ਗੁਰੂ ਨਾਨਕ ਦੇ ਘਰ ਦਾ ਇਸ ਤੋਂ ਵੱਡਾ ਚਮਤਕਾਰ ਤੇ ਕਰਾਮਾਤ ਹੋਰ ਕੀ ਹੋ ਸਕਦੀ?

ਗੁਰੂ ਨਾਨਕ ਦੇ ਘਰ ਦਾ ਇਸ ਤੋਂ ਵੱਡਾ ਚਮਤਕਾਰ ਤੇ ਕਰਾਮਾਤ ਹੋਰ ਕੀ ਹੋ ਸਕਦੀ?

ਸਿੱਖ ਧਰਮ ਦੇ ਤੀਸਰੀ ਪਾਤਸ਼ਾਹੀ ਦੀ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਈਰਖਾ-ਵੱਸ ਇਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਛੋਟੇ ਸਪੁੱਤਰ ਦਾਤੂ ਜੀ ਨੇ ਗੋਇੰਦਵਾਲ ਸਾਹਿਬ ਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਸਿੰਘਾਸਣ ਤੋਂ ਡਿੱਗ ਪਏ, ਪਰ ਮੁੜ ਉਠ ਕੇ ਦਾਤੂ ਜੀ ਦਾ ਪੈਰ ਫੜ ਕੇ ਨਿਮਰਤਾ ਸਹਿਤ ਆਖਣ ਲੱਗੇ, 'ਮੇਰੇ ਹੱਡ ਕਰੜੇ ਹਨ, ਆਪ ਦੇ ਸੋਹਲ ਪੈਰ ਨੂੰ ਕਿਤੇ ਸੱਟ 'ਤੇ ਨਹੀਂ ਲੱਗ ਗਈ?'

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ, ਉਦਾਸੀ ਮਤ ਦੇ ਸੰਚਾਲਕ ਬਾਬਾ ਸ੍ਰੀ ਚੰਦ ਜੀ ਆਪਣੀ ਇਕ ਯਾਤਰਾ ਸਮੇਂ, ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਏ। ਸ੍ਰੀ ਗੁਰੂ ਰਾਮਦਾਸ ਜੀ ਦੇ ਲੰਬੇ ਦਾੜ੍ਹੇ ਨੂੰ ਵੇਖ ਕੇ ਬਾਬਾ ਸ੍ਰੀ ਚੰਦ ਨੇ ਮਖ਼ੌਲ ਵਜੋਂ ਕਿਹਾ, 'ਇਸ ਨੂੰ ਵਧਾ ਕੇ ਕਿਉਂ ਰੱਖਿਆ ਜੇ?' ਸ੍ਰੀ ਗੁਰੂ ਰਾਮਦਾਸ ਜੀ ਬੜੀ ਨਿਮਰਤਾ ਦੇ ਨਾਲ ਹੱਥ ਜੋੜਦਿਆਂ ਕਹਿਣ ਲੱਗੇ 'ਆਪ ਜੀ ਦੇ ਪਵਿੱਤਰ ਚਰਨਾਂ ਦੀ ਧੂੜ ਨੂੰ ਝਾੜਨ ਲਈ।' ਗੁਰੂ ਸਾਹਿਬ ਦਾ ਉੱਤਰ ਸੁਣ ਕੇ ਬਾਬਾ ਸ੍ਰੀ ਚੰਦ ਜੀ ਨੇ ਹੱਥ ਜੋੜ ਲਏ ਤੇ ਕਹਿਣ ਲੱਗੇ, 'ਇਹੀ ਕਰਾਮਾਤ ਹੈ ਜਿਸ ਨੇ ਤੁਹਾਨੂੰ ਏਡਾ ਵੱਡਾ ਤੇ ਮੈਨੂੰ ਏਡਾ ਛੋਟਾ ਬਣਾ ਦਿੱਤਾ ਹੈ।'

