ਪੰਜਾਬੀਆਂ ਨੂੰ ਕੌਮਾਂਤਰੀ ਪ੍ਰਵਾਸ ਦਾ ਕੀ ਲਾਭ ਹੋਇਆ ਤੇ ਕੀ ਗੁਆਇਆ?

ਪੰਜਾਬੀਆਂ ਨੂੰ ਕੌਮਾਂਤਰੀ ਪ੍ਰਵਾਸ ਦਾ ਕੀ ਲਾਭ ਹੋਇਆ ਤੇ ਕੀ ਗੁਆਇਆ?

ਸਰਵੇਖਣ ਰਿਪੋਰਟ

 ਗ਼ੈਰ-ਖੇਤੀਬਾੜੀ ਖੇਤਰਾਂ ਦੀ ਰੁਜ਼ਗਾਰ-ਰਹਿਤ ਪ੍ਰਗਤੀ ਕਾਰਨ ਸੂਬੇ ਦੇ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਵਿਚ ਆਪਣੇ ਦੇਸ਼ ਅਤੇ ਸੂਬੇ ਲਈ ਬੇਰੁਖੀ ਹੋਣ ਕਰ ਕੇ ਉਹ ਬਾਹਰਲੇ ਦੇਸ਼ਾਂ ਵਿਚ ਜਾਣ ਲਈ ਬਹੁਤ ਹੀ ਉਤਾਵਲੇ ਰਹਿੰਦੇ ਹਨ।ਕੈਨੇਡਾ, ਯੂਰਪ, ਯੂ.ਐੱਸ.ਏ. ਅਤੇ ਯੂ.ਕੇ. ਵੱਡੇ ਪੱਧਰ ਉੱਤੇ ਭਾਰਤੀਆਂ ਦੇ ਪਸੰਦੀਦਾ ਟਿਕਾਣੇ ਹਨ। ਇਨ੍ਹਾਂ ਦੇਸ਼ਾਂ ਵਿਚ ਜਾਣ ਲਈ ਪੰਜਾਬੀ ਉਤਾਵਲੇ ਹੋਏ ਪਏ ਹਨ। ਜਦੋਂ ਪ੍ਰਵਾਸੀ ਭਾਰਤੀ ਪੰਜਾਬ ਆਉਂਦੇ ਅਤੇ ਇੱਥੋਂ ਦੇ ਲੋਕਾਂ ਨੂੰ ਆਪਣੀ ਬਦਲੀ ਹੋਈ ਜੀਵਨ ਸ਼ੈਲੀ ਦਿਖਾਉਂਦੇ ਹਨ ਤਾਂ ਉਨ੍ਹਾਂ ਵਿਚੋਂ ਇਕ ਬਹੁਤ ਹੀ ਵੱਡੀ ਗਿਣਤੀ ਵਿਚ ਲੋਕ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਮਨ ਬਣਾ ਲੈਂਦੇ ਹਨ। ਇਸ ਤੋਂ ਇਲਾਵਾ ਸੂਬੇ ਦੇ ਪੱਧਰ ਉੱਤੇ ਸਮਾਜਿਕ-ਆਰਥਿਕ ਖੇਤਰਾਂ ਵਿਚ ਵਖਰੇਵੇਂ ਵੀ ਕੌਮਾਂਤਰੀ ਪ੍ਰਵਾਸ ਦੀਆਂ ਪ੍ਰਵਿਰਤੀਆਂ ਨੂੰ ਵਧਾਉਂਦੇ ਹਨ। ਅਜੋਕੇ ਸਮੇਂ ਵਿਚ ਪੰਜਾਬੀ ਵਿਦੇਸ਼ਾਂ ਦੇ ਕੋਨੇ-ਕੋਨੇ ਵਿਚ ਵਸੇ ਹੋਏ ਹਨ। ਇਸ ਲੇਖ ਵਿਚ ਪੇਂਡੂ ਪੰਜਾਬ ਤੋਂ ਕੌਮਾਂਤਰੀ ਪ੍ਰਵਾਸ ਦੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ਦਾ ਵਿਸ਼ਲੇਸ਼ਣ ਕਰਨ ਦਾ ਇਕ ਯਤਨ ਕੀਤਾ ਗਿਆ ਹੈ, ਜਿਹੜਾ ਲੇਖਕ (ਡਾ. ਗਿਆਨ ਸਿੰਘ), ਡਾ. ਧਰਮਪਾਲ, ਡਾ. ਗੁਰਿੰਦਰ ਕੌਰ, ਡਾ. ਰੁਪਿੰਦਰ ਕੌਰ, ਡਾ. ਸੁਖਵੀਰ ਕੌਰ ਅਤੇ ਡਾ. ਜੋਤੀ ਦੁਆਰਾ ਪੰਜਾਬ ਵਿਚੋਂ ਕੌਮਾਂਤਰੀ ਪ੍ਰਵਾਸ ਸੰਬੰਧੀ ਕੀਤੇ ਗਏ ਇਕ ਸਰਵੇਖਣ ਉੱਪਰ ਆਧਾਰਿਤ ਹੈ। ਇਸ ਸਰਵੇਖਣ ਲਈ ਮਾਝੇ ਦੇ ਚਾਰ ਜ਼ਿਲ੍ਹਿਆਂ ਵਿਚੋਂ ਦੋ ਜ਼ਿਲ੍ਹੇ-ਅੰਮ੍ਰਿਤਸਰ ਅਤੇ ਗੁਰਦਾਸਪੁਰ, ਦੁਆਬੇ ਦੇ ਚਾਰ ਜ਼ਿਲ੍ਹਿਆਂ ਵਿਚੋਂ ਦੋ ਜ਼ਿਲ੍ਹੇ - ਜਲੰਧਰ ਅਤੇ ਹੁਸ਼ਿਆਰਪੁਰ ਅਤੇ ਮਾਲਵੇ ਦੇ ਪੰਦਰਾਂ ਜ਼ਿਲ੍ਹਿਆਂ ਵਿਚੋਂ ਅੱਠ ਜ਼ਿਲ੍ਹੇ - ਬਰਨਾਲਾ, ਬਠਿੰਡਾ, ਫ਼ਿਰੋਜ਼ਪੁਰ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਚੁਣੇ ਗਏ ਸਨ। ਚੁਣੇ ਹੋਏ ਜ਼ਿਲ੍ਹਿਆਂ ਦੇ ਹਰੇਕ ਕਮਿਊਨਿਟੀ ਵਿਕਾਸ ਬਲਾਕ ਵਿਚੋਂ ਇਕ ਪਿੰਡ ਨੂੰ ਗ਼ੈਰ-ਵਿਵਸਥਾ ਢੰਗ ਨਾਲ ਚੁਣਿਆ ਗਿਆ। ਇਸ ਤਰ੍ਹਾਂ ਸਰਵੇਖਣ ਲਈ ਕੁੱਲ 98 ਪਿੰਡ ਚੁਣੇ ਗਏ, ਜਿਨ੍ਹਾਂ ਵਿਚ ਮਾਝੇ ਦੇ 20, ਦੁਆਬੇ ਦੇ 21 ਅਤੇ ਮਾਲਵੇ ਦੇ 57 ਪਿੰਡ ਹਨ। ਇਹ ਸਰਵੇਖਣ 1951 ਤੋਂ 2021 ਦਰਮਿਆਨ ਦੇ ਸਮੇਂ ਨਾਲ ਸੰਬੰਧਿਤ ਹੈ। ਪੇਂਡੂ ਪੰਜਾਬ ਵਿਚੋਂ ਕੁੱਲ 2597 ਪਰਿਵਾਰਾਂ ਤੋਂ ਅੰਕੜੇ ਇਕੱਠੇ ਕੀਤੇ ਗਏ।

