ਪੰਜਾਬ ਵਿਚ ਵੰਨਸਵੰਨਤਾ ਵਾਲੀ ਤੇ ਜੈਵਿਕ ਖੇਤੀ ਦੀ ਲੋੜ ਕਿਉਂ?

ਪੰਜਾਬ ਵਿਚ ਵੰਨਸਵੰਨਤਾ ਵਾਲੀ ਤੇ ਜੈਵਿਕ ਖੇਤੀ ਦੀ ਲੋੜ ਕਿਉਂ?

ਪੰਜਾਬ ਕੋਲ ਲੰਮਾ ਸਮਾਂ ਵੰਨ-ਸੁਵੰਨਤਾ ਦੀ ਅਮੀਰ ਤੇ ਕਲਿਆਣਕਾਰੀ ਵਿਰਾਸਤ ਰਹੀ ਹੈ ਅਤੇ ਜੈਵਿਕ ਖੇਤੀ ਨਾਲ ਜੁੜਿਆ ਇਥੋਂ ਦਾ ਅਮੀਰ ਸੱਭਿਆਚਾਰ ਅੱਜ ਵੀ ਪ੍ਰਸੰਗਕ ਹੈ ਅਤੇ ਕਿਸਾਨਾਂ ਤੇ ਖੇਤੀ ਜਿਨਸਾਂ ਦੇ ਖਪਤਕਾਰਾਂ ਲਈ ਵਰਦਾਨ ਸਾਬਤ ਹੋਣ ਦੀ ਸਮਰੱਥਾ ਰੱਖਦਾ ਹੈ।

ਪੰਜਾਬ ਦੇ ਪੁਰਾਣੇ ਬਿਰਛ-ਬੂਟੇ ਅਜੇ ਵੀ ਕਿਤੇ ਨਾ ਕਿਤੇ ਆਪਣੀ ਹੋਂਦ ਕਾਇਮ ਰੱਖਣ ਲਈ ਜੂਝ ਰਹੇ ਹਨ, ਇਹ ਬਿਰਛ-ਬੂਟੇ ਜਿੱਥੇ ਸਦੀਆਂ ਤੱਕ ਲੋਕਾਂ ਨੂੰ ਪੌਸ਼ਟਿਕ ਤੇ ਸੁਆਦਲੇ ਫਲ ਤੇ ਠੰਢੀਆਂ ਛਾਵਾਂ ਦਿੰਦੇ ਰਹੇ ਹਨ, ਉੱਥੇ ਵੱਖ-ਵੱਖ ਲੋੜਾਂ ਲਈ ਲੋਕਾਂ ਨੂੰ ਕੀਮਤੀ ਲੱਕੜ ਦੇਣ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਅਤੇ ਕੁਦਰਤੀ ਸਰੋਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਕਲਿਆਣਕਾਰੀ ਕੰਮ ਵੀ ਕਰਦੇ ਰਹੇ ਹਨ।ਅਜੋਕੇ ਸਮਾਜ ਨੇ ਆਪਣੀਆਂ ਕਈ ਤਰ੍ਹਾਂ ਦੀਆਂ ਗੈਰ ਜ਼ਰੂਰੀ ਲੋੜਾਂ ਲਈ ਅਨੇਕਾਂ ਪੁਰਾਣੇ ਬਿਰਛ-ਬੂਟੇ ਗੁਆ ਲਏ ਹਨ, ਇਨ੍ਹਾਂ ਦੀ ਥਾਂ ਬਨਾਉਟੀ ਅਤੇ ਮਸਨੂਈ ਵਸਤਾਂ ਨਾਲ ਆਪਣੀਆਂ ਲੋੜਾਂ ਦੀ ਪੂਰਤੀ ਦਾ ਨਵਾਂ ਰੁਝਾਨ ਅਪਣਾ ਲਿਆ ਹੈ, ਅਜਿਹੀਆਂ ਮਸਨੂਈ ਵਸਤਾਂ ਦੇ ਬੇਲੋੜੇ ਕਚਰੇ ਨਾਲ ਨਜਿੱਠਣ ਲਈ ਕਈ ਨਵੀਆਂ ਸਮੱਸਿਆਵਾਂ ਵੀ ਪੈਦਾ ਹੋਈਆਂ ਹਨ।

ਅੱਜ ਵੱਖ-ਵੱਖ ਲੋੜਾਂ ਲਈ ਬਿਰਛਾਂ ਦੇ ਲੱਕੜ ਦੀ ਥਾਂ ਅਲਮੂਨੀਅਮ ਅਤੇ ਹੋਰ ਧਾਤਾਂ ਨੇ ਲੈ ਲਈ ਹੈ ਤੇ ਕੀਮਤੀ ਲੱਕੜ ਦੇਣ ਵਾਲੇ ਵਿਰਾਸਤੀ ਬਿਰਛ ਲਾਉਣ ਦਾ ਰੁਝਾਨ ਦਮ ਤੋੜ ਰਿਹਾ ਹੈ, ਤੂਤ ਅਤੇ ਕਿੱਕਰ ਦੀ ਲੱਕੜ ਨੂੰ ਮਜ਼ਬੂਤ ਸਮਝ ਕੇ ਵੱਖ ਵੱਖ ਲੋੜਾਂ ਲਈ ਵਰਤਿਆ ਜਾਂਦਾ ਸੀ, ਇਮਾਰਤੀ ਲੋੜਾਂ ਲਈ ਟਾਹਲੀ ਦੀ ਲੱਕੜ ਵਰਦਾਨ ਸਮਝੀ ਜਾਂਦੀ ਸੀ, ਫਲਾਹੀ ਦੀ ਲੱਕੜ ਤਾਂ ਲੋਹੇ ਤੋਂ ਵੀ ਮਜ਼ਬੂਤ ਹੁੰਦੀ ਸੀ, ਲੋਹੇ ਨੂੰ ਤਾਂ ਜੰਗਾਲ ਲੱਗ ਕੇ ਇਸ ਦੀ ਉਮਰ ਘਟ ਜਾਂਦੀ ਸੀ ਪਰ ਫਲਾਹੀ ਦੀ ਲੱਕੜ ਇਕ ਪੂਰੀ ਸਦੀ ਤੋਂ ਵੀ ਵੱਧ ਸਮੇਂ ਤੱਕ ਅਕਸਰ ਜਿਉਂ ਦੀ ਤਿਉਂ ਰਹਿੰਦੀ ਸੀ।