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੇਠ-ਹਾੜ ਦੀ ਅੰਗਾਰ ਵਰ੍ਹਾਉਂਦੀ ਗਰਮੀ ਵਿਚ ਅੱਗ ਦੀ ਤਪਦੀ ਲੋਹ 'ਤੇ ਬਿਠਾ ਕੇ ਜਹਾਂਗੀਰ ਦੇ ਹੁਕਮ 'ਤੇ ਉਸ ਦੇ ਅਹਿਲਕਾਰ ਅੱਗ ਵਾਂਗੂੰ ਭਖਦੀ ਰੇਤਾ ਦੇ ਕੜਛੇ ਗੁਰੂ ਸਾਹਿਬ ਦੇ ਸਰੀਰ 'ਤੇ ਪਾ ਰਹੇ ਸਨ। ਇਸ ਸਾਰੇ ਜ਼ੁਲਮ ਤੋਂ ਬੇਅਸਰ ਤੇ ਬੇਖ਼ਬਰ, ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਅਕਾਲ ਦੀ ਮੌਜ ਵਿਚ ਅਚੱਲ ਸਮਾਧੀ ਵਿਚ ਲੀਨ ਸਨ। ਕੋਲ ਖੜ੍ਹੇ ਸਾਈਂ ਮੀਆਂ ਮੀਰ ਕੋਲੋਂ ਇੰਨਾ ਜ਼ੁਲਮ ਵੇਖਿਆ ਨਾ ਜਾ ਸਕਿਆ। ਜ਼ੁਲਮ ਦੀ ਅੰਤ ਵੇਖ ਕੇ ਸਾਈਂ ਮੀਆਂ ਮੀਰ ਗੈਜ਼ੋ-ਗ਼ਜ਼ਬ ਨਾਲ ਕੰਬਣ ਲੱਗੇ ਤੇ ਸੱਚੇ ਸਤਿਗੁਰੂ, ਸ਼ਾਂਤ ਬੀਰਤਾ ਦੇ ਅਵਤਾਰ ਤੇ ਭਾਣਿਆਂ ਦੇ ਮਾਲਕ ਨੂੰ ਕਹਿਣ ਲੱਗੇ, 'ਹੇ ਦੋ ਜਹਾਨ ਦੇ ਵਾਲੀਆ! ਸਰਬ ਕਲਾ ਸਮਰੱਥ ਸੱਚੇ ਪਾਤਸ਼ਾਹ! ਕੁੱਲ ਕਾਇਨਾਤ ਤੇਰੇ ਇਲਾਹੀ ਹੁਕਮ ਦੀ ਗ਼ੁਲਾਮ ਹੈ। ਮੈਂ ਤਾਂ ਤੇਰੇ ਦਰ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਮੈਨੂੰ ਹੁਕਮ ਕਰੋ, ਇਸ ਜ਼ੁਲਮੀ ਰਾਜ ਦਾ ਤਖ਼ਤਾ ਅੱਖ ਦੇ ਫੋਰ ਵਿਚ ਪਲਟਾ ਦੇਵਾਂ। ਦਿੱਲੀ ਅਤੇ ਲਾਹੌਰ ਦੀਆਂ ਜ਼ੁਲਮੀ ਰਾਜਧਾਨੀਆਂ ਨੂੰ ਦੋਹੀਂ ਹੱਥੀਂ ਫੜ ਕੇ ਭਿੜਾ ਦੇਵਾਂ ਤੇ ਛਿਣ ਵਿਚ ਪਾਸ਼-ਪਾਸ਼ ਕਰ ਦੇਵਾਂ।' ਸ੍ਰੀ ਗੁਰੂ ਅਰਜਨ ਦੇਵ ਜੀ ਸੁਰਤਿ ਮਗਨਾਈਆਂ ਸਮਾਧੀਆਂ ਤੋਂ ਸਾਵਧਾਨ ਹੋ ਕੇ ਅਗੰਮੀ ਨੂਰ ਨਾਲ ਲਬਾ-ਲਬ ਭਰੇ ਨੇਤਰਾਂ ਨੂੰ ਖੋਲ੍ਹ ਕੇ ਮੁਸਕਰਾਉਂਦਿਆਂ ਆਖਣ ਲੱਗੇ, 'ਪਿਆਰਿਆ ਅਲਮਸਤ ਫ਼ਕੀਰਾ! ਹੁੰਦੇ ਤਾਣ ਨਿਤਾਣਾ ਹੋਣਾ ਅਤੇ ਹੁੰਦੇ ਮਾਣ ਨਿਮਾਣਾ ਹੋਣਾ ਹੀ ਅਸਲ ਸ਼ਾਂਤ ਬੀਰਤਾ ਹੁੰਦੀ ਹੈ। ਅਜਰ ਨੂੰ ਜਰਨਾ ਅਤੇ ਭਾਣੇ ਨੂੰ ਮੰਨਣਾ ਹੀ ਆਪ ਜਿਹੇ ਮਹਾਂਪੁਰਖਾਂ ਨੂੰ ਸੋਭਦਾ ਹੈ। ਸ਼ਕਤੀ ਕਰਾਮਾਤ ਵਿਖਾਉਣਾ ਭਗਤੀ ਮਾਰਗ ਤੋਂ ਬਹੁਤੇ ਉਰ੍ਹਾਂ ਦੀ ਗੱਲ ਹੈ। ਸੋ ਰਹਿਮਤ ਦੇ ਘਰ ਵਿਚ ਆਓ ਅਤੇ ਸਾਨੂੰ ਅਕਾਲ ਪੁਰਖ ਦੇ ਇਲਾਹੀ ਹੁਕਮਾਂ ਦੀ ਕਾਰ ਤੇ ਅਮਿੱਟ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਿਓ।'

