ਪੰਜਾਬ ਨੂੰ ਮੰਝਧਾਰ ’ਚੋਂ ਕੌਣ ਕੱਢੇ?

ਪੰਜਾਬ ਨੂੰ ਮੰਝਧਾਰ ’ਚੋਂ ਕੌਣ ਕੱਢੇ?

ਸਿਆਸੀ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਅੱਜ ਇਕ ਲਾਵਾਰਸ ਹਾਲਤ ਵਿਚ ਪੁੱਜ ਗਿਆ ਜਾਪਦਾ ਹੈ।

ਹਰ ਦਲ ਆਪਣੀ ਜ਼ਮੀਨ ਦੁਬਾਰਾ ਤਲਾਸ਼ਣ ਦੀ ਦੌੜ ਵਿਚ ਹੈ। ਕਿਸੇ ਵੇਲੇ ਅਕਾਲੀ ਦਲ ਨੇ ਖ਼ੁਦ ਨੂੰ ਪੰਜਾਬ ਦੀ ਖੇਤਰੀ ਪਾਰਟੀ ਅਤੇ ਕੌਮੀ ਪਾਰਟੀ ਦੇ ਰੂਪ ਵਿਚ ਉਭਾਰਿਆ ਸੀ। ਅਕਾਲੀ ਦਲ ਦਾ ਜਨਮ ਭ੍ਰਿਸ਼ਟਾਚਾਰੀ ਮਹੰਤਾਂ ਨੂੰ ਗੁਰਧਾਮਾਂ ਵਿਚੋਂ ਕੱਢਣ ਲਈ ਹੋਈ ਸੀ। ‘ਚਾਬੀਆਂ ਦਾ ਮੋਰਚਾ’ ਜਿੱਤਣ ’ਤੇ ਮਹਾਤਮਾ ਗਾਂਧੀ ਨੇ ਅਕਾਲੀਆਂ ਨੂੰ ਮੁਬਾਰਕਬਾਦ ਦਿੰਦਿਆਂ ਲਿਖਿਆ ਸੀ ਕਿ ਆਜ਼ਾਦੀ ਪਹਿਲੀ ਜੰਗ ਜਿੱਤੀ ਗਈ।

ਲੰਬਾ ਸਮਾਂ ਅਕਾਲੀ ਦਲ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਮੁੱਖ ਸਿਆਸੀ ਤੇ ਧਾਰਮਿਕ ਜਮਾਤ ਰਹੀ। ਸਾਨੂੰ ਯਾਦ ਹੈ ਕਿ ਜਦ ਕਿਸੇ ਵੀ ਦਲ ਦੇ ਨੁਮਾਇੰਦੇ ਵੋਟ ਮੰਗਣ ਲਈ ਆਉਂਦੇ ਸਨ ਤਾਂ ਸਾਡੇ ਮਾਂ-ਬਾਪ ਸਭ ਨੂੰ ਹਾਂ ਕਰਦੇ ਸਨ ਤੇ ਚੰਦਾ ਵੀ ਦਿੰਦੇ ਸਨ ਪਰ ਜਦ ਵੋਟ ਪਾਉਣ ਦਾ ਸਮਾਂ ਆਉਂਦਾ ਸੀ ਤਾਂ ਉਹ ਸਿਰਫ਼ ਤੱਕੜੀ ਨੂੰ ਹੀ ਵੋਟ ਦਿੰਦੇ ਸਨ ਕਿ ਇਹ ਸਾਡੀ ਕੌਮੀ ਪਾਰਟੀ ਹੈ। ਪਰ ਅੱਜ ਅਕਾਲੀ ਦਲ ਵੀ ਕਈ ਕਾਰਨਾਂ ਕਰਕੇ ਹਾਸ਼ੀਏ ਉੱਤੇ ਪਹੁੰਚ ਗਿਆ ਹੈ। ਕਾਂਗਰਸ ਵੀ ਬੁਰੀ ਤਰ੍ਹਾਂ ਖ਼ਤਮ ਹੋਣ ਦੇ ਕਿਨਾਰੇ ਉੱਤੇ ਖੜ੍ਹੀ ਹੈ। ਉਨ੍ਹਾਂ ਦੇ ਆਪਸੀ ਝਗੜੇ ਹੀ ਖ਼ਤਮ ਨਹੀਂ ਹੋ ਰਹੇ। ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਕਦੇ ਆਪਣੀ ਪੰਜਾਬ ਵਿਚ ਇਕੱਲਿਆਂ ਜਗ੍ਹਾ ਨਹੀਂ ਬਣਾ ਪਾਈ।