1956 ਤੋਂ 2021 ਦਰਮਿਆਨ ਵਿਦੇਸ਼ਾਂ ਵਿਚ ਪ੍ਰਵਾਸ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਮਾਝੇ ਵਿਚ 358, ਦੁਆਬੇ ਵਿਚ 947 ਅਤੇ ਮਾਲਵੇ ਵਿਚ 1292 ਪਾਈ ਗਈ। ਇਨ੍ਹਾਂ ਪਰਿਵਾਰਾਂ ਵਿਚੋਂ ਪ੍ਰਵਾਸ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕ੍ਰਮਵਾਰ 362, 1023 ਅਤੇ 1403 ਸੀ ਜਿਸ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕੁਝ ਪਰਿਵਾਰਾਂ ਵਿਚੋਂ ਇਕ ਤੋਂ ਜ਼ਿਆਦਾ ਵਿਅਕਤੀਆਂ ਨੇ ਕੌਮਾਂਤਰੀ ਪ੍ਰਵਾਸ ਕੀਤਾ ਹੈ। ਮਾਝੇ ਵਿਚ ਬਹੁ-ਗਿਣਤੀ ਪਰਿਵਾਰਾਂ (98.88 ਫ਼ੀਸਦੀ) ਵਿਚੋਂ ਇਕੱਲੇ ਵਿਅਕਤੀ ਅਤੇ ਬਾਕੀ ਦੇ 1.12 ਫ਼ੀਸਦੀ ਪਰਿਵਾਰਾਂ ਵਿਚੋਂ ਦੋ ਵਿਅਕਤੀਆਂ ਨੇ ਕੌਮਾਂਤਰੀ ਪ੍ਰਵਾਸ ਕੀਤਾ। ਦੁਆਬੇ ਦੇ ਦੋ-ਤਿਹਾਈ ਤੋਂ ਥੋੜ੍ਹੇ ਘੱਟ ਪਰਿਵਾਰਾਂ (64.63 ਫ਼ੀਸਦੀ) ਵਿਚੋਂ ਇਕੱਲੇ ਵਿਅਕਤੀ, 15.63 ਫ਼ੀਸਦੀ ਪਰਿਵਾਰਾਂ ਵਿਚੋਂ ਦੋ ਵਿਅਕਤੀਆਂ, 3.91 ਫ਼ੀਸਦੀ ਪਰਿਵਾਰਾਂ ਵਿਚੋਂ ਤਿੰਨ ਵਿਅਕਤੀਆਂ ਅਤੇ ਬਾਕੀ ਦੇ 0.11 ਫ਼ੀਸਦੀ ਪਰਿਵਾਰਾਂ ਵਿਚੋਂ ਚਾਰ ਵਿਅਕਤੀਆਂ ਨੇ ਕੌਮਾਂਤਰੀ ਪ੍ਰਵਾਸ ਕੀਤਾ। ਇਸੇ ਤਰ੍ਹਾਂ, ਮਾਲਵੇ ਵਿਚੋਂ 64.32 ਫ਼ੀਸਦੀ ਪਰਿਵਾਰਾਂ ਵਿਚੋਂ ਇਕੱਲੇ ਵਿਅਕਤੀ ਅਤੇ ਬਾਕੀ ਦੇ 35.68 ਫ਼ੀਸਦੀ ਪਰਿਵਾਰਾਂ ਵਿਚੋਂ ਇਕ ਤੋਂ ਜ਼ਿਆਦਾ ਵਿਅਕਤੀਆਂ ਨੇ ਕੌਮਾਂਤਰੀ ਪ੍ਰਵਾਸ ਕੀਤਾ। ਇਸ ਤੋਂ ਇਲਾਵਾ, ਦੁਆਬੇ ਅਤੇ ਮਾਲਵੇ ਦੇ ਸਰਵੇਖਣ ਕੀਤੇ ਗਏ ਕੁੱਲ ਪਰਿਵਾਰਾਂ ਵਿਚੋਂ ਕ੍ਰਮਵਾਰ 15.73 ਅਤੇ 15.79 ਫ਼ੀਸਦੀ ਪੂਰੇ ਪਰਿਵਾਰ ਹੀ ਬਾਹਰਲੇ ਦੇਸ਼ਾਂ ਵਿਚ ਪ੍ਰਵਾਸ ਕਰ ਗਏ।