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਦਰਬਾਰ ਵਿਚ ਬਿਰਾਜਮਾਨ ਹੁੰਦੇ ਸਨ ਤਾਂ ਬਾਲ ਅਵਸਥਾ ਵਿਚ ਉਨ੍ਹਾਂ ਦੇ ਸਪੁੱਤਰ ਸ੍ਰੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਜਦੋਂ ਵੀ ਦਰਬਾਰ ਵਿਚ ਗੁਰੂ ਪਿਤਾ ਦੇ ਸਨਮੁੱਖ ਦਰਸ਼ਨਾਂ ਲਈ ਆਉਂਦੇ ਤਾਂ ਉਨ੍ਹਾਂ ਦੇ ਨੇਤਰ ਹਮੇਸ਼ਾ ਝੁਕੇ ਹੁੰਦੇ। ਇਕ ਦਿਨ ਸੰਗਤਾਂ ਨੇ ਬੰਦੀ-ਛੋੜ ਸਤਿਗੁਰੂ ਨੂੰ ਬੇਨਤੀ ਕੀਤੀ, 'ਹੇ ਸਤਿਗੁਰੂ! ਆਪ ਜੀ ਦੇ ਸਾਹਿਬਜ਼ਾਦਾ ਸ੍ਰੀ ਤਿਆਗ ਮੱਲ ਜੀ ਜਦੋਂ ਵੀ ਆਪ ਜੀ ਦੇ ਸਨਮੁੱਖ ਆਉਂਦੇ ਹਨ ਤਾਂ ਉਨ੍ਹਾਂ ਦੇ ਨੈਣ ਹਮੇਸ਼ਾ ਨੀਵੇਂ ਹੁੰਦੇ ਹਨ, ਅਜਿਹਾ ਕਿਉਂ?' ਇਸ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਤਿਆਗ ਮੱਲ ਜੀ ਨੂੰ ਆਪਣੇ ਕੋਲ ਬੁਲਾਇਆ 'ਤੇ ਪੁੱਛਣ ਲੱਗੇ, ‘ਪੁੱਤਰ ਜੀ! ਸੰਗਤਾਂ ਜਾਣਨਾ ਚਾਹੁੰਦੀਆਂ ਹਨ ਕਿ ਆਪ ਜਦੋਂ ਵੀ ਸਾਡੇ ਸਨਮੁੱਖ ਆ ਹਾਜ਼ਰ ਹੁੰਦੇ ਹੋ ਤਾਂ ਆਪ ਦੇ ਨੈਣ ਨੀਵੇਂ ਕਿਉਂ ਹੁੰਦੇ ਹਨ? ' ਇਸ 'ਤੇ ਭਵਿੱਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਗੱਦੀ 'ਤੇ ਬਿਰਾਜਮਾਨ ਹੋਣ ਵਾਲੇ, ਸ੍ਰੀ ਤਿਆਗ ਮੱਲ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਪਿਤਾ ਸਨਮੁੱਖ ਖੜ੍ਹੇ ਹੋ ਕੇ ਉੱਤਰ ਦਿੱਤਾ, 'ਗੁਰੂ ਪਿਤਾ ਜੀ! ਮੇਰੇ ਵਿਚ ਗੁਨਾਹ ਹੀ ਏਨੇ ਹਨ ਕਿ ਮੈਂ ਆਪ ਜੀ ਦੇ ਸਨਮੁੱਖ ਨੈਣਾਂ ਵਿਚ ਨੈਣ ਮਿਲਾਉਣ ਦੀ ਹਿੰਮਤ ਹੀ ਨਹੀਂ ਕਰ ਸਕਦਾ।' ਇਹ ਸੁਣ ਕੇ ਬੰਦੀ ਛੋੜ ਦਾਤਾ ਛੇਵੇਂ ਸਤਿਗੁਰੂ ਨੇ ਆਪਣੇ ਪੁੱਤਰ ਸ੍ਰੀ ਤਿਆਗ ਮੱਲ ਜੀ ਨੂੰ ਗਲਵਕੜੀ ਵਿਚ ਲੈਂਦਿਆਂ ਸੰਗਤਾਂ ਨੂੰ ਉਪਦੇਸ਼ ਦਿੱਤਾ, 'ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ ਕਿ ਇੱਥੇ ਨਿਮਰਤਾ ਅਤੇ ਮਿਠਾਸ ਵਰਗੇ ਗੁਣ ਹੀ ਸਭ ਤੋਂ ਵੱਡੀ ਸ਼ਕਤੀ ਹਨ।'

''ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥…॥੧॥”

(ਸਲੋਕੁ ਮ: ੧, ਅੰਗ: ੪੭੦)

ਜਿਸ ਵੇਲੇ ਬਾਬਾ ਬਕਾਲਾ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਪ੍ਰਗਟ ਹੋਏ ਤਾਂ ਆਪਣੀ ਗੁਰਗੱਦੀ ਖ਼ਤਰੇ 'ਚ ਪੈਂਦੀ ਦੇਖ ਕੇ ਧੀਰ ਮੱਲ ਨੇ ਸ਼ੀਹੇਂ ਮਸੰਦ ਕੋਲੋਂ ਗੁਰੂ ਜੀ 'ਤੇ ਗੋਲੀ ਚਲਵਾ ਦਿੱਤੀ। ਇਸ ਗੱਲ ਦੀ ਖ਼ਬਰ ਗੁਰੂ ਸਾਹਿਬ ਦੇ ਅਨਿੰਨ ਸਿੱਖ ਭਾਈ ਮੱਖਣ ਸ਼ਾਹ ਲੁਬਾਣੇ ਨੂੰ ਮਿਲੀ ਤਾਂ ਉਨ੍ਹਾਂ ਕਰਤਾਰਪੁਰ ਜਾ ਕੇ ਹੱਲਾ ਬੋਲ ਦਿੱਤਾ। ਧੀਰ ਮੱਲ ਤੇ ਸਾਥੀਆਂ ਨੂੰ ਫੜ ਕੇ, ਧੀਰ ਮੱਲ ਕੋਲ ਪਿਆ ਗੁਰੂ ਦਰਬਾਰ ਦਾ ਸਾਰਾ ਧਨ-ਮਾਲ ਤੇ ਹਥਿਆਰ, ਤੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਸ ਨੇ ਆਪਣੇ ਕਬਜ਼ੇ ਵਿਚ ਕੀਤੀ ਹੋਈ ਸੀ, ਉਹ ਵੀ ਅਦਬ ਸਹਿਤ ਲੈ ਕੇ ਬਾਬਾ ਬਕਾਲਾ ਪਹੁੰਚ ਗਏ। ਜਦੋਂ ਉਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਪਹੁੰਚੇ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਧੀਰ ਮੱਲ ਨੂੰ ਛੱਡ ਦਿਓ ਤੇ ਸਾਰਾ ਖੋਹਿਆ ਧਨ-ਮਾਲ ਵੀ ਵਾਪਸ ਕਰ ਦਿਓ।