ਇਨ੍ਹਾਂ ਦਲਾਂ ਦੀ ਨਾਕਾਮੀ ਅਤੇ ਆਪਸੀ ਝਗੜਿਆਂ ਦੀ ਬਦੌਲਤ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੌਕਾ ਦੇ ਦਿੱਤਾ। ਨਵੇਂ ਹਾਕਮਾਂ ਦੇ ਆਉਣ ਦੇ ਬਾਵਜੂਦ ਪੰਜਾਬ ਦੇ ਸਿਰ ’ਤੇ ਕਰਜ਼ੇ ਦੀ ਪੰਡ ਹਲਕੀ ਹੋਣ ਦੀ ਬਜਾਏ ਹੋਰ ਬੋਝਲ ਹੋ ਰਹੀ ਜਾਪਦੀ ਹੈ। ਇਸ ਵੇਲੇ ਕੋਈ ਵੀ ਰਾਜਨੀਤਕ ਦਲ ਜਾਂ ਉਸ ਦਾ ਮੋਢੀ ਇਸ ਤਰ੍ਹਾਂ ਦਾ ਨਹੀਂ ਜਾਪਦਾ ਜੋ ਪੰਜਾਬ ਦੇ ਮਸਲਿਆਂ ਬਾਰੇ ਸੋਚੇ। ਸਾਰੇ ਦਲਾਂ ਨੂੰ ਆਪੋ-ਧਾਪੀ ਪਈ ਹੋਈ ਹੈ, ਹਰ ਕੋਈ ਆਪਣੀ ਜ਼ਮੀਨ ਤਲਾਸ਼ ਰਿਹਾ ਹੈ।

ਵਿਰੋਧੀ ਧਿਰਾਂ ਵੀ ਆਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾ ਰਹੀਆਂ ਕਿਉਂਕਿ ਉਨ੍ਹਾਂ ਦੇ ਵਿਧਾਇਕ ਕਿਸੇ ਨਾ ਕਿਸੇ ਦੋਸ਼ ਦੇ ਸ਼ਿਕਾਰ ਹਨ। ਕਈ ਈਡੀ ਤੋਂ ਡਰੇ ਹੋਏ ਹਨ। ਚੁੱਪ ਰਹਿਣਾ ਸਭ ਦੀ ਮਜਬੂਰੀ ਹੋ ਗਈ ਹੈ। ਨਾ ਹੀ ਮੌਜੂਦਾ ਸਰਕਾਰ ਖ਼ਿਲਾਫ਼ ਬੋਲ ਸਕਦੇ ਹਨ, ਨਾ ਹੀ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ਵਿਚ। ਪਿਛਲੇ ਦਿਨਾਂ ਤੋਂ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੋਂ ਕੌਮ ਅਤੇ ਪੰਜਾਬੀ ਲੋਕ ਪਰੇਸ਼ਾਨ ਹਨ। ਬੇਅਦਬੀ ਦਾ ਮਸਲਾ, ਰੇਤ ਮਾਫ਼ੀਆ ਦਾ ਖ਼ਾਤਮਾ, ਨਸ਼ਿਆਂ ਦਾ ਖ਼ਾਤਮਾ, ਕਿਸਾਨੀ ਮਾਮਲੇ, ਪਾਣੀ ਦੇ ਮਾਮਲੇ ਅਤੇ ਰਿਸ਼ਵਤਖੋਰੀ ਦਾ ਖ਼ਾਤਮਾ ਆਦਿ ਕੋਈ ਵੀ ਮਸਲਾ ਹੱਲ ਨਹੀਂ ਕੀਤਾ, ਸਭ ਉੱਥੇ ਹੀ ਖੜੇ੍ਹ ਹਨ। ਇਹੀ ਨਹੀਂ, 1000 ਰੁਪਏ ਹਰ ਮਹੀਨੇ ਪ੍ਰਤੀ ਔਰਤ ਨੂੰ ਦੇਣ ਦਾ ਲਾਲਚ ਦਿੱਤਾ ਹੋਇਆ ਹੈ।