ਭਾਵੇਂ ਜਾਤੀ ਅਤੇ ਪ੍ਰਵਾਸ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ, ਪਰ ਇਹ ਅਸਿੱਧੇ ਤੌਰ ਉੱਤੇ ਇਕ-ਦੂਜੇ ਨਾਲ ਜੁੜੇ ਹੋਏ ਹਨ। ਪ੍ਰਵਾਸ ਉੱਤੇ ਜਾਤੀ ਦਾ ਪ੍ਰਭਾਵ ਪਰਿਵਾਰ ਦੀ ਆਰਥਿਕ ਸਥਿਤੀ ਨਾਲ ਪੈਦਾ ਹੁੰਦਾ ਹੈ। ਮਾਝੇ ਦੇ ਕੁੱਲ 362 ਪ੍ਰਵਾਸੀਆਂ ਵਿਚੋਂ 83.7 ਫ਼ੀਸਦੀ ਜਨਰਲ ਵਰਗ ਨਾਲ ਸੰਬੰਧਿਤ ਸਨ, ਜਦੋਂ ਕਿ 11.6 ਫ਼ੀਸਦੀ ਅਨੁਸੂਚਿਤ ਜਾਤੀਆਂ ਅਤੇ ਬਾਕੀ ਦੇ 4.7 ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸਨ। ਦੁਆਬੇ ਦੇ ਕੁੱਲ 1023 ਪ੍ਰਵਾਸੀਆਂ ਵਿਚੋਂ 63.34, 22.68, ਅਤੇ 13.98 ਫ਼ੀਸਦੀ ਕ੍ਰਮਵਾਰ ਜਨਰਲ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸਨ। ਇਸ ਤਰ੍ਹਾਂ ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਵਿਚੋਂ ਜ਼ਿਆਦਾਤਰ ਕੌਮਾਂਤਰੀ ਪ੍ਰਵਾਸੀ ਜਨਰਲ ਜਾਤੀਆਂ ਨਾਲ ਸੰਬੰਧਿਤ ਸਨ, ਇਸ ਤੋਂ ਬਾਅਦ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕ੍ਰਮ ਆਉਂਦਾ ਹੈ। ਖੇਤਰੀ ਸਰਵੇਖਣ ਤੋਂ ਇਹ ਤੱਥ ਵੀ ਸਾਹਮਣੇ ਆਇਆ ਕਿ ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰ ਮਾਝਾ, ਦੁਆਬਾ ਅਤੇ ਮਾਲਵਾ ਵਿਚ ਬਹੁਤ ਵੱਡੀ ਗਿਣਤੀ ਵਿਚ ਪ੍ਰਵਾਸੀ ਜੱਟ ਜਾਤੀ ਨਾਲ ਸੰਬੰਧਿਤ ਸਨ। ਭਾਰਤੀ ਸਮਾਜ ਸਾਂਝੇ ਪਰਿਵਾਰਾਂ ਦਾ ਸਮਾਜ ਹੈ। ਭਾਵੇਂ ਇਹ ਵਿਸ਼ੇਸ਼ਤਾ ਸ਼ਹਿਰੀ ਖੇਤਰਾਂ ਵਿਚੋਂ ਅਲੋਪ ਹੋ ਰਹੀ ਹੈ, ਪਰ ਇਸ ਦੀਆਂ ਜੜ੍ਹਾਂ ਭਾਰਤ ਦੇ ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਬਰਕਾਰ ਹਨ। ਪੰਜਾਬ ਸੂਬਾ ਵਿਆਪਕ ਤੌਰ ਉੱਤੇ ਆਪਣੀ ਖੇਤੀਬਾੜੀ ਸਦਕਾ ਖੁਸ਼ਹਾਲ ਹੋਇਆ, ਜਿਸ ਨੇ ਪੇਂਡੂ ਖੇਤਰਾਂ ਵਿਚ ਮੌਜੂਦ ਸਾਂਝੇ ਪਰਿਵਾਰ ਦੀ ਪ੍ਰਣਾਲੀ ਤੋਂ ਆਪਣੀ ਤਾਕਤ ਹਾਸਿਲ ਕੀਤੀ।

ਹਾਲਾਂਕਿ, ਸਮਾਜਿਕ-ਆਰਥਿਕ ਜ਼ਰੂਰਤਾਂ ਵਿਚ ਤਬਦੀਲੀਆਂ ਨਾਲ ਜ਼ਮੀਨੀ ਵੰਡ ਹੋਈ, ਜਿਸ ਦੇ ਨਤੀਜੇ ਵਜੋਂ ਇਕਹਿਰੀ ਪਰਿਵਾਰ ਪ੍ਰਣਾਲੀ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਜ਼ੋਰ ਫੜ ਰਹੀ ਹੈ। ਮੌਜੂਦਾ ਸਰਵੇਖਣ ਤੋਂ ਇਹ ਸਾਹਮਣੇ ਆਇਆ ਕਿ ਜ਼ਿਆਦਾ ਪ੍ਰਵਾਸੀ ਜਿਵੇਂ ਦੁਆਬੇ ਦੇ 83.77, ਮਾਝੇ ਦੇ 8.11, ਅਤੇ ਮਾਲਵੇ ਦੇ 72.27 ਫ਼ੀਸਦੀ ਇਕਹਿਰੇ ਪਰਿਵਾਰਾਂ ਵਿਚ ਰਹਿ ਰਹੇ ਸਨ, ਜਦੋਂ ਕਿ ਬਾਕੀ ਦੇ 16.23, 19.89 ਅਤੇ 27.73 ਫ਼ੀਸਦੀ ਪ੍ਰਵਾਸੀ ਕ੍ਰਮਵਾਰ ਦੁਆਬੇ, ਮਾਝੇ ਅਤੇ ਮਾਲਵੇ ਵਿਚ ਸਾਂਝੀ ਪਰਿਵਾਰ ਪ੍ਰਣਾਲੀ ਨਾਲ ਸੰਬੰਧਿਤ ਸਨ। ਪ੍ਰਵਾਸੀਆਂ ਦੀ ਲਿੰਗ-ਅਧਾਰਿਤ ਵੰਡ ਦਰਸਾਉਂਦੀ ਹੈ ਕਿ ਮਾਝੇ ਦੇ ਕੁੱਲ 362 ਪ੍ਰਵਾਸੀਆਂ ਵਿਚੋਂ 85.64 ਫ਼ੀਸਦੀ ਮਰਦ ਅਤੇ ਬਾਕੀ ਦੇ 14.36 ਫ਼ੀਸਦੀ ਔਰਤਾਂ ਸਨ। ਦੁਆਬੇ ਵਿਚ ਮਰਦ ਅਤੇ ਔਰਤ ਪ੍ਰਵਾਸੀਆਂ ਦੀ ਫ਼ੀਸਦੀ ਕ੍ਰਮਵਾਰ 88.47 ਅਤੇ 11.53 ਸੀ। ਮਾਲਵੇ ਵਿਚ ਇਹ ਫ਼ੀਸਦੀ 67.14 ਅਤੇ 32.86 ਪਾਈ ਗਈ। ਪ੍ਰਵਾਸ ਵਿਚ ਮਰਦਾਂ ਦਾ ਉੱਚ ਅਨੁਪਾਤ ਇਸ ਤੱਥ ਨੂੰ ਮਜ਼ਬੂਤ ਕਰਦਾ ਹੈ ਕਿ ਭਾਵੇਂ ਸਮਕਾਲੀ ਸੰਸਾਰ ਵਿਚ ਦੋਵਾਂ ਲਿੰਗਾਂ ਲਈ ਬਰਾਬਰ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਪਰ ਫਿਰ ਵੀ ਮਰਦਾਂ 'ਤੇ ਆਪਣੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬ ਤੋਂ ਔਰਤਾਂ ਦਾ ਪ੍ਰਵਾਸ ਮੁੱਖ ਤੌਰ ਉੱਤੇ ਵਿਆਹ-ਕੇਂਦਰਿਤ ਰਿਹਾ ਹੈ, ਜਿੱਥੇ ਲੜਕੀਆਂ ਇਕ ਜੀਵਨ ਸਾਥੀ ਦੇ ਰੂਪ ਵਿਚ ਵਿਦੇਸ਼ਾਂ ਵਿਚ ਜਾਂਦੀਆਂ ਸਨ।