ਗੋਲ ਬੇਰਾਂ ਦੇ ਫਲ ਤੇ ਠੰਢੀਆਂ ਛਾਵਾਂ ਬਖਸ਼ਣ ਵਾਲੀਆਂ ਬੇਰੀਆਂ ਦੀ ਲੱਕੜ ਨਾਲ ਮੰਜਿਆਂ ਦੇ ਪਾਵੇ ਸਰਾਵੇ ਤੇ ਬਾਹੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਹੁਣ ਬਾਣ ਵਾਲੇ ਮੰਜਿਆਂ ਦਾ ਰੁਝਾਨ ਵੀ ਖ਼ਤਮ ਹੋ ਗਿਆ ਹੈ ਤੇ ਬੇਰੀਆਂ ਵੀ ਖ਼ਤਮ ਹੋ ਗਈਆਂ ਹਨ।

ਜਿਵੇਂ ਪੁਰਾਣੇ ਵੇਲੇ ਸਰਦੀਆਂ ਵਿਚ ਬਜ਼ੁਰਗਾਂ ਲਈ ਅਲਸੀ ਦੀਆਂ ਪਿੰਨੀਆਂ ਅਕਸੀਰ ਸਮਝੀਆਂ ਜਾਂਦੀਆਂ ਸਨ, ਇਸੇ ਤਰ੍ਹਾਂ ਊਠਾਂ ਲਈ ਸਰਦੀਆਂ ਦੇ ਦਿਨਾਂ ਵਿਚ ਪਿੱਪਲ ਦੇ ਪੱਤਿਆਂ ਦੀ ਖੁਰਾਕ ਨੂੰ ਉੱਤਮ ਤੇ ਪੌਸ਼ਟਿਕ ਸਮਝਿਆ ਜਾਂਦਾ ਸੀ ਪਰ ਅੱਜ ਖੇਤੀ ਵਿਚ ਟਰੈਕਟਰਾਂ ਦੀ ਵਰਤੋਂ ਕਰਕੇ ਊਠ ਵੀ ਵਿਰਲੇ ਟਾਵੇਂ ਰਹਿ ਗਏ ਹਨ ਤੇ ਠੰਢੀਆਂ ਛਾਵਾਂ ਬਖਸ਼ਣ ਵਾਲੇ ਤੇ ਵਾਤਾਵਰਨ ਦੇ ਮਿੱਤਰ ਪਿੱਪਲਾਂ ਦੇ ਬਿਰਛ ਵੀ।

ਕਲਿਆਣਕਾਰੀ ਕੁਦਰਤੀ ਸੋਮਿਆਂ ਨੂੰ ਤੇ ਵਾਤਾਵਰਨ ਨੂੰ ਸਥਿਰ ਰੱਖਣ ਵਾਲੇ ਬਹੁਤ ਸਾਰੇ ਹੋਰ ਵਿਰਾਸਤੀ ਬਿਰਛ ਜਿਵੇਂ ਪਿਲਕਣ, ਜੰਡ, ਪੀਲੂ, ਵਰਨਾ, ਬੋਹੜ ਆਦਿ ਵੀ ਸਹਿਜੇ ਸਹਿਜੇ ਖ਼ਤਮ ਹੋਣ ਵੱਲ ਜਾ ਰਹੇ ਹਨ। ਬਹੁਤ ਸਾਰੇ ਬਿਰਛ ਝੋਨੇ ਦੀ ਫ਼ਸਲ ਵਿਚ ਨਿਰੰਤਰ ਖੜ੍ਹੇ ਪਾਣੀ ਨਾਲ ਉਤਪੰਨ ਹੋਈਆਂ ਉੱਲੀਆਂ ਤੇ ਨਦੀਨ ਨਾਸ਼ਕਾਂ ਦੀ ਅੰਧਾ ਧੁੰਦ ਵਰਤੋਂ ਨਾਲ ਖੜ ਸੁੱਕ ਹੋ ਗਏ ਹਨ।