ਮੁਫ਼ਤ ਬੱਸ ਯਾਤਰਾ, ਮੁਫ਼ਤ ਬਿਜਲੀ ਆਦਿ ਵਿਚ ਉਲਝਾ ਕੇ ਰੱਖਿਆ ਹੋਇਆ ਹੈ। ਅਸਲੀ ਮੁੱਦਿਆਂ ਉੱਤੇ ਕੋਈ ਗੱਲਬਾਤ ਤੱਕ ਨਹੀਂ ਹੋ ਰਹੀ। ਕਿਸੇ ਵੀ ਸ਼ਹਿਰ ਨੂੰ ਇਹ ਗੰਦ ਤੋਂ ਰਹਿਤ ਨਹੀਂ ਕਰਵਾ ਸਕੇ। ਹਰ ਸ਼ਹਿਰ ਦਾ ਬੁਰਾ ਹਾਲ ਹੈ। ਅਧਿਆਪਕ ਤੇ ਕਿਸਾਨ ਵਿਚਾਰੇ ਧਰਨਿਆਂ ਉੱਤੇ ਬੈਠਣ ਲਈ ਮਜਬੂਰ ਰਹਿੰਦੇ ਹਨ। ਬਸ ਸ਼ਰਾਬ ਦੇ ਠੇਕਿਆਂ ਤੋਂ ਟੈਕਸ ਦੀ ਪ੍ਰਾਪਤੀ ਲਈ ਠੇਕਿਆਂ ’ਤੇ ਜ਼ਰੂਰ ਜ਼ੋਰ ਦਿੱਤਾ ਹੈ। ਅੱਜ ਤੱਕ ਜਿਸ ਵੀ ਦਲ ਦੀ ਸਰਕਾਰ ਆਈ ਜਾਂ ਮੌਜੂਦਾ ਸਰਕਾਰ ਨੇ ਸੈਰ-ਸਪਾਟਾ ਉਦਯੋਗ ਵੱਲ ਕੋਈ ਧਿਆਨ ਨਹੀਂ ਦਿੱਤਾ।

ਇਹ ਤਾਂ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਸ ਕਰਕੇ ਸ਼ਰਧਾਲੂਆ ਦਾ ਆਉਣਾ-ਜਾਣਾ ਹੈ। ਬਸ, ਉਹੀ ਇਸ ਉਦਯੋਗ ਨੂੰ ਬਚਾ ਕੇ ਬੈਠਾ ਹੈ। ਜੇ ਉਸ ਹੈਰੀਟੇਜ ਨੂੰ ਸੰਭਾਲਿਆ ਹੁੰਦਾ ਤਾਂ ਉਹ ਵੀ ਬਾਹਰੋਂ ਲੋਕਾਂ ਨੂੰ ਸੈਰ-ਸਪਾਟੇ ਵਾਸਤੇ ਆਕਰਸ਼ਿਤ ਕਰਦਾ ਜਿਵੇਂ ਕਿ ਰਾਜਸਥਾਨ ਸਰਕਾਰ ਦੀ ਕੁੱਲ ਆਮਦਨ ’ਚ ਸਭ ਤੋਂ ਵੱਡਾ ਹਿੱਸਾ ਸੈਰ-ਸਪਾਟਾ ਉਦਯੋਗ ਤੋਂ ਹੈ। ਨਾ ਹੀ ਸਾਲਾਂ ਤੋਂ ਕੋਈ ਵੱਡਾ ਉਦਯੋਗ ਹੀ ਆਇਆ ਹੈ। ਕਿਸੇ ਵੇਲੇ ਗੋਬਿੰਦਗੜ੍ਹ ਲੋਹੇ ਦੇ ਕਾਰੋਬਾਰ ਕਰਕੇ ਪੂਰੇ ਦੇਸ਼ ’ਚ ਮਸ਼ਹੂਰ ਸੀ ਪਰ ਅੱਜ ਉੱਥੋਂ ਦੇ ਕਾਰੋਬਾਰੀ ਵੀ ਖ਼ੁਸ਼ ਨਹੀਂ ਹਨ। ਹਰ ਚੀਜ਼ ਢਹਿੰਦੀ ਕਲਾ ’ਚ ਹੀ ਹੈ।

ਪੰਜਾਬ ਜੋ ਹਮੇਸ਼ਾ ਅਗਾਂਹਵਧੂ ਸੀ, ਅੱਜ ਗ਼ਲਤ ਨੀਤੀਆਂ ਕਾਰਨ ਪੱਛੜ ਗਿਆ ਹੈ। ਅੱਜ ਪੰਜਾਬ ’ਤੇ ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ਨਸ਼ਿਆਂ ਵਿਚ ਡੁੱਬ ਗਿਆ ਹੈ। ਇਹ ਇਕ ਖੇਤੀ ਪ੍ਰਧਾਨ ਸੂਬਾ ਹੈ, ਪਰ ਇੱਥੋਂ ਦੇ ਕਿਸਾਨ ਹੀ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਰਨ ਲਈ ਮਜਬੂਰ ਹਨ। ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਖ਼ੁਸ਼ਹਾਲ ਪੰਜਾਬ ਦਾ ਇਤਿਹਾਸ ਕੌਣ ਨਹੀਂ ਜਾਣਦਾ।