ਉਂਜ, ਅਜੋਕੇ ਸਮੇਂ ਦੌਰਾਨ ਪੰਜਾਬ ਵਿਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ, ਕਿਉਂਕਿ ਜਿਹੜੀਆਂ ਕੁੜੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਵਿਚ ਉੱਚ ਬੈਂਡ ਪ੍ਰਾਪਤ ਕਰਦੀਆਂ ਹਨ, ਉਨ੍ਹਾਂ ਨੂੰ ਕੌਮਾਂਤਰੀ ਪ੍ਰਵਾਸ ਲਈ ਪੌੜੀ ਮੰਨਿਆ ਜਾਂਦਾ ਹੈ। ਜਿਹੜੇ ਅਮੀਰ ਪਰਿਵਾਰਾਂ ਦੇ ਲੜਕੇ ਵਿਦੇਸ਼ ਜਾਣ ਲਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ, ਉਹ ਇਨ੍ਹਾਂ ਕੁੜੀਆਂ ਦੇ ਪਰਿਵਾਰਾਂ ਨੂੰ ਲੁਭਾਉਂਦੇ ਹਨ ਅਤੇ ਉਨ੍ਹਾਂ ਦੇ ਵਿਆਹ ਤੋਂ ਬਾਅਦ ਉਹ ਆਪਣੀ ਨੂੰਹ ਦੀ ਵਿਦੇਸ਼ ਯਾਤਰਾ, ਖ਼ਰਚੇ ਅਤੇ ਪੜ੍ਹਾਈ ਨੂੰ ਸਪਾਂਸਰ ਕਰਦੇ ਹਨ। ਇਹ ਕੁੜੀਆਂ ਬਾਅਦ ਵਿਚ ਸਪਾਊਸ ਵੀਜ਼ੇ ਉੱਤੇ ਆਪਣੇ ਪਤੀਆਂ ਨੂੰ ਵਿਦੇਸ਼ ਬੁਲਾਉਂਦੀਆਂ ਹਨ ਅਤੇ ਸਮਾਂ ਬੀਤਣ ਦੇ ਨਾਲ ਉਹ ਮੰਜ਼ਿਲ ਵਾਲੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਇਕੱਠੇ ਕੰਮ ਕਰਦੇ ਹਨ ਅਤੇ ਫਿਰ ਉਹ ਆਪਣੇ ਪੂਰੇ ਪਰਿਵਾਰ ਲਈ ਇਮੀਗ੍ਰੇਸ਼ਨ ਦੀ ਟਿਕਟ ਬਣ ਜਾਂਦੇ ਹਨ।

ਸਿੱਖਿਆ ਅਤੇ ਪ੍ਰਵਾਸ ਦਾ ਇਕ-ਦੂਜੇ ਨਾਲ ਇਕ ਮਜ਼ਬੂਤ ਰਿਸ਼ਤਾ ਹੈ, ਕਿਉਂਕਿ ਬਿਹਤਰ ਪੜ੍ਹੇ-ਲਿਖੇ ਵਿਅਕਤੀਆਂ ਦੇ ਪ੍ਰਵਾਸ ਵਾਲੀ ਜਗ੍ਹਾ ਦੇ ਸਮਾਜਿਕ-ਆਰਥਿਕ ਵਾਤਾਵਰਨ ਵਿਚ ਲੀਨ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਉੱਚ ਸਿੱਖਿਆ ਪ੍ਰਾਪਤ ਵਿਅਕਤੀਆਂ ਦੇ ਪ੍ਰਵਾਸ ਨੂੰ ਅਕਸਰ 'ਬੌਧਿਕ ਹੂੰਝਾ' ਕਿਹਾ ਜਾਂਦਾ ਹੈ, ਕਿਉਂਕਿ ਪ੍ਰਵਾਸੀ ਵਿਅਕਤੀ ਬਿਹਤਰ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੀਆਂ ਸੇਵਾਵਾਂ ਵਿਦੇਸ਼ਾਂ ਵਿਚ ਦਿੰਦੇ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਫਰਾਂਸ, ਯੂ.ਕੇ. ਵਰਗੇ ਵਿਕਸਿਤ ਦੇਸ਼ਾਂ ਵਿਚ 'ਬੌਧਿਕ ਹੂੰਝਾ' ਸ਼੍ਰੇਣੀ ਦੇ ਪ੍ਰਵਾਸ ਦੇ ਸੰਬੰਧ ਵਿਚ ਅੱਜਕੱਲ੍ਹ ਭਾਰਤ ਲਗਭਗ ਸਿੱਖਰ ਉੱਤੇ ਹੈ। ਭਾਰਤੀ ਰਾਜਨੀਤੀ ਵਿਚ 'ਬੌਧਿਕ ਹੂੰਝਾ' ਸਿਆਸਤਦਾਨਾਂ ਅਤੇ ਨੌਕਰਸ਼ਾਹੀ ਲਈ ਓਨੀ ਚਿੰਤਾ ਦਾ ਵਿਸ਼ਾ ਨਹੀਂ ਜਾਪਦਾ ਜਿੰਨਾ ਇਹ ਉੱਨੀ ਸੌ ਸੱਤਰ ਦੇ ਦਹਾਕੇ ਵਿਚ ਹੁੰਦਾ ਸੀ।

ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਸੀਆਂ ਦੀ ਵਿੱਦਿਅਕ ਯੋਗਤਾ ਦਾ ਅਧਿਐਨ ਦਰਸਾਉਂਦਾ ਹੈ ਕਿ ਮਾਝੇ ਦੇ ਕੁੱਲ 362 ਪ੍ਰਵਾਸੀਆਂ ਵਿਚੋਂ 70.17 ਫ਼ੀਸਦੀ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਪ੍ਰਵਾਸ ਕੀਤਾ। ਇਸੇ ਖੇਤਰ ਦੇ ਤਕਰੀਬਨ 16 ਫ਼ੀਸਦੀ ਨੇ ਆਪਣੀ ਗ੍ਰੈਜੂਏਸ਼ਨ, ਜਦੋਂ ਕਿ 8.01 ਫ਼ੀਸਦੀ ਨੇ ਡਿਪਲੋਮਾ ਅਤੇ 3.04 ਫ਼ੀਸਦੀ ਨੇ ਮੈਟ੍ਰਿਕ ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ ਅਤੇ ਥੋੜ੍ਹੇ ਜਿਹੇ ਹਿੱਸੇ (2.21 ਫ਼ੀਸਦੀ) ਕੋਲ ਪ੍ਰਵਾਸ ਸਮੇਂ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀ। ਦੁਆਬੇ ਦੇ ਕੁੱਲ 1023 ਪ੍ਰਵਾਸੀਆਂ ਵਿਚੋਂ ਲਗਭਗ ਦੋ-ਤਿਹਾਈ (64.08 ਫ਼ੀਸਦੀ) ਨੌਜਵਾਨ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਹੀ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਏ। 15.37 ਫ਼ੀਸਦੀ ਨੇ ਮੈਟ੍ਰਿਕ ਅਤੇ 10.47 ਫ਼ੀਸਦੀ ਨੇ ਆਪਣੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ। ਪ੍ਰਵਾਸ ਕਰਨ ਦੇ ਸਮੇਂ 2.74 ਫ਼ੀਸਦੀ ਕੋਲ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀ। ਇਸੇ ਤਰ੍ਹਾਂ ਮਾਲਵੇ ਦੇ ਕੁੱਲ 1403 ਪ੍ਰਵਾਸੀਆਂ ਵਿਚੋਂ 61.01 ਫ਼ੀਸਦੀ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ।

ਵਿਦੇਸ਼ਾਂ ਨੂੰ ਪ੍ਰਵਾਸ ਕਰਨ ਸਮੇਂ 18 ਫ਼ੀਸਦੀ ਤੋਂ ਥੋੜ੍ਹੇ ਵੱਧ ਪ੍ਰਵਾਸੀਆਂ ਕੋਲ ਗ੍ਰੈਜੂਏਸ਼ਨ ਅਤੇ 8.84 ਫ਼ੀਸਦੀ ਕੋਲ ਮੈਟ੍ਰਿਕ ਦੀ ਵਿੱਦਿਅਕ ਯੋਗਤਾ ਸੀ। ਪ੍ਰਵਾਸੀਆਂ ਦੇ ਥੋੜ੍ਹੇ ਜਿਹੇ ਹਿੱਸੇ (4.92 ਫ਼ੀਸਦੀ) ਕੋਲ ਪ੍ਰਵਾਸ ਸਮੇਂ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀ। ਇਹ ਵਿਸ਼ਲੇਸ਼ਣ ਸਪੱਸ਼ਟ ਤੌਰ ਉੱਤੇ ਉਜਾਗਰ ਕਰਦਾ ਹੈ ਕਿ ਉੱਚ-ਵਿੱਦਿਅਕ ਪੱਧਰ ਵਾਲੇ ਨੌਜਵਾਨ ਵੀ ਵਿਦੇਸ਼ਾਂ ਵਿਚ ਵਸਣ ਨੂੰ ਇਕ ਬਿਹਤਰ ਬਦਲ ਸਮਝਦੇ ਹਨ। ਇਸ ਤੋਂ ਇਲਾਵਾ, ਪ੍ਰਵਾਸੀਆਂ ਦੇ ਬਹੁਤ ਹੀ ਥੋੜ੍ਹੇ ਜਿਹੇ ਹਿੱਸੇ ਕੋਲ ਪ੍ਰਵਾਸ ਦੇ ਸਮੇਂ ਨਰਸਿੰਗ/ਜੀ.ਐੱਨ.ਐੱਮ./ਬੀ.ਡੀ.ਐੱਸ. ਦੀ ਡਿਗਰੀ ਜਾਂ ਡਿਪਲੋਮਾ ਸੀ। ਇਥੇ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਸਿੱਖਿਆ ਦੇ ਨੀਵੇਂ ਪੱਧਰ ਵਾਲੇ ਵਿਅਕਤੀ ਜਾਂ ਤਾਂ ਬਜ਼ੁਰਗ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਸਮੇਤ ਪ੍ਰਵਾਸ ਕੀਤਾ ਜਾਂ ਉਹ ਵਿਅਕਤੀ ਸਨ ਜਿਨ੍ਹਾਂ ਨੇ ਵਰਕ ਵੀਜ਼ੇ ਉੱਤੇ ਏਸ਼ੀਆ ਮਹਾਦੀਪ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਵਾਸ ਕੀਤਾ।