ਕਦੇ ਸਣ ਅਤੇ ਬਗੜ ਦੇ ਬਾਣ ਨਾਲ ਮੰਜੇ ਬੁਣੇ ਜਾਂਦੇ ਸਨ ਅਤੇ ਬਗੜ ਕੰਢੀ ਤੇ ਸ਼ਿਵਾਲਕ ਜ਼ੋਨ ਵਿਚੋਂ ਦੂਰ-ਦਰਾਡੇ ਤੱਕ ਜਾਂਦੀ ਸੀ, ਇਥੋਂ ਬਗੜ ਲੱਦ ਕੇ ਲਿਜਾਣ ਲਈ ਅੰਗਰੇਜ਼ਾਂ ਨੇ ਨਵਾਂ ਸ਼ਹਿਰ ਤੋਂ ਜੇਜੋਂ ਤੱਕ ਰੇਲਵੇ ਲਾਈਨ ਚਾਲੂ ਕੀਤੀ ਸੀ, ਬਗੜ ਦੀਆਂ ਮਜ਼ਬੂਤ ਜੜ੍ਹਾਂ ਦਾ ਜਾਲ ਮਿੱਟੀ ਨੂੰ ਫੜ ਕੇ ਰੱਖਦਾ ਸੀ ਤੇ ਉੱਚੀਆਂ ਨੀਵੀਆਂ ਥਾਵਾਂ ਅਤੇ ਪਹਾੜੀਆਂ ਵਿਚ ਹੜ੍ਹਾਂ ਨਾਲ ਹੋਣ ਵਾਲੇ ਭੌਂਖੋਰੇ ਤੋਂ ਸੁਰੱਖਿਆ ਪ੍ਰਦਾਨ ਕਰਦਾ ਸੀ, ਹੁਣ ਬਾਣ ਵਾਲੇ ਮੰਜੇ ਨਹੀਂ ਰਹੇ ਤੇ ਬਗੜ ਵੀ ਨਹੀਂ ਰਹੀ।

ਫ਼ਸਲਾਂ ਵਿਚ ਨਦੀਨਾਂ ਦੇ ਰੂਪ ਵਿਚ ਜੰਮਣ ਵਾਲੀਆਂ ਬਹੁਤ ਸਾਰੀਆਂ ਕੀਮਤੀ ਅਤੇ ਕੁਦਰਤੀ ਜੜ੍ਹੀ ਬੂਟੀਆਂ ਨਦੀਨ ਨਾਸ਼ਕਾਂ ਦੇ ਸਪਰੇ ਕਰਕੇ ਜਾਂ ਖੇਤਾਂ ਦੇ ਆਲੇ ਦੁਆਲੇ ਨੂੰ ਸਾਫ਼ ਕਰਕੇ ਕਿਸਾਨਾਂ ਵਲੋਂ ਹਮੇਸ਼ਾ ਲਈ ਖ਼ਤਮ ਕਰ ਦਿੱਤੀਆਂ ਗਈਆਂ ਹਨ, ਅਜਿਹੀਆਂ ਜੜ੍ਹੀ ਬੂਟੀਆਂ ਵਿਚ ਵਿਸ਼ੇਸ਼ ਕਰਕੇ ਹਜ਼ਾਰ ਦਾਣੀ, ਕੁੱਕੜ ਛਿੱਦੀ, ਛਮਕ ਨਮੋਲੀ, ਭੱਖੜਾ, ਧਤੂਰਾ, ਬਾਥੂ, ਵਣਾ ਤੇ ਪਿਆਜੀ ਆਦਿ ਸ਼ਾਮਿਲ ਸਨ, ਪਿਆਜ਼ੀ ਤਾਂ ਚਮੜੀ ਦੇ ਰੋਗਾਂ ਲਈ ਅਕਸੀਰ ਸਮਝੀ ਜਾਂਦੀ ਸੀ, ਦੱਦ ਵਰਗੀ ਨਾ-ਮੁਰਾਦ ਬਿਮਾਰੀ, ਜਿਹੜੀ ਕਿ ਕਿਸੇ ਵੀ ਦਵਾਈ ਨਾਲ ਕਾਬੂ ਨਹੀਂ ਹੁੰਦੀ ਸੀ, ਦੋ ਤਿੰਨ ਵਾਰ ਪਿਆਜ਼ੀ ਦੇ ਪੱਤੇ ਮਲਣ ਨਾਲ ਠੀਕ ਹੋ ਜਾਂਦੀ ਸੀ।

ਬਹੁਤ ਸਾਰੀਆਂ ਸਾਡੀਆਂ ਫ਼ਸਲਾਂ ਦੀਆਂ ਪੁਰਾਣੀਆਂ ਕਿਸਮਾਂ ਵੀ ਲਗਭਗ ਖ਼ਤਮ ਹੋ ਚੁੱਕੀਆਂ ਹਨ, ਇਨ੍ਹਾਂ ਫ਼ਸਲਾਂ ਵਿਚ ਦਾਲਾਂ, ਬਾਸਮਤੀ, ਤੇਲ ਬੀਜ, ਸਬਜ਼ੀਆਂ, ਮੱਕੀ, ਬਾਜਰਾ ਵਿਸ਼ੇਸ਼ ਕਰਕੇ ਕਣਕ ਤੇ ਹੋਰ ਕੁਝ ਫ਼ਸਲਾਂ ਸ਼ਾਮਿਲ ਸਨ, ਇਨ੍ਹਾਂ ਫ਼ਸਲਾਂ ਦੀਆਂ ਪੁਰਾਣੀਆਂ ਕਿਸਮਾਂ ਵਿਚੋਂ ਤਿਆਰ ਜਿਣਸਾਂ ਵਿਚ ਜਿੱਥੇ ਕੁਦਰਤ ਨੇ ਹਜਾਰਾਂ ਸਾਲ ਲਾ ਕੇ ਮਨਮੋਹਕ ਸੁਆਦ ਭਰੇ ਸਨ ਉਥੇ ਕੁਦਰਤੀ ਢੰਗਾਂ ਤਰੀਕਿਆਂ ਨਾਲ ਇਨ੍ਹਾਂ ਵਿਚ ਇਨਸਾਨੀ ਜੀਵਨ ਤੇ ਨਰੋਈ ਸਿਹਤ ਲਈ ਲੋੜੀਦੀ ਜ਼ਿੰਕ, ਫਾਸਫੋਰਸ ਤੇ ਹੋਰ ਲੋੜੀਂਦੇ ਤੱਤ ਵੀ ਸ਼ਾਮਿਲ ਕੀਤੇ ਹੋਏ ਸਨ।

