ ਵਾਲੀ ਅਲਮਾਰੀ ਵਿੱਚ ਕੱਢ ਕੇ ਸੁਆਣੀ ਨੂੰ ਦੇ ਦਿੰਦਾ ਸੀ ਤੇ ਰੋਟੀਆਂ ਘਸਾਉਣ ਮਗਰੋਂ ਮੁੜ ਅਲਮਾਰੀ ਵਿੱਚ ਰੱਖ ਦਿੰਦਾ ਸੀ। ਕੇਰਾਂ ਉਹ ਦੂਰ ਗਿਆ ਹੋਇਆ ਸੀ ਤੇ ਮਗਰੋਂ ਰੋਟੀ ਦਾ ਸਮਾਂ ਹੋ ਗਿਆ ਤੇ ਉਹ ਇਸੇ ਫ਼ਿਕਰ ਵਿੱਚ ਕਾਹਲੀ ਕਾਹਲੀ ਵਾਪਸ ਆਇਆ ਕਿ ਅੱਜ ਬੱਚਿਆਂ ਨੂੰ “ਅਣਚੋਪੜੀ“ ਰੋਟੀ ਖਾਣੀ ਪੈਣੀ ਆ। ਜਦ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਫ਼ਿਕਰ ਨਾ ਕਰੋ, ਮੈਂ ਰੋਟੀ ਅਲਮਾਰੀ ਤੇ ਘਸਾਕੇ ਹੀ ਚੋਪੜ ਲਈ ਸੀ। ਗੱਲ ਸੁਣਕੇ ਕੰਜੂਸ ਦਾ ਪਾਰਾ ਚੜ੍ਹ ਗਿਆ ਕਿ ਅਲਮਾਰੀ ਤੇ ਘਸਾਉਣ ਦੀ ਕੀ ਲੋੜ ਸੀ?! ਇੱਕ ਡੰਗ ਬਿਨਾਂ ਚੋਪੜੀ ਨਹੀਂ ਖਾ ਸਕਦੇ ਸੀ? 

ਸਮਾਂ ਪਾ ਕੇ ਕੰਜੂਸ ਬਾਪ ਸੰਸਾਰ ਤੋਂ ਤੁਰ ਗਿਆ, ਹੁਣ ਲਾਣੇਦਾਰੀ ਉਸ ਦੇ ਪੁੱਤਰ ਦੇ ਹੱਥ ਆ ਗਈ। ਉਸ ਨੇ ਸਭ ਤੋਂ ਪਹਿਲਾਂ ਘਿਓ ਦੇ ਡੱਬੇ ਬਾਰੇ ਹੀ ਸਖ਼ਤ ਫੈਸਲਾ ਲੈਂਦੇ ਹੋਏ, ਡੱਬਾ ਛਿੱਕੇ ਟੰਗ ਐਲਾਨ ਕਰ ਦਿੱਤਾ ਕਿ ਹੁਣ ਬਾਪੂ ਵਾਲੀਆਂ ਲੁੱਟਾਂ ਭੁੱਲ ਜਾਓ, ਅੱਜ ਤੋਂ ਘਿਓ ਵਾਲੇ ਡੱਬੇ ਤੇ ਰੋਟੀ ਘਸਾਉਣ ਵਾਲਾ ਕੰਮ ਬੰਦ… ਹੁਣ ਛਿੱਕੇ ਟੰਗੇ ਘਿਓ ਦੇ ਡੱਬੇ ਵੱਲ ਵੇਖ ਹੀ ਗੁਜ਼ਾਰਾ ਕਰਨਾ ਸਿੱਖ ਲਓ!