ਉਮਰ ਅਤੇ ਪ੍ਰਵਾਸ ਵਿਚ ਗੂੜ੍ਹਾ ਸੰਬੰਧ ਹੈ, ਕਿਉਂਕਿ ਪ੍ਰਵਾਸ ਕਰਨ ਦਾ ਫ਼ੈਸਲਾ ਮੁੱਖ ਤੌਰ ਉੱਤੇ ਨੌਜਵਾਨ ਅਤੇ ਪਰਿਪੱਕ ਉਮਰ ਦੇ ਵਿਅਕਤੀਆਂ ਦੁਆਰਾ ਲਿਆ ਜਾਂਦਾ ਹੈ। ਇਹ ਮੂਲ ਰੂਪ ਵਿਚ ਇਸ ਲਈ ਹੈ, ਕਿਉਂਕਿ ਪ੍ਰਵਾਸ ਇਕ ਜੋਖ਼ਮ ਭਰਿਆ ਕਦਮ ਹੈ, ਜਿਸ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਕਈਆਂ ਨੂੰ ਚੰਗੇ ਅਵਸਰ ਵੀ ਪ੍ਰਦਾਨ ਕਰਦਾ ਹੈ। ਪੰਜਾਬ ਦੇ ਬਹੁਤ ਜ਼ਿਆਦਾ ਨੌਜਵਾਨ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਪ੍ਰਵਾਸ ਦੀ ਪ੍ਰਕਿਰਿਆ ਦੁਆਰਾ ਮੁਹੱਈਆ ਕਰਵਾਏ ਜਾਣ ਵਾਲੇ ਅਵਸਰਾਂ ਦਾ ਲਾਭ ਲੈਣ ਲਈ ਵਿਦੇਸ਼ਾਂ ਨੂੰ ਜਾਣ ਲਈ ਕਾਹਲੇ ਪਏ ਹੋਏ ਹਨ। ਪ੍ਰਵਾਸ ਕਰਨ ਵੇਲੇ ਬਹੁ-ਗਿਣਤੀ ਵਿਅਕਤੀ ਜਿਵੇਂ ਮਾਝੇ ਵਿਚ 87.85 ਫ਼ੀਸਦੀ, ਮਾਲਵੇ ਵਿਚ 85.25 ਫ਼ੀਸਦੀ, ਅਤੇ ਦੁਆਬੇ ਵਿਚ 81.53 ਫ਼ੀਸਦੀ 15 ਤੋਂ 30 ਸਾਲ ਦੀ ਉਮਰ ਸਮੂਹ ਨਾਲ ਸੰਬੰਧਿਤ ਸਨ। ਜਨਸੰਖਿਅਕ ਲਾਭਅੰਸ਼ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਫੀਲਡ ਸਰਵੇਖਣ ਦਾ ਇਹ ਨਤੀਜਾ ਇਸ ਧਾਰਨਾ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਆਮ ਤੌਰ ਉੱਤੇ ਪ੍ਰਵਾਸ ਅਤੇ ਖ਼ਾਸ ਤੌਰ ਉੱਤੇ ਕੌਮਾਂਤਰੀ ਪ੍ਰਵਾਸ ਇਕ ਨੌਜਵਾਨ-ਕੇਂਦਰਿਤ ਵਰਤਾਰਾ ਹੈ। 15 ਤੋਂ 30 ਸਾਲ ਦੀ ਉਮਰ ਸਮੂਹ ਦੇ ਵਿਅਕਤੀਆਂ ਦਾ ਵਿਦੇਸ਼ਾਂ ਵਲ ਪ੍ਰਵਾਸ ਪੰਜਾਬ ਸਮੇਤ ਭਾਰਤ ਨੂੰ ਜਨਸੰਖਿਅਕ ਲਾਭ ਅੰਸ਼ ਦੇ ਹੋ ਰਹੇ ਬਹੁਤ ਵੱਡੇ ਨੁਕਸਾਨ ਨੂੰ ਚਿੱਟੇ ਦਿਨ ਵਾਂਗ ਸਾਹਮਣੇ ਲਿਆਉਂਦਾ ਹੈ।

ਕੌਮਾਂਤਰੀ ਪ੍ਰਵਾਸੀਆਂ ਦੇ ਪਰਿਵਾਰਾਂ ਦੀਆਂ ਜ਼ਮੀਨਾਂ ਦੇ ਵੇਰਵੇ ਦੱਸਦੇ ਹਨ ਕਿ ਮਾਂਝੇ ਦੇ ਕੁੱਲ ਪ੍ਰਵਾਸੀ ਪਰਿਵਾਰਾਂ ਵਿਚੋਂ ਇਕ-ਤਿਹਾਈ ਤੋਂ ਥੋੜ੍ਹਾ ਵੱਧ (33.43 ਫ਼ੀਸਦੀ) ਪਰਿਵਾਰ ਭੂਮੀਹੀਣ ਸਨ। ਤਕਰੀਬਨ 30 ਫ਼ੀਸਦੀ ਪਰਿਵਾਰਾਂ ਕੋਲ 2.5 ਏਕੜ ਤੱਕ ਜ਼ਮੀਨ ਸੀ। ਇਸ ਤੋਂ ਬਾਅਦ 26.8, 3.59, 3.31, ਅਤੇ 2.48 ਫ਼ੀਸਦੀ ਪਰਿਵਾਰਾਂ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਕੋਲ ਕ੍ਰਮਵਾਰ 2.51 ਤੋਂ 5 ਏਕੜ, 7.51 ਤੋਂ 10 ਏਕੜ, ਅਤੇ 10 ਏਕੜ ਤੋਂ ਵੱਧ ਜ਼ਮੀਨ ਸੀ। ਦੁਆਬੇ ਦੇ ਕੁੱਲ ਪਰਿਵਾਰਾਂ ਵਿਚੋਂ ਸਭ ਤੋਂ ਵੱਧ ਪਰਿਵਾਰਾਂ (32.16 ਫ਼ੀਸਦੀ) ਕੋਲ 2.51 ਤੋਂ 5 ਏਕੜ ਤੱਕ ਜ਼ਮੀਨ ਸੀ। ਲਗਭਗ 18 ਫ਼ੀਸਦੀ ਪਰਿਵਾਰਾਂ ਕੋਲ 2.5 ਏਕੜ ਤੱਕ ਜ਼ਮੀਨ ਸੀ। ਇਸ ਤੋਂ ਬਾਅਦ 9.48, 7.72, ਅਤੇ 5.57 ਫ਼ੀਸਦੀ ਪ੍ਰਵਾਸੀਆਂ ਦੇ ਪਰਿਵਾਰਾਂ ਕੋਲ ਕ੍ਰਮਵਾਰ 5.01 ਤੋਂ 7.5 ਏਕੜ, 7.51 ਤੋਂ 10 ਏਕੜ, ਅਤੇ 10 ਏਕੜ ਤੋਂ ਵੱਧ ਜ਼ਮੀਨ ਸੀ। ਕੁੱਲ ਪਰਿਵਾਰਾਂ ਵਿਚੋਂ 26.3 ਫ਼ੀਸਦੀ ਪ੍ਰਵਾਸੀਆਂ ਦੇ ਪਰਿਵਾਰਾਂ ਕੋਲ ਖੇਤੀਬਾੜੀ ਲਈ ਕੋਈ ਜ਼ਮੀਨ ਨਹੀਂ ਸੀ। ਇਸੇ ਤਰ੍ਹਾਂ ਮਾਲਵੇ ਦੇ ਕੁੱਲ ਪਰਿਵਾਰਾਂ ਵਿਚੋਂ ਸਭ ਤੋਂ ਵੱਧ ਪਰਿਵਾਰਾਂ (26.87 ਫ਼ੀਸਦੀ) ਕੋਲ 2.51 ਤੋਂ 5 ਏਕੜ ਤੱਕ ਜ਼ਮੀਨ ਸੀ। ਇਸ ਤੋਂ ਬਾਅਦ 18.25, 15.25, 14.26 ਅਤੇ 10.05 ਫ਼ੀਸਦੀ ਪ੍ਰਵਾਸੀਆਂ ਦੇ ਪਰਿਵਾਰਾਂ ਕੋਲ ਕ੍ਰਮਵਾਰ 10 ਏਕੜ ਤੋਂ ਵੱਧ, 7.51 ਤੋਂ 10 ਏਕੜ, 2.5 ਏਕੜ ਤੱਕ, 5.01 ਤੋਂ 7.5 ਏਕੜ ਦੇ ਦਾਇਰੇ ਵਿਚ ਜ਼ਮੀਨਾਂ ਸਨ। ਇਸ ਖੇਤਰ ਵਿਚੋਂ ਪ੍ਰਵਾਸੀਆਂ ਦੇ ਕੁੱਲ ਪਰਿਵਾਰਾਂ ਵਿਚੋਂ 15.32 ਫ਼ੀਸਦੀ ਪਰਿਵਾਰ ਭੂਮੀਹੀਣ ਪਾਏ ਗਏ।