1950 ਦੇ ਨੇੜੇ ਹਿਮਾਚਲ ਤੋਂ ਪੰਜਾਬ ਲਿਆ ਕੇ ਲੋਹੜੀ ਨੇੜੇ ਬੀਜੀ ਜਾਣ ਵਾਲੀ ਲਮੁੰਤਰੇ ਆਲੂ ਦੀ ਕਿਸਮ "ਬੱਟੀ" ਜੋ ਖ਼ੁਰਾਕੀ ਮਹੱਤਤਾ ਪੱਖੋਂ ਬੇਮਿਸਾਲ ਸੀ ਤੇ ਕੀੜੇ ਤੇ ਬਿਮਾਰੀਆਂ ਦਾ ਚੰਗਾ ਟਾਕਰਾ ਕਰਨ ਦੇ ਨਾਲ ਨਾਲ ਮਈ ਵਿਚ ਆਲੂ ਦੇ ਤੋੜੇ ਸਮੇਂ ਪੁੱਟੀ ਜਾਂਦੀ ਸੀ ਤੇ ਚੰਗੇ ਪੈਸੇ ਦਿੰਦੀ ਸੀ, ਅੱਜ ਦੋਹਾਂ ਸੂਬਿਆਂ ਵਿਚੋਂ ਅਲੋਪ ਹੈ।

ਇਨ੍ਹਾਂ ਪੁਰਾਣੀਆਂ ਤੇ ਵਿਰਾਸਤੀ ਫ਼ਸਲਾਂ ਦੀਆਂ ਕਿਸਮਾਂ ਦਾ ਜਰਮ ਪਲਾਜਮ ਸੰਭਾਲ ਕੇ ਰੱਖਣ ਦੀ ਸਖ਼ਤ ਲੋੜ ਹੈ ਅਤੇ ਇਨ੍ਹਾਂ ਗੁਆਚ ਰਹੀਆਂ ਕਿਸਮਾਂ ਦਾ ਜੀਨ ਬੈਂਕ ਸਥਾਪਿਤ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਵੱਧ ਝਾੜ ਦੇਣ ਵਾਲੀਆਂ ਨਵੀਆਂ ਫ਼ਸਲਾਂ ਵਿਕਸਿਤ ਕਰਨ ਸਮੇਂ ਇਨ੍ਹਾਂ ਪੁਰਾਣੀਆਂ ਕਿਸਮਾਂ ਦੇ ਗੁਣ ਤੇ ਕ੍ਰੈਕਟਰ ਨਵੀਆਂ ਕਿਸਮਾਂ ਵਿਚ ਪਾਏ ਜਾ ਸਕਣ।

ਦੇਸ਼ ਦੀ ਵੰਡ ਤੋਂ ਪਹਿਲਾਂ ਬਿਰਛਾਂ ਦੀ ਲੱਕੜ ਦੀਆਂ ਲਟੈਣਾਂ, ਸ਼ਤੀਰਾਂ ਤੇ ਬਾਲਿਆਂ ਅਤੇ ਕਾਨ੍ਹਿਆਂ ਦੀ ਸਿਰਕੀ ਦੀਆਂ ਛੱਤਾਂ ਵਾਲੇ ਕੱਚੇ ਘਰ ਤੇ ਹੱਥੀਂ ਪੈਦਾ ਕੀਤੀਆਂ ਕਪਾਹਾਂ ਤੋਂ ਤਿਆਰ ਕੀਤੇ ਖੱਦਰ ਦੇ ਕੱਪੜੇ ਵਰਤੇ ਜਾਂਦੇ ਸਨ ਜੋ ਸਰਦੀਆਂ ਵਿਚ, ਗਰਮ ਤੇ ਗਰਮੀਆਂ ਵਿਚ ਠੰਢੇ ਰਹਿੰਦੇ ਸਨ ਤੇ ਸਰੀਰਾਂ ਦੀ ਚਮੜੀ ਨੂੰ ਵੀ ਰੋਗਾਂ ਤੋਂ ਬਚਾਉਂਦੇ ਸਨ। ਵੰਨ-ਸੁਵੰਨਤਾ ਦਾ ਸੰਸਾਰ ਕੇਵਲ ਬਿਰਛ ਬੂਟਿਆਂ ਅਤੇ ਫ਼ਸਲਾਂ ਨਾਲ ਹੀ ਸੰਪੰਨ ਨਹੀਂ ਹੁੰਦਾ, ਇਸ ਨੂੰ ਸੰਪੂਰਨ ਰੂਪ ਦੇਣ ਵਿਚ ਪਸ਼ੂਆਂ, ਪੰਛੀਆਂ, ਉਡਣ ਵਾਲੇ ਅਤੇ ਮਿੱਟੀ ਵਿਚ ਵਸਣ ਵਾਲੇ ਕੀੜਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਉਡਣ ਵਾਲੇ ਕੀੜੇ ਭੌਰੇ, ਤਿੱਤਲੀਆਂ ਅਤੇ ਮਧੂ ਮੱਖੀਆਂ ਜੇ ਨਾ ਹੋਣ ਤਾਂ ਪ੍ਰਾਗਰਸ ਵਾਲੇ ਬਿਰਛਾਂ ਦੇ ਫ਼ਲਾਂ ਤੇ ਫ਼ਸਲਾਂ ਦੇ 15 ਤੋਂ 20 ਫ਼ੀਸਦੀ ਝਾੜ ਨੂੰ ਬਰੇਕ ਲੱਗ ਸਕਦੀ ਹੈ ਤੇ ਸ਼ਹਿਦ ਦੀ ਨਿਆਮਤ ਵੀ ਹੱਥਾਂ ਵਿਚੋਂ ਨਿਕਲ ਸਕਦੀ ਹੈ।