ਬਾਦਲ ਵੀ ਪੰਥਕ ਦਰਦ ਵੱਲੋਂ ਹੱਦ ਦਰਜੇ ਦਾ ਕੰਜੂਸ ਸੀ… ਉਸ ਦੀਆਂ “ਕੰਜੂਸੀਆਂ” ਤੇ ਗ੍ਰੰਥ ਲਿਖੇ ਜਾ ਸਕਦੇ ਹਨ ਪਰ ਸਭ ਤੋਂ ਅਹਿਮ ਇੱਕੋ ਮਾਰ ਦਾ ਜ਼ਿਕਰ ਕਰ ਗੱਲ ਅੱਗੇ ਤੋਰਾਂਗੇ… 

ਐਮਰਜੈਂਸੀ ਲਗਾਉਣ ਵੇਲੇ ਇੰਦਰਾ ਨੇ ਅਕਾਲੀਆਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਮੇਰੇ ਅਤੇ ਵਿਰੋਧੀਆਂ ਦੇ ਵਿਚਕਾਰ ਨਾ ਆਇਓ, ਤੁਹਾਡੀਆਂ ਜੋ ਵੀ ਮੰਗਾਂ ਹਨ, ਲਿਖਤੀ ਤੌਰ ਤੇ ਮੇਰੇ ਕੋਲ ਲਿਆਓ, ਸਭ ਪੂਰੀਆਂ ਸਮਝੋ ਪਰ ਇਹ ਜਨਸੰਘੀਆਂ ਆਦਿ ਨੂੰ ਬੰਦੇ ਬਣਾਉਣ ਵਿੱਚ ਮੇਰੇ ਅੱਗੇ ਰੁਕਾਵਟ ਨਾ ਪਾਓ… ਪਰ ਇਕੱਲੇ ਬਾਦਲ ਨੇ ਟਿੰਡ ਵਿੱਚ ਕਾਨਾ ਪਾ ਲਿਆ ਕਿ ਮੈਂ ਤਾਂ ਜਨਸੰਘ (ਮੌਜੂਦਾ ਭਾਜਪਾ) ਨਾਲ ਵਾਅਦਾ ਕਰ ਆਇਆ ਹਾਂ ਮੋਰਚਾ ਲਾਉਣ ਦਾ… ਤੇ ਫਿਰ ਅਕਾਲੀਆਂ ਨੇ ਇੰਦਰਾ ਦੀ ਪੇਸ਼ਕਸ਼ ਰੱਦੀ ਵਿੱਚ ਸੁੱਟ ਐਮਰਜੈਂਸੀ ਵਿਰੁੱਧ ਮੋਰਚਾ ਲਾਇਆ ਤੇ ਮੁੜ ਜਨਤਾ ਪਾਰਟੀ ਨਾਲ ਮਿਲ ਕੇ ਪੰਜਾਬ ਅਤੇ ਦਿੱਲੀ ਵਿੱਚ ਸੱਤਾ ਭੋਗੀ… ਸਮਾਂ ਪਾ ਕੇ ਇੰਦਰਾ ਮੁੜ ਸੱਤਾ ਵਿੱਚ ਆ ਗਈ ਜੋ ਹੁਣ ਸਿੱਖਾਂ ਅਤੇ ਖਾਸ ਕਰਕੇ ਅਕਾਲੀਆਂ ਵਿਰੁੱਧ ਹੋਰ ਭੜਕੀ ਬੈਠੀ ਸੀ… ਧਰਮ ਯੁੱਧ ਮੋਰਚਾ ਲੱਗਿਆ ਤਾਂ ਇੰਦਰਾ ਇਹੀ ਰਾਗ ਅਲਾਪਦੀ ਰਹੀ ਕਿ ਜਦੋਂ ਤੁਸੀਂ ਤਿੰਨ ਸਾਲ ਸੱਤਾ ਵਿੱਚ ਸੀ ਤਾਂ ਤੁਸੀਂ ਉਦੋਂ ਕਿਉਂ ਨਹੀਂ ਇਹ ਮੰਗਾਂ ਮਨਵਾਈਆਂ? ਜੇ ਬਾਦਲ ਜਨਸੰਘ ਨਾਲ ਹੇਜ ਪਾਲਣ ਦੀ ਥਾਂ ਨੀਤੀ ਵਰਤਦਾ ਹੋਇਆ ਇੰਦਰਾ ਦੀ ਪੇਸ਼ਕਸ਼ ਮੰਨਣ ਵਿੱਚ ਰੁਕਾਵਟ ਨਾ ਪਾਉਂਦਾ ਤਾਂ ਦਰਬਾਰ ਸਾਹਿਬ ਤੇ ਹਮਲੇ ਸਮੇਤ ਹੋਰ ਬਹੁਤ ਵੱਡੇ ਜ਼ਖਮਾਂ ਤੋਂ ਪੰਥ ਦਾ ਬਚਾਅ ਹੋ ਜਾਣਾ ਸੀ… ਤੇ ਬਾਦਲ ਦੇ ਸਾਥੀ ਓਹੀ ਸੰਘੀ ਸਿੱਖਾਂ ਦੇ ਘਾਣ ਦੌਰਾਨ ਇੰਦਰਾ ਦੇ ਪਾੜੇ ਵਿੱਚ ਖੜ੍ਹੇ ਉਸਨੂੰ ਉਕਸਾ ਰਹੇ ਸਨ।