ਪੰਜਾਬ ਦੇ ਤਿੰਨੋ ਭੂਗੋਲਿਕ ਖੇਤਰਾਂ ਵਿਚ ਮੰਜ਼ਿਲ ਵਾਲੇ ਦੇਸ਼ਾਂ ਦੀ ਸੂਚੀ ਬਹੁਤ ਲੰਮੀ ਹੈ। ਮਾਝੇ ਵਿਚ ਕੌਮਾਂਤਰੀ ਪ੍ਰਵਾਸੀਆਂ ਦੁਆਰਾ ਸਭ ਤੋਂ ਵੱਧ ਤਰਜੀਹ ਵਾਲੇ ਦੇਸ਼-ਕੈਨੇਡਾ, ਆਸਟ੍ਰੇਲੀਆ, ਬਹਿਰੀਨ, ਕਤਰ, ਯੂ.ਕੇ., ਯੂ.ਐੱਸ.ਏ., ਅਤੇ ਯੂ.ਏ.ਈ. ਸਨ, ਜਿੱਥੇ ਇਸ ਖੇਤਰ ਵਿਚੋਂ ਸਰਵੇਖਣ ਕੀਤੇ ਗਏ ਪਰਿਵਾਰਾਂ ਵਿਚੋਂ ਕ੍ਰਮਵਾਰ 76, 67, 47, 38, 36, 34, ਅਤੇ 28 ਵਿਅਕਤੀਆਂ ਨੇ ਪ੍ਰਵਾਸ ਕੀਤਾ। ਦੁਆਬੇ ਵਿਚੋਂ ਜ਼ਿਆਦਾਤਰ ਪ੍ਰਵਾਸੀਆਂ ਅਰਥਾਤ 3273 ਵਿਅਕਤੀਆਂ ਨੇ ਕੈਨੇਡਾ ਨੂੰ ਮੰਜ਼ਿਲ ਵਾਲੇ ਦੇਸ਼ ਵਜੋਂ ਚੁਣਿਆ, ਜਿਸ ਤੋਂ ਬਾਅਦ 154, 121, 114, 90, 43, 43, 28, 27, ਅਤੇ 24 ਵਿਅਕਤੀ ਕ੍ਰਮਵਾਰ ਯੂ.ਏ.ਈ., ਯੂ.ਕੇ., ਯੂ.ਐੱਸ.ਏ., ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕੁਵੈਤ, ਜਰਮਨੀ, ਅਤੇ ਸਪੇਨ ਗਏ। ਇਸੇ ਤਰ੍ਹਾਂ ਮਾਲਵੇ ਵਿਚੋਂ ਕੌਮਾਂਤਰੀ ਪ੍ਰਵਾਸੀਆਂ ਲਈ ਪਸੰਦੀਦਾ ਦੇਸ਼-ਕੈਨੇਡਾ, ਆਸਟ੍ਰੇਲੀਆ, ਯੂ.ਏ.ਈ., ਯੂ.ਕੇ., ਯੂ.ਐੱਸ.ਏ., ਇਟਲੀ, ਨਿਊਜ਼ੀਲੈਂਡ, ਮਲੇਸ਼ੀਆ, ਅਤੇ ਫਿਲੀਪੀਨਜ਼ ਸਨ, ਜਿੱਥੇ ਕ੍ਰਮਵਾਰ 719, 171, 108, 72, 67, 40, 37, 34, ਅਤੇ 33 ਵਿਅਕਤੀਆਂ ਨੇ ਪ੍ਰਵਾਸ ਕੀਤਾ।

ਮਾਝੇ ਦੇ ਕੁੱਲ 362 ਪ੍ਰਵਾਸੀਆਂ ਵਿਚੋਂ 43.37 ਫ਼ੀਸਦੀ ਨੇ 2019, 18.23 ਫ਼ੀਸਦੀ ਨੇ 2018, 14.09 ਫ਼ੀਸਦੀ ਨੇ 2021, 10.21 ਫ਼ੀਸਦੀ ਨੇ 2016, 6.91 ਫ਼ੀਸਦੀ ਨੇ 2020, ਅਤੇ 5 ਫ਼ੀਸਦੀ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿਚ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕੀਤਾ, ਜਦੋਂ ਕਿ ਦੁਆਬੇ ਦੇ ਕੁੱਲ 1023 ਪ੍ਰਵਾਸੀਆਂ ਵਿਚੋਂ 13 ਫ਼ੀਸਦੀ ਵਿਅਕਤੀਆਂ ਨੇ 2018 ਵਿਚ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕੀਤਾ। ਇਸ ਤੋਂ ਬਾਅਦ 9.97 ਫ਼ੀਸਦੀ ਨੇ ਹਰੇਕ ਸਾਲ 2019 ਅਤੇ 2017, 9.78 ਫ਼ੀਸਦੀ ਨੇ 2021, 8.9 ਫ਼ੀਸਦੀ ਨੇ 2015, 7.14 ਫ਼ੀਸਦੀ ਨੇ 2010, 6.45 ਫ਼ੀਸਦੀ ਨੇ 2016, 5.77 ਫ਼ੀਸਦੀ ਨੇ 2012 ਅਤੇ 5 ਫ਼ੀਸਦੀ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿਚ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕੀਤਾ। ਇਸੇ ਤਰ੍ਹਾਂ, ਮਾਲਵੇ ਦੇ ਕੁੱਲ 1403 ਪ੍ਰਵਾਸੀਆਂ ਵਿਚੋਂ 15.97 ਫ਼ੀਸਦੀ ਨੇ 2021, 14.54 ਫ਼ੀਸਦੀ ਨੇ 2020, 6.49 ਫ਼ੀਸਦੀ ਨੇ 2016, ਅਤੇ 5 ਫ਼ੀਸਦੀ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿਚ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕੀਤਾ। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਪੇਂਡੂ ਪੰਜਾਬ ਵਿਚੋਂ ਕੌਮਾਂਤਰੀ ਪ੍ਰਵਾਸ ਦੀ ਪ੍ਰਕਿਰਿਆ ਵਿਚ 2014 ਤੋਂ ਬਾਅਦ ਤੇਜ਼ੀ ਆਈ। 2020 ਦੌਰਾਨ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਵੱਖ ਵੱਖ ਦੇਸ਼ਾਂ ਦੁਆਰਾ ਤਾਲਾਬੰਦੀ ਕੀਤੀ ਗਈ ਜਿਸ ਨੇ ਪੇਂਡੂ ਪੰਜਾਬ ਤੋਂ ਕੌਮਾਂਤਰੀ ਪ੍ਰਵਾਸ ਦੀ ਪ੍ਰਕ੍ਰਿਆ ਨੂੰ ਹੌਲੀ ਕੀਤਾ, ਜੋ ਮੁੜ ਤੇਜ਼ੀ ਫੜ ਰਹੀ ਹੈ।