ਮਿੱਟੀ ਵਿਚ ਵਸਣ, ਵਿਗਸਣ ਤੇ ਕੰਮ ਕਰਨ ਵਾਲੇ ਕੀੜਿਆਂ ਦੀ ਕਿਰਪਾ ਨਾਲ ਹੀ ਧਰਤੀ ਨੂੰ ਅਨਾਜ ਉਤਪੰਨ ਕਰਨ ਲਈ ਵਿਸ਼ੇਸ਼ ਵਰਦਾਨ ਪ੍ਰਾਪਤ ਹੁੰਦਾ ਹੈ, ਇਨ੍ਹਾਂ ਕੀੜਿਆਂ ਵਿਚ ਗੰਡੋਏ, ਪੂੰਗਰੇ, ਘੁਮਾਰ ਅਤੇ ਹੋਰ ਕਈ ਕੀੜੇ ਸ਼ਾਮਿਲ ਹਨ, ਫ਼ਸਲਾਂ ਵਿਚ ਗੈਰ ਸਿਫਾਰਿਸ਼ ਰਸਾਇਣਾਂ ਦੀ ਗ਼ਲਤ ਢੰਗਾਂ ਨਾਲ ਵਰਤੋਂ ਕਰਕੇ ਇਨ੍ਹਾਂ ਕੀੜਿਆਂ ਦਾ ਵੱਡੀ ਪੱਧਰ ਤੇ ਵਿਨਾਸ਼ ਕੀਤਾ ਗਿਆ ਹੈ, ਬਹੁਤ ਸਾਰੇ ਕੀੜਿਆਂ ਦੀ ਤਾਂ ਹੋਂਦ ਹੀ ਖ਼ਤਮ ਕਰ ਦਿੱਤੀ ਗਈ ਹੈ।

1950 ਤੋਂ ਪਹਿਲਾਂ ਜਦੋਂ ਬਰਸਾਤ ਦੇ ਮੌਸਮ ਵਿਚ ਹਲ ਚਲਾਏ ਜਾਂਦੇ ਸਨ ਤਾਂ ਦੂਰ ਪਿੱਛੇ ਤੱਕ ਸੱਜਰੇ ਵਾਹੇ ਸਿਆੜਾਂ ਵਿਚ ਲਾਲ ਰੰਗ ਦੇ ਅਨੇਕਾਂ ਕੀੜੇ ਨਜ਼ਰ ਆਉਂਦੇ ਸਨ, ਇਨ੍ਹਾਂ ਨੂੰ "ਚੀਚ ਵਹੁਟੀਆਂ" ਕਿਹਾ ਜਾਂਦਾ ਸੀ, ਅੱਜ ਇਨ੍ਹਾਂ ਵਿਚੋਂ ਇਕ ਵੀ ਕੀੜਾ ਕਿਤੇ ਨਜ਼ਰ ਨਹੀਂ ਆਉਂਦਾ, ਸਾਵਣ ਭਾਦੋਂ ਦੇ ਦਿਨਾਂ ਅੰਦਰ ਸਾਉਣੀ ਦੀਆਂ ਫ਼ਸਲਾਂ ਦੇ ਪੱਤਿਆਂ ਦੀਆਂ ਨੋਕਾਂ ਉੱਪਰ ਹਨ੍ਹੇਰੀਆਂ ਰਾਤਾਂ ਵਿਚ ਆਪਣੇ ਖੰਭਾਂ ਵਿਚਲੇ ਮਾਦੇ ਨਾਲ ਟਿਮ ਟਮਾਉਂਦੇ ਅਤੇ ਚਾਨਣ ਦੇ ਛੱਟੇ ਦਿੰਦੇ ਟਟਹਿਣੇ (ਜੁਗਨੂੰ) ਹੁਣ ਕਿਤੇ ਨਜ਼ਰ ਨਹੀਂ ਆਉਂਦੇ। ਝੋਨੇ ਲਈ ਕੱਦੂ ਕੀਤੀ ਮਿੱਟੀ ਦੀ ਸਖਤ ਤਹਿ ਦੇ ਹੇਠ ਉਪਰ ਕੰਮ ਕਰਨ ਵਾਲੇ ਕੀੜਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਜ਼ੇ ਕੱਦੂ ਕੀਤੇ ਗਾਰੇ ਉੱਤੇ ਹਜ਼ਾਰਾਂ ਗੰਡੋਇਆਂ ਦੀਆਂ ਲਾਸ਼ਾਂ ਤਰਦੀਆਂ ਦਿਸਦੀਆਂ ਹਨ।