'ਜੋ ਹਮਰੇ ਢਿਗ ਧਨ ਘਰ ਪਾਯੋ।

ਸਭ ਦੇਵਹੁ ਤਿਸ ਢਿਗ ਪੁਹਚਾਯੋ।’ (ਅੰਸ: ੧੭, ਰਾਸ ਗਿਆਰ੍ਹਵੀਂ, ਸੂਰਜ ਪ੍ਰਕਾਸ਼)

ਭਾਈ ਮੱਖਣ ਸ਼ਾਹ ਲੁਬਾਣੇ ਨੇ ਜਦ ਕਿਹਾ, 'ਮਾਲਕ! ਅਪਰਾਧੀਆਂ ਨੂੰ ਬਖ਼ਸ਼ ਦੇਣਾ ਨੀਤੀ ਦੇ ਵਿਰੁੱਧ ਹੈ।' ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕਹਿਣ ਲੱਗੇ, 'ਦਰਬ ਕੇ ਕਾਰਨੇ, ਗੁਰੂ ਮਹਾਰਾਜ ਨੇ, ਨਹੀਂ ਬੈਠ ਇਹ ਦੁਕਾਨ ਪਾਈ।'

ਗੁਰੂ ਸਾਹਿਬ ਨੇ ਸਿੱਖਾਂ ਨੂੰ ਫ਼ਰਮਾਇਆ ਕਿ, 'ਖਿਮਾ ਸਭ ਤੋਂ ਵੱਡਾ ਧਰਮ ਹੈ। ਖਿਮਾ ਹੀ ਵੱਡਾ ਤਪ ਹੈ। ਖਿਮਾ ਕਰਨਾ ਹੀ ਵੱਡਾ ਦਾਨ ਅਤੇ ਖਿਮਾ ਵਿਚ ਹੀ ਸਭ ਤੀਰਥਾਂ ਦੇ ਇਸ਼ਨਾਨਾਂ ਜਿੰਨਾ ਫਲ ਹੈ। ਖਿਮਾ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਖਿਮਾ ਕਰਨ ਬਰਾਬਰ ਹੋਰ ਕੋਈ ਗੁਣ ਨਹੀਂ।'

“ਕਰਨੀ ਛਿਮਾ ਮਹਾ ਤਪ ਜਾਨ।

ਛਿਮਾ ਕਰਨ ਹੀ ਦ੍ਵੈਬੋ ਦਾਨ।

ਛਿਮਾ ਸਕਲ ਤੀਰਥ ਇਸ਼ਨਾਨ।

ਛਿਮਾ ਕਰਤ ਨਰ ਕੀ ਕਲਯਾਨ।

ਛਿਮਾ ਸਮਾਨ ਆਨ ਗੁਨ ਨਾਹੀ।

ਯਾਹ ਤੇ ਛਿਮਾ ਧਰਹੁ ਮਨ ਮਾਹੀ।।੪੪॥” (ਰਾਸ ਗਿਆਰ੍ਹਵੀਂ, ਅੰਸ: ੧੭, ਸੂਰਜ ਪ੍ਰਕਾਸ਼)