ਪਰ ਆਪਣੀਆਂ ਸੈਕੜੇਂ ਗੱਦਾਰੀਆਂ ਦੇ ਬਾਵਜੂਦ ਬਾਦਲ ਘਿਓ ਦੇ ਡੱਬੇ ਦੇ ਬਾਹਰ ਰੋਟੀ ਘਸਾ ਚੋਪੜ ਵੀ ਲੈਂਦਾ ਸੀ… ਬੇਸ਼ੱਕ ਘਿਓ ਦੇ ਡੱਬੇ ਨੂੰ ਖੋਲ੍ਹਣ ਤੋਂ ਉਸਦਾ ਤ੍ਰਾਹ ਨਿੱਕਲ ਜਾਂਦਾ ਸੀ… ਧਰਮ ਯੁੱਧ ਮੋਰਚੇ ਦੇ ਪਹਿਲੇ ਜੱਥੇ ਦੀ ਅਗਵਾਈ ਕਰਦੇ ਹੋਏ ਗ੍ਰਿਫਤਾਰੀ ਦੇਣੀ, ਰਾਜਧਾਨੀ ਜਾ ਕੇ ਭਾਰਤੀ ਸੰਵਿਧਾਨ ਨੂੰ ਸਾੜਨਾ, ਰਾਜੀਵ-ਲੌਂਗੋਵਾਲ ਸਮਝੌਤੇ ਦਾ ਵਿਰੋਧ ਕਰਨਾ, ਖਾਲਿਸਤਾਨ ਦਾ ਐਲਾਨ ਹੋਣ ਤੇ ਪੁਲਿਸ ਭੇਜਣ ਦਾ ਵਿਰੋਧ ਕਰਨਾ, ਸ਼ਹੀਦ ਖਾੜਕੂਆਂ ਦੇ ਭੋਗਾਂ ਤੇ ਗਾਹੇ-ਬਗਾਹੇ ਹਾਜ਼ਰੀ ਭਰਨੀ, ਖਾੜਕੂਆਂ ਦੇ ਕਹਿਣ ਤੇ ਵੋਟਾਂ ਦਾ ਬਾਈਕਾਟ ਕਰਨਾ, ਸੰਯੁਕਤ ਰਾਸ਼ਟਰ ਅੱਗੇ ਲਿਖਤੀ ਰੂਪ ਵਿੱਚ ਰਾਏ ਸ਼ੁਮਾਰੀ ਕਰਵਾ ਖਾਲਿਸਤਾਨ ਦੀ ਮੰਗ ਰੱਖਣੀ, ਭਾਈ ਰਣਜੀਤ ਸਿੰਘ ਤੇ ਰਾਜੋਆਣੇ ਦੇ ਮਾਮਲਿਆਂ ਦੀਆਂ ਅਹਿਮ ਘੜੀਆਂ ਦੌਰਾਨ ਭੱਜ ਨੱਠ ਕਰਨੀ ਆਦਿ ਉਸ ਦੀਆਂ ਅਨੇਕਾਂ ਮਿਸਾਲਾਂ ਹਨ ਘਿਓ ਦੇ ਡੱਬੇ ਤੇ ਘਸਾ ਰੋਟੀ ਚੋਪੜਨ ਦੀਆਂ… ਜਿਸ ਦਾ ਅਸਰ ਵੀ ਉਸ ਰੋਟੀ ਤੇ ਲੱਗੇ ਘਿਓ ਜਿੰਨਾ ਕੁ ਸੀ।