ਫ਼ਸਲਾਂ ਦੇ ਗੋਭ ਤੇ ਪੱਤਿਆਂ ਨੂੰ ਗੋਭ ਦੇ ਗੰੜੂਏ ਤੇ ਸੁੰਡੀਆਂ ਤੋਂ ਬਚਾਉਣ ਲਈ ਪੱਤਿਆਂ ਦੀਆਂ ਨੋਕਾਂ ਉੱਪਰ ਤਾਰਾਂ ਦੀ ਸੁਰੱਖਿਆ ਛਤਰੀ ਦਾ ਜਾਲ ਬੁਨਣ ਵਾਲੀਆਂ ਮੱਕੜੀਆਂ ਵੀ ਮਾਰੂ ਰਸਾਇਣਾਂ ਦੀ ਭੇਟ ਚੜ੍ਹ ਗਈਆਂ ਹਨ। ਮਿੱਟੀ ਵਿਚਲੇ ਕਲਿਆਣਕਾਰੀ ਜੀਵਾਂ ਦੇ ਪਰਿਵਾਰ ਵਧਾਉਣ ਤੇ ਉਨ੍ਹਾਂ ਲਈ ਕੰਮ ਦੇ ਮੌਕੇ ਪੈਦਾ ਕਰਨ ਲਈ ਸਾਨੂੰ ਕਈ ਫ਼ਸਲਾਂ ਵਿਚ ਖੇਤੀ ਦੀ ਬਚਖੁਚ ਦੀ ਤਹਿ ਵਿਛਾਉਣ ਅਤੇ ਫ਼ਸਲਾਂ ਵਿਚੋਂ ਹੀ ਕੱਢੇ ਘਾਹ ਫੂਸ ਨੂੰ ਫ਼ਲ ਪੱਕਣ ਤੋਂ ਅੱਗੇ ਪਿੱਛੇ ਬੂਟਿਆਂ ਦੇ ਮੁੱਢਾਂ ਨਾਲ ਲਾਉਣ ਨਾਲ ਮਿੱਟੀ ਵਿਚਲੇ ਕੀੜੇ ਫ਼ਸਲਾਂ ਤੇ ਬੂਟਿਆਂ ਲਈ ਕੁਦਰਤੀ ਖਾਦ ਤਿਆਰ ਕਰ ਸਕਦੇ ਹਨ। ਅਜੋਕੀ ਖੇਤੀ ਨਾਲ ਜੈਵਿਕ ਵਿਭਿੰਨਤਾ ਨੂੰ ਪੁੱਜਾ ਭਾਰੀ ਨੁਕਸਾਨ

 

ਅੱਜ ਬਹੁਤ ਸਾਰੇ ਪੰਛੀ ਇਨਸਾਨਾਂ ਦੇ ਸਵਾਰਥੀ ਵਰਤਾਰੇ ਕਰਕੇ ਇਸ ਸੰਸਾਰ ਨੂੰ ਛੱਡ ਗਏ ਹਨ, ਖੂਬਸੂਰਤ ਅਜੂਬੇ ਵਰਗੇ ਘਰ (ਆਲ੍ਹਣੇ) ਬਣਾਉਣ ਵਾਲੇ ਮਹਾਨ ਕਲਾਕਾਰ ਪੰਛੀ ਬਿਜੜਿਆਂ ਤੇ ਸ਼ਰੀਫ ਪੰਛੀ ਚਿੜੀਆਂ ਦੀ ਗਿਣਤੀ ਕਈ ਗੁਣਾਂ ਘਟ ਗਈ ਹੈ।

ਖੇਤੀ ਵਿਚ ਜੈਵਿਕ ਵਿਭਿੰਨਤਾ ਦਾ ਵਿਸ਼ੇਸ਼ ਹਿੱਸਾ ਤੇ ਅੰਗ ਹਨ ਸਾਡੇ ਅਨੇਕਾਂ ਵਨ-ਸੁਵੰਨੇ ਤੇ ਖੂਬਸੂਰਤ ਪੰਛੀ, ਇਹ ਪੰਛੀ ਜਿੱਥੇ ਫ਼ਸਲਾਂ ਦੇ ਦੁਸ਼ਮਣ ਕੀੜਿਆਂ ਨੂੰ ਆਪਣੀ ਖੁਰਾਕ ਬਣਾ ਕੇ ਇਨ੍ਹਾਂ ਕੀੜਿਆਂ ਤੋਂ ਹਮਲੇ ਰੋਕਣ ਲਈ ਵਰਤੀਆਂ ਜਾਂਦੀਆਂ ਜ਼ਹਿਰਾਂ ਦੀ ਜ਼ਹਿਮਤ ਤੋਂ ਛੁਟਕਾਰਾ ਦਿਵਾਉਂਦੇ ਹਨ ਉਥੇ ਸਾਡੇ ਵਾਤਾਵਰਨ ਤੇ ਕੁਦਰਤੀ ਸਰੋਤਾਂ ਦੇ ਵੀ ਰਾਖੇ ਹਨ।