ਆਪਣੇ ਆਪ ਨੂੰ ਬੜਾ ਵੱਡਾ ਸੂਰਬੀਰ ਯੋਧਾ ਸਮਝਣ ਵਾਲਾ, ਔਰੰਗਜ਼ੇਬ ਦਾ ਸੈਨਾਪਤੀ ਸੈਦ ਖ਼ਾਂ ਅਨੰਦਪੁਰ ਦੇ ਕਿਲ੍ਹੇ 'ਤੇ ਫ਼ਤਹਿ ਪਾਉਣ ਅਤੇ ਦਸਮੇਸ਼ ਗੁਰੂ ਨੂੰ 'ਜ਼ਿੰਦਾ' ਫੜ ਕੇ ਦਿੱਲੀ ਲਿਆਉਣ ਦੇ ਸੁਪਨੇ ਦੇਖ ਕੇ ਲਾਮ-ਲਸ਼ਕਰ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੰਗ ਦੇ ਮੈਦਾਨ 'ਚ ਪੁੱਜਿਆ। ਦਸਮੇਸ਼ ਪਿਤਾ ਨੂੰ ਮੈਦਾਨ-ਏ-ਜੰਗ ਵਿਚ ਮੁਗ਼ਲ ਫ਼ੌਜਾਂ ਦੇ ਆਹੂ ਲਾਹੁੰਦਿਆਂ ਤੇ ਦਸਵੇਂ ਗੁਰੂ ਨਾਨਕ ਦੇ ਤੀਰਾਂ ਨਾਲ ਢੇਰ ਹੁੰਦੇ ਮੁਗ਼ਲ ਸਿਪਾਹੀਆਂ ਨੂੰ ਵੇਖ ਕੇ ਅੱਜ ਦੇ ਅਹਿੰਸਾਵਾਦੀਆਂ ਤੇ ਰੋਮਾਂਟਿਕ ਜਜ਼ਬਾਤੀਆਂ ਵਾਂਗ ਸੈਦ ਖਾਂ ਦੇ ਮਨ ਵਿਚ ਸ਼ੰਕਾ ਉਤਪੰਨ ਹੋਈ, 'ਗੁਰੂ ਗੋਬਿੰਦ ਸਿੰਘ ਕਿਵੇਂ ਗੁਰੂ ਨਾਨਕ ਵਰਗਾ ਰੂਹਾਨੀਅਤ ਵਾਲਾ ਹੋ ਸਕਦਾ ਹੈ?' ਜਦੋਂ ਨੀਲੇ ਘੋੜੇ 'ਤੇ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਧਾ ਉਹਦੇ ਵੱਲ ਆਉਂਦੇ ਹਨ, ਤਾਂ ਸੈਦ ਖ਼ਾਂ ਨੂੰ ਕਿਸੇ ਸ਼ੰਕੇ ਤੇ ਸਵਾਲ ਵਿਚ ਖੁੱਭੇ ਵੇਖਦਿਆਂ ਚੋਜੀ ਪ੍ਰੀਤਮ, ਦਸਮੇਸ਼ ਪਿਤਾ ਕਹਿਣ ਲੱਗੇ, 'ਸੈਦ ਖ਼ਾਂ, ਤੂੰ ਇਸ ਜੰਗ ਦੇ ਮੈਦਾਨ ਵਿਚ ਵੀ ਕਿਹੜੀਆਂ ਸੋਚਾਂ ਵਿਚ ਖੁੱਭਿਆ ਹੋਇਐਂ?' ਸੈਦ ਖ਼ਾਂ ਕਹਿਣ ਲੱਗਾ, 'ਮੈਨੂੰ ਆਪਣੇ ਬਾਰੇ ਦੱਸ।'