ਪਿਛਲੇ ਲੱਗ-ਭੱਗ ਦਹਾਕੇ ਤੋਂ ਲਾਣੇਦਾਰੀ ਬਾਦਲ ਹੱਥੋਂ ਖਿਸਕ ਕੇ ਉਸ ਦੇ ਪੁੱਤਰਾਂ ਹੱਥ ਆ ਗਈ ਸੀ… ਬਿੰਦੀ ਪੁੱਤਰ ਤਾਂ ਉਸ ਦਾ ਇੱਕ ਹੀ ਹੈ ਪਰ ਨਾਦੀ ਪੁੱਤਰ ਕਈ ਹਨ… ਧਾਰਮਿਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਇੱਕ ਪੁੱਤਰ ਨੇ ਆਪਣੇ ਭਰਾਵਾਂ ਨਾਲ ਮਿਲਕੇ ਚੁੱਪ-ਚੁਪੀਤੇ ਹੀ “ਘਿਓ ਵਾਲਾ ਡੱਬਾ” ਛਿੱਕੇ ਟੰਗ ਦਿੱਤਾ ਹੈ… 

ਪੰਥ ਵੱਲੋਂ ਵਿਰੋਧ ਹੋਣਾ ਤਾਂ ਦੂਰ, ਪੰਥ ਨੂੰ ਭਿਣਕ ਵੀ ਨਹੀਂ ਕਿ ਵਾਪਰ ਕੀ ਗਿਆ… ਬਾਦਲ ਬੋਲ ਕੇ ਸੰਨ੍ਹ ਲਾਉਂਦਾ ਸੀ, ਇਸ ਲਈ ਉਸ ਨੂੰ ਵਿਰੋਧ ਵੀ ਸਹਿਣਾ ਪੈਂਦਾ ਸੀ… ਉਸ ਦੇ ਨਾਦੀ ਪੁੱਤਰਾਂ ਨੇ ਅਕਾਲ ਤਖਤ ਦੀ ਮਰਿਯਾਦਾ ਨੂੰ ਬਾਦਲੀ ਤਰੀਕੇ ਵਾਂਗ ਬਦਲਣ ਦੀ ਥਾਂ ਛਿੱਕੇ ਹੀ ਟੰਗ ਦਿੱਤਾ ਹੈ… ਤੇ ਹੁਣ ਅਕਾਲ ਤਖ਼ਤ ਸਾਹਿਬ ਤੇ ਹੀ ਇਹ ਮਰਿਯਾਦਾ ਲਾਗੂ ਨਹੀਂ… ਹੁਣ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਗੁਟਕਿਆਂ ਵਿੱਚ ਬਾਣੀਆਂ ਦੀ ਤਰਤੀਬ ਅਤੇ ਗਿਣਤੀ ਅਕਾਲ ਤਖ਼ਤ ਦੀ ਮਰਿਯਾਦਾ ਮੁਤਾਬਕ ਨਹੀਂ ਰਹੀ… ਸੱਜੇ ਪੱਖੀ ਗਰਮ ਧਿਰਾਂ ਨੇ ਤਾਂ ਕੀ ਖ਼ਿਆਲ ਕਰਨਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜੇ ਨੰਬਰ ਤੇ ਅਕਾਲ ਤਖ਼ਤ ਦੀ ਮਰਿਯਾਦਾ ਨੂੰ ਅਹਿਮੀਅਤ ਦੇਣ ਵਾਲੀਆਂ ਪੰਥ ਦੀਆਂ ਖੱਬੇ ਪੱਖੀ ਧਿਰਾਂ ਵੀ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ… ਜੇ ਸ਼੍ਰੋਮਣੀ ਕਮੇਟੀ ਦੇ ਦਹਾਕਿਆਂ ਤੋਂ ਛਪ ਰਹੇ ਗੁਟਕੇ ਹੁਣ ਤਬਦੀਲ ਕੀਤੇ ਜਾ ਸਕਦੇ ਹਨ ਤਾਂ ਪੂਰੀ ਸੰਭਾਵਨਾ ਹੈ ਕਿ ਹੁਣ ਛਪਣ ਵਾਲੇ ਸਰੂਪ ਵੀ ਤਬਦੀਲੀਆਂ ਤੋਂ ਬਚੇ ਨਹੀਂ ਹੋਣਗੇ… ਇਹ ਤਾਂ ਸ਼ੁਰੂਆਤ ਹੈ, ਅੰਤ ਪਤਾ ਨਹੀਂ ਕੀ ਹੋਵੇਗਾ?