ਧਰਤੀ ਉੱਪਰ ਹਰਿਆਵਲ ਵਧਾਉਣ ਵਿਚ ਵੀ ਪੰਛੀਆਂ ਦਾ ਵੱਡਾ ਯੋਗਦਾਨ ਹੈ, ਪਿੱਪਲ ਬੋਹੜ੍ਹ ਤੇ ਪਿਲਕਣ ਵਰਗੇ ਬਿਰਛ ਤਾਂ ਜੰਮਦੇ ਹੀ ਤਦ ਹਨ ਜੇ ਪੰਛੀ ਇਨ੍ਹਾਂ ਬਿਰਛਾਂ ਦੇ ਫ਼ਲ ਤੇ ਗੋਲ੍ਹਾਂ ਖਾ ਕੇ ਆਪਣੀਆਂ ਬਿੱਠਾਂ ਰਾਹੀਂ ਇਨ੍ਹਾਂ ਦੇ ਬੀਜ ਖਿਲਾਰਨ। ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਵੀ ਇਨਸਾਨਾਂ ਦੀਆਂ ਅਜੋਕੀਆਂ ਮਨਹੂਸ ਲੋੜਾਂ ਦੀ ਭੇਟ ਚੜ੍ਹ ਗਈਆਂ ਹਨ। ਬਹੁਤੇ ਪੰਛੀ ਤਾਂ ਖੇਤਾਂ ਵਿਚ ਖੇਤੀ ਦੀ ਬਚਖੁਚ ਨੂੰ ਲਾਈ ਅੱਗ ਨੇ ਖਾ ਲਏ ਹਨ, ਕਣਕ ਦੇ ਨਾੜ ਤੇ ਹੋਰ ਬਚਖੁਚ ਦੀ ਅੱਗ ਨਾਲ ਜਿੱਥੇ ਸਾਡੇ ਜੀਵਨ ਦਾਤੇ ਬਿਰਛ ਸੁਆਹ ਦਾ ਢੇਰ ਬਣ ਜਾਂਦੇ ਹਨ, ਉੱਥੇ ਬਿਰਛਾਂ ਉੱਪਰ ਬਣੇ ਪੰਛੀਆਂ ਦੇ ਘਰਾਂ (ਆਲ੍ਹਣਿਆਂ) ਵਿਚ ਪਏ ਉਨਾਂ ਦੇ ਆਂਡੇ ਤੇ ਬੱਚੇ ਆਲ੍ਹਣਿਆਂ ਸਮੇਤ ਗਰਮ ਰਾਖ ਵਿਚ ਬਦਲ ਜਾਂਦੇ ਹਨ। ਆਪਣੇ ਮਿਹਨਤ ਨਾਲ ਬਣਾਏ ਆਲ੍ਹਣੇ ਤੇ ਆਪਣੇ ਬੱਚੇ ਸੜਦੇ ਵੇਖ ਕੇ ਪੰਛੀ ਵਿਰਲਾਪ ਕਰਦੇ ਹਨ। ਪਰ ਪਤਾ ਨਹੀਂ ਕਿਉਂ ਅੱਗ ਲਾਉਣ ਵਾਲੇ ਬਹੁਤੇ ਕਿਸਾਨਾਂ ਦੇ ਦਿਲਾਂ ਵਿਚ ਕੋਈ ਚੀਸ ਕਿਉਂ ਨਹੀਂ ਉੱਠਦੀ। ਸੈਂਕੜੇ ਫੁੱਟ ਉੱਚੇ ਪਹਾੜਾਂ ਦੀਆਂ ਚੋਟੀਆਂ ਨੂੰ ਕੌਣ ਕਰਦਾ ਹੈ ਹਰੇ ਭਰੇ? ਇਹ ਕੰਮ ਕੇਵਲ ਪੰਛੀ ਕਰਦੇ ਹਨ, ਜੋ ਮੈਦਾਨਾਂ ਵਿਚੋਂ ਫਲ ਅਤੇ ਗੋਲ੍ਹਾਂ ਖਾ ਕੇ ਉਨ੍ਹਾਂ ਦੇ ਬੀਜ ਆਪਣੀਆਂ ਬਿੱਠਾਂ ਰਾਹੀਂ ਉੱਚੇ ਪਹਾੜਾਂ 'ਤੇ ਖਿਲਾਰਦੇ ਹਨ ਫਿਰ ਮੌਨਸੂਨ ਦਾ ਮੌਸਮ ਆਉਣ 'ਤੇ ਬੀਜ ਜੰਮਦੇ ਹਨ ਤੇ ਪਹਾੜ ਹਰਿਆਵਲ ਨਾਲ ਢਕੇ ਜਾਂਦੇ ਹਨ, ਇਉ ਇਸ ਹਰਿਆਵਲ ਨਾਲ ਵਾਤਾਵਰਨ ਵਿਚ ਸੰਤੁਲਨ ਸਥਾਪਤ ਹੁੰਦਾ ਹੈ।