ਗੁਰੂ ਸਾਹਿਬ ਨੇ ਫ਼ਰਮਾਇਆ, 'ਜੇ ਜੰਗ ਦੀ ਬਜਾਏ ਇਹੀ ਖੇਡ ਹੈ ਤਾਂ ਆਪਣਾ ਸੀਸ ਮੇਰੀ ਰਕਾਬ 'ਤੇ ਰੱਖ ਦੇ।' ਸੈਦ ਖ਼ਾਂ ਘੋੜੇ ਤੋਂ ਉਤਰਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਜਾ ਡਿੱਗਾ, ਸਿੱਪਾ-ਸਲਾਰ ਗੁਰੂ ਨੇ ਆਪਣੇ ਨੇਜ਼ੇ ਦੀ ਤੇਜ਼ ਨੋਕ ਉਸ ਨੂੰ ਛੁਹਾਈ। ਉਹੀ ਛੋਹ ਕਾਫ਼ੀ ਸੀ। ਸੈਦ ਖ਼ਾਂ ਬਦਲ ਗਿਆ। ਗੁਰੂ ਪਾਤਸ਼ਾਹ ਦੇ ਜਾਹੋ-ਜਲਾਲ ਭਰੇ ਚਿਹਰੇ ਵੱਲ ਤੱਕਿਆ। ਉਨ੍ਹਾਂ ਦੀਆਂ ਨੂਰੀ ਅੱਖਾਂ ਦੇ ਨਾਲ ਅੱਖਾਂ ਮਿਲਾਈਆਂ। ਗੁਰੂ ਦੀ ਰੂਹਾਨੀ ਕਲਾ ਦੀ ਝਾਲ ਨਾ ਝੱਲ ਸਕਿਆ। ਉਨ੍ਹਾਂ ਸੁੰਦਰ ਅੱਖਾਂ ਨੇ ਅਜਿਹੇ ਖਿੱਚ ਕੇ 'ਪ੍ਰੇਮ' ਤੀਰ ਮਾਰੇ ਕਿ ਉਸ ਦਾ ਹਿਰਦਾ ਵਿੰਨ੍ਹਿਆ ਗਿਆ। ਦਰਸ਼ਨ ਕਰਕੇ ਠੰਢਾ ਠਾਰ ਹੋ ਗਿਆ। ਦਸਵੇਂ ਗੁਰੂ ਨਾਨਕ ਦੀ ਅਗੰਮੀ ਤੇ ਰੱਬੀ ਛੋਹ ਨਾਲ ਮੁਗਧ ਹੋਇਆ ਸੈਦ ਖਾਂ ਬੋਲਿਆ 'ਸੱਚੇ ਸਾਂਈ! ਮੈਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਤੀਰ ਅਤੇ ਨੇਜ਼ੇ ਮੌਤ ਨਹੀਂ ਮੁਕਤੀ ਬਖ਼ਸ਼ ਰਹੇ ਹਨ ਤੇ ਨਫ਼ਰਤ, ਬਦਲੇ ਤੇ ਗ਼ੁੱਸੇ ਦੀ ਬਲਦੀ ਅਗਨੀ ਨੂੰ ਵੀ ਸ਼ਾਂਤ ਕਰਦੇ ਹਨ। ਤੇਰੀ ਇਸ ਛੋਹ ਨੇ ਮੇਰਾ ਜਨਮ-ਜਨਮਾਂਤਰਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ। ਵਲੀ ਅੱਲਾਹ! ਮੈਨੂੰ ਬਖ਼ਸ਼ ਦਿਓ, ਮੈਨੂੰ ਮੁਆਫ਼ ਕਰ ਦਿਓ।' ਤੇ ਸੈਦ ਖਾਂ ਉਸ ਦਿਨ ਤੋਂ ਗੁਰੂ ਦਾ ਹੀ ਹੋ ਕੇ ਰਹਿ ਗਿਆ ਅਤੇ ਹਿਮਾਲਿਆ ਪਰਬਤ ਵੱਲ ਗੁਰੂ ਦੇ ਸਿਮਰਨ ਦੇ ਰੂਹਾਨੀ ਆਰਟ ਨੂੰ ਪੈਦਾ ਕਰਨ ਲਈ ਤੁਰ ਪਿਆ।

 

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)