ਪੰਜਾਬ ਬਹੁਤ ਖ਼ੁਸ਼ਹਾਲ, ਵਿਸ਼ਾਲ, ਹਰਿਆ-ਭਰਿਆ, ਦੌਲਤਮੰਦ, ਬਹਾਦਰੀ ਦੀ ਮਿਸਾਲ ਅਤੇ ਹਰ ਧਰਮ ਦੀ ਬਰਾਬਰੀ ਆਦਿ ਲਈ ਮਕਬੂਲ ਸੀ। ਪੰਜਾਬ ਦੇ ਬਲੀਦਾਨਾਂ ਦਾ ਸੁਨਹਿਰੀ ਇਤਿਹਾਸ ਵੀ ਸਭ ਨੂੰ ਯਾਦ ਹੈ। ਸਰਕਾਰਾਂ ਨੇ ਤਾਂ ਮਿਹਨਤਪ੍ਰਸਤ ਪੰਜਾਬੀਆਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਮੁਫ਼ਤਖੋਰ ਬਣਾਉਣ ਦਾ ਬੀਅ ਬੀਜ ਦਿੱਤਾ ਹੈ। ਮਮਤਾ ਬੈਨਰਜੀ ਆਪਣੇ ਸੂਬੇ ’ਚ ਭਾਰਤੀ ਜਨਤਾ ਪਾਰਟੀ ਦੇ ਪੈਰ ਨਹੀਂ ਲੱਗਣ ਦੇ ਰਹੀ।

ਉਸ ਨੇ ਆਪਣੇ ਸੂਬੇ ਵਿਚ ਆਪਣੀ ਭਾਸ਼ਾ ਤੇ ਆਪਣੇ ਸੂਬੇ ਦੇ ਮਸਲਿਆਂ ਨੂੰ ਹੀ ਸਾਂਭ ਕੇ ਆਪਣਾ ਹਥਿਆਰ ਬਣਾਇਆ ਹੈ। ਪੰਜਾਬ ਵਿਚ ਤਾਂ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਨੂੰ ਵੀ ਠੀਕ ਢੰਗ ਨਾਲ ਕੋਈ ਨਹੀਂ ਸੰਭਾਲ ਪਾ ਰਿਹਾ। ਹੈ ਕੋਈ ਬੇਦਾਗ਼ ਲੀਡਰ ਜੋ ਏਨਾ ਸਮਰੱਥ ਹੋਵੇ ਕਿ ਅੱਜ ਦਾ ਸ਼ੇਰ-ਏ-ਪੰਜਾਬ ਦਾ ਖ਼ਿਤਾਬ ਪਾ ਸਕੇ।

ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਖ਼ੁਸ਼ਹਾਲ ਪੰਜਾਬ ਵਾਂਗ ਮੌਜੂਦਾ ਪੰਜਾਬ ਬਣਾ ਸਕੇ। ਪੰਜਾਬ ਵਿਚ ਅਜਿਹੀ ਲੀਡਰਸ਼ਿਪ ਨੂੰ ਉਭਾਰਨ ਦੀ ਜ਼ਰੂਰਤ ਹੈ ਜੋ ਪੰਜਾਬ ਦੇ ਹਰ ਨੌਜਵਾਨ ਨੂੰ ਰੁਜ਼ਗਾਰ ਦੇ ਸਕੇ, ਖ਼ੁਸ਼ਹਾਲ ਪੰਜਾਬ ਬਣਾ ਸਕੇ, ਕਿਸਾਨਾਂ ਨੂੰ ਆਤਮ-ਹੱਤਿਆ ਕਰਨ ਦੀ ਮਜਬੂਰੀ ਤੋਂ ਮੁਕਤ ਕਰ ਸਕੇ, ਖੁੱਲ੍ਹਾ ਸਰਹੱਦੀ ਵਪਾਰ ਕਰਵਾ ਸਕੇ, ਹਰ ਧਰਮ ਨੂੰ ਮਹਿਫੂਜ਼ ਹੋਣ ਦਾ ਅਹਿਸਾਸ ਕਰਵਾ ਸਕੇ ਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰਲਾ ਦਰਜਾ ਦਿਵਾ ਸਕੇ।

ਪੰਜਾਬ ਆਪਣੇ ਨਵੇਂ ਨਿਡਰ ਦਲ ਦੀ ਉਡੀਕ ਵਿੱਚ ਦੁਬਾਰਾ। ਪਤਾ ਨਹੀਂ ਇਸ ਉਡੀਕ ਨੂੰ ਕੌਣ ਖਤਮ ਕਰੇਗਾ?

 

ਡੇਜ਼ੀ ਵਾਲੀਆ

ਮੋਬਾਈਲ : 98159-96661