ਮੱਝਾਂ ਗਾਵਾਂ ਦਾ ਦੁੱਧ ਚੋਣ ਲਈ ਲਾਏ ਟੀਕਿਆਂ ਤੋਂ ਬਾਅਦ ਮਰੇ ਪਸ਼ੂਆਂ ਦਾ ਮਾਸ ਖਾ ਕੇ ਗਿਰਝਾਂ ਅਤੇ ਇੱਲਾਂ ਬਾਂਝ ਹੋ ਗਈਆਂ ਹਨ ਤੇ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹੀਆਂ, ਇਕ ਬਹੁਤ ਸਮਰੱਥ ਤੇ ਖੂਬਸੂਰਤ ਪੰਛੀ ਨੀਲ ਕੰਠ, ਜਿਸ ਨੂੰ ਦੁਆਬੇ ਵਿਚ ਬੜਕੌਂਕ ਕਿਹਾ ਜਾਂਦਾ ਸੀ ਤੇ ਦੁਸਹਿਰੇ ਵਾਲੇ ਦਿਨ ਜਿਸ ਦੇ ਦਰਸ਼ਨ ਕਰਨ ਨੂੰ ਸ਼ਗਨ ਸਮਝਿਆ ਜਾਂਦਾ ਸੀ, ਨੂੰ ਪੂਰੀ ਤਰ੍ਹਾਂ ਖ਼ਤਮ ਹੋਇਆਂ ਕਈ ਦਹਾਕੇ ਹੋ ਚੁੱਕੇ ਹਨ। ਅੱਜ ਜੈਵਿਕ ਵਿਭਿੰਨਤਾ ਦੇ ਪੁਰਾਤਨ ਸੰਸਾਰ ਨੂੰ ਬੁਰੀ ਤਰ੍ਹਾਂ ਅਣਗੌਲਿਆ ਹੀ ਨਹੀਂ ਕੀਤਾ ਗਿਆ, ਸਗੋਂ ਇਸ ਤੋਂ ਖੁਰਾਕੀ ਲਾਭ ਲੈਣ ਦੀ ਲੋੜ ਵੀ ਤਿਆਗ ਦਿੱਤੀ ਗਈ ਹੈ, ਕਦੇ ਰਾਤ ਨੂੰ ਦੁੱਧ ਤੇ ਤੜਕੇ ਨੂੰ ਦ੍ਰਿੜਕੇ ਦੇ ਕੰਗਣੀ ਵਾਲੇ ਗਲਾਸ ਭਰ ਭਰ ਕੇ ਪੀਣ ਦਾ ਰਿਵਾਜ ਪ੍ਰਚੱਲਤ ਹੁੰਦਾ ਸੀ। ਲੱਸੀ ਅਤੇ ਗੰਨੇ ਦੀ ਤਾਜ਼ਾ ਰਸ ਦੇ ਛੰਨੇ ਭਰ ਭਰ ਕੇ ਪੰਜਾਬੀ ਪੀਂਦੇ ਸਨ, ਚਣ ਕਮਾਦੀ ਦੀ ਰਸ ਦੀ ਵਰਤੋਂ ਤਾਂ ਸਿਹਤ ਲਈ ਇਕ ਕੀਮਤੀ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਸੀ ਅਤੇ ਚਣ ਦੀਆਂ ਛਿੱਲਾਂ (ਪੀੜ) ਤੋਂ ਅਰਾਮਦੇਹ ਮੂੜ੍ਹੇ ਬਣਾਏ ਜਾਂਦੇ ਸਨ, ਚਣ ਦੇ ਗੰਨੇ ਹੁਣ ਤਾਂ ਸੁਫ਼ਨਿਆਂ ਵਿਚ ਚਲੇ ਗਏ ਹਨ। ਹਰੇ ਛੋਲੇ ਭੁੰਨ ਕੇ ਹੋਲਾਂ ਤੇ ਕਣਕ ਦੇ ਹਰੇ ਸਿੱਟੇ ਭੁੰਨ ਕੇ ਦਾਣਿਆਂ ਦੀਆਂ ਫੁੰਮਣੀਆਂ ਲੋਕ ਖਾਂਦੇ ਸਨ, ਰਾਤ ਨੂੰ ਖਾਣੇ ਤੋਂ ਬਾਅਦ ਸ਼ੱਕਰ ਘਿਓ ਖਾਂਦੇ ਸਨ, ਗਰਮੀਆਂ ਵਿਚ ਜੋਆਂ ਦੇ ਸੱਤੂ ਤੇ ਸਰਦੀਆਂ ਵਿਚ ਅਲਸੀ ਦੀਆਂ ਪਿੰਨੀਆਂ ਪੇਂਡੂ ਲੋਕ ਖਾਂਦੇ ਸਨ ਅਤੇ ਸਿਹਤਮੰਦ ਰਹਿੰਦੇ ਸਨ। ਅਲਸੀ ਤੇ ਹਾਲੋਂ ਪਸ਼ੂਆਂ ਦੀ ਸਿਹਤ ਲਈ ਤਾਕਤ ਦਾ ਖਜ਼ਾਨਾ ਸਮਝੀ ਜਾਂਦੀ ਸੀ, ਖ਼ੁਰਾਕ ਵਿਚ ਹਾਲੋਂ ਤੇ ਅਲਸੀ ਦੀ ਨਿਰੰਤਰ ਵਰਤੋਂ ਕਰਦਿਆਂ ਸਰੀਰ ਨੂੰ ਤਾਕਤ ਦੇਣ ਵਾਲੇ ਕਿਸੇ ਟੋਨਿਕ, ਟੀਕੇ, ਕੈਪਸੂਲ ਜਾਂ ਗੋਲੀ ਦੀ ਲੋੜ ਨਹੀਂ ਸੀ ਪੈਂਦੀ, ਇਕ ਪੁਰਾਣੀ ਕਹਾਵਤ ਹੈ ਕਿ ਹਾਲੋਂ ਤੇ ਅਲਸੀ ਕਹਿੰਦੀਆਂ ਸਨ ਕਿ "ਅਸੀਂ ਕਿਸੇ ਮਰੇ ਹੋਏ ਇਨਸਾਨ ਜਾਂ ਪਸ਼ੂ ਨੂੰ ਜਿਉਂਦਾ ਤਾਂ ਨਹੀਂ ਕਰ ਸਕਦੀਆਂ, ਪਰ! ਡਿੱਗੇ ਹੋਏ ਨੂੰ ਉਠਾ ਕੇ ਖੜ੍ਹਾ ਜ਼ਰੂਰ ਕਰ ਸਕਦੀਆਂ ਹਾਂ"। ਪਰ ਅੱਜ ਆਮ ਖੇਤਾਂ ਵਿਚ ਅਲਸੀ ਤੇ ਹਾਲੋਂ ਦੀ ਕਾਸ਼ਤ ਕਿਤੇ ਨਜ਼ਰ ਨਹੀਂ ਆਉਂਦੀ।

ਪੁਰਾਣੀਆਂ ਇਨ੍ਹਾਂ ਕਲਿਆਣਕਾਰੀ ਤੇ ਪੌਸ਼ਟਿਕ ਖੁਰਾਕਾਂ ਦੇ ਮੁਕਾਬਲੇ ਅੱਜ ਪੀਜ਼ੇ, ਬਰਗਰ ਤੇ ਫਾਸਟ ਫੂਡ ਅਤੇ ਜ਼ੰਕ ਫੂਡ ਆ ਗਏ ਹਨ, ਜੋ ਆਪਣੇ ਨਾਲ ਹੀ ਅਜੋਕੇ ਇਨਸਾਨ ਲਈ ਮੋਟਾਪਾ ਅਤੇ ਕਈ ਜਾਨਲੇਵਾ ਰੋਗ ਵੀ ਲੈ ਕੇ ਆਏ ਹਨ।

 

ਮਹਿੰਦਰ ਸਿੰਘ ਦੁਸਾਂਝ