ਇਹਨਾਂ ਸਭ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਸ਼ੱਕ ਦੀ ਸੂਈ ਬਾਦਲ ਦੇ ਉਸ ਨਾਦੀ ਪੁੱਤਰ ਵੱਲ ਜਾਂਦੀ ਹੈ, ਜੋ ਕਦੇ ਰਫ਼ਲ ਚੁੱਕੀ ਸੰਤਾ ਨਾਲ ਫਿਰਦਾ ਸੀ… ਫਿਰ ਵਾਇਆ ਜੋਧਪੁਰ, ਫੈਡਰੇਸ਼ਨ, ਅਕਾਲੀ ਦਲ ਵਿੱਚੋਂ ਹੁੰਦਾ, ਮਾਤਾ ਦੀਆਂ ਭੇਟਾਂ ਗਾਉਂਦਾ ਗਾਉਂਦਾ ਸ਼੍ਰੋਮਣੀ ਕਮੇਟੀ ਵਿੱਚ ਬਿਨਾਂ ਅਹੁਦੇ ਦਾ ਕਰਤਾ-ਧਰਤਾ ਬਣਕੇ ਵਿਚਰ ਰਿਹਾ ਹੈ।

ਗੱਲ ਮੁਕਾਉਣ ਤੋਂ ਪਹਿਲਾਂ ਉਪਰੋਕਤ ਸਵਾਲ ਦਾ ਜਵਾਬ ਹੈ ਕਿ ਨਿੱਕਰਾਂ ਘੱਟ ਹਨ ਤੇ ਬਾਪੂ ਦੇ ਪੁੱਤ ਬਹੁਤੇ… ਹਰੇਕ ਆਪਣੇ ਆਪ ਨੂੰ ਨਿੱਕਰ ਦਾ ਅਸਲੀ ਵਾਰਸ ਸਿੱਧ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾਈ ਬੈਠਾ ਹੈ! ਤੇ ਮੁੱਕਦੀ ਗੱਲ ਇਹ ਹੈ ਕਿ ਬਾਦਲ ਪੁੱਤਰਾਂ ਨੇ ਪੰਥਕ ਸਿਧਾਂਤ, ਪਰੰਪਰਾਵਾਂ, ਮਰਿਯਾਦਾ ਆਦਿ ਛਿੱਕੇ ਟੰਗ ਦਿੱਤੇ ਹਨ… ਇਹਨਾਂ ਛਿੱਕੇ ਟੰਗਿਆਂ ਨੂੰ ਸਿਰਫ਼ ਕਿਤਾਬਾਂ ਵਿੱਚੋਂ ਪੜ੍ਹਕੇ ਗੁਜ਼ਾਰਾ ਕਰਨਾ ਸਿੱਖੋ! ਪੰਥ ਨੂੰ ਹੁਣ ਬਾਪੂ ਬਾਦਲ ਵਾਲੀਆਂ “ਲੁੱਟਾਂ” ਭੁੱਲ ਜਾਣੀਆਂ ਚਾਹੀਦੀਆਂ ਹਨ!

 

ਅਗਿਆਤ