ਮੌਜੂਦਾ ਅਧਿਐਨ ਦੇ ਸਾਕਾਰਾਤਮਿਕ ਪਹਿਲੂਆਂ ਵਿਚੋਂ ਇਕ ਇਹ ਹੈ ਕਿ ਪੰਜਾਬ ਦੇ ਤਿੰਨੋ ਭੂਗੋਲਿਕ ਖੇਤਰਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ ਕੌਮਾਂਤਰੀ ਪ੍ਰਵਾਸ ਕਾਨੂੰਨੀ ਢੰਗ ਨਾਲ ਹੋਇਆ। ਮਾਝੇ ਦੇ ਕੁੱਲ 362 ਪ੍ਰਵਾਸੀਆਂ ਨੇ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ। ਦੁਆਬੇ ਦੇ ਕੁੱਲ 1023 ਪ੍ਰਵਾਸੀਆਂ ਵਿਚੋਂ 991 ਕਾਨੂੰਨੀ ਢੰਗ ਅਤੇ ਬਾਕੀ ਦੇ 32 ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਗਏ। ਇਸ ਖੇਤਰ ਦੇ ਪ੍ਰਵਾਸੀਆਂ ਦੀ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਦੀ ਫ਼ੀਸਦੀ ਕ੍ਰਮਵਾਰ 96.87 ਅਤੇ 3.13 ਬਣਦੀ ਹੈ। ਮਾਲਵੇ ਦੇ ਕੁੱਲ 1403 ਪ੍ਰਵਾਸੀਆਂ ਵਿਚੋਂ 1394 (99.36 ਫ਼ੀਸਦੀ) ਨੇ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਲਈ ਕਾਨੂੰਨੀ ਢੰਗ ਅਤੇ ਬਾਕੀ ਦੇ ਸਿਰਫ਼ 9 (0.64 ਫ਼ੀਸਦੀ) ਨੇ ਗ਼ੈਰ-ਕਾਨੂੰਨੀ ਢੰਗ ਅਪਣਾਇਆ। ਫੀਲਡ ਸਰਵੇਖਣ ਤੋਂ ਇਹ ਤੱਥ ਵੀ ਸਾਹਮਣੇ ਆਇਆ ਕਿ ਜਿੱਥੇ ਭਾਰਤੀ ਟਰੈਵਲ ਏਜੰਟਾਂ ਜਾਂ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਰੁਜ਼ਗਾਰਦਾਤਾਵਾਂ ਨੇ ਪ੍ਰਵਾਸੀਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਬਾਹਰ ਜਾਣ ਵਾਲੇ ਪਾਸੇ ਪਾਇਆ, ਉੱਥੇ ਅਜਿਹੇ ਪ੍ਰਵਾਸੀਆਂ ਨੂੰ ਗੰਭੀਰ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਇਸ ਸੰਬੰਧ ਵਿਚ ਜ਼ਿਆਦਾਤਰ ਐਨ.ਆਰ.ਆਈ. ਰੁਜ਼ਗਾਰਦਾਤਾਵਾਂ ਨੇ ਤਾਂ ਪ੍ਰਵਾਸੀਆਂ ਦਾ ਅਮਰਵੇਲ ਵਾਂਗ ਨਪੀੜਨ ਕੀਤਾ।

ਮਾਝੇ ਦੇ ਪੇਂਡੂ ਇਲਾਕਿਆਂ ਵਿਚੋਂ ਅੱਧੇ ਤੋਂ ਵੱਧ (58.01 ਫ਼ੀਸਦੀ) ਵਿਅਕਤੀਆਂ ਨੇ ਪੜ੍ਹਾਈ ਵੀਜ਼ੇ ਉੱਤੇ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ, ਜਦੋਂ ਕਿ ਇਕ-ਤਿਹਾਈ ਤੋਂ ਥੋੜ੍ਹਾ ਵੱਧ (35.36 ਫ਼ੀਸਦੀ) ਵਿਅਕਤੀ ਵਰਕ ਵੀਜ਼ੇ ਉੱਤੇ ਵਿਦੇਸ਼ਾਂ ਵਿਚ ਗਏ। ਇਸ ਤੋਂ ਇਲਾਵਾ, 4.42 ਫ਼ੀਸਦੀ ਵਿਅਕਤੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਕਿਸਮ ਦਾ ਵੀਜ਼ਾ ਸੀ ਅਤੇ ਸਿਰਫ਼ 2.1 ਫ਼ੀਸਦੀ ਵਿਅਕਤੀ ਸਪਾਊਸ ਵੀਜ਼ੇ ਉੱਤੇ ਵਿਦੇਸ਼ਾਂ ਨੂੰ ਗਏ।

ਦੁਆਬੇ ਵਿਚੋਂ ਸਭ ਤੋਂ ਵੱਧ (47.02 ਫ਼ੀਸਦੀ) ਵਿਅਕਤੀਆਂ ਨੇ ਵਰਕ ਵੀਜ਼ੇ ਨਾਲ ਵਿਦੇਸ਼ਾਂ ਵਿਚ ਪ੍ਰਵੇਸ਼ ਕੀਤਾ, ਜਦੋਂ ਕਿ 43 ਫ਼ੀਸਦੀ ਦੇ ਕਰੀਬ ਵਿਅਕਤੀਆਂ ਕੋਲ ਵਿਦੇਸ਼ਾਂ ਵਿਚ ਜਾਣ ਲਈ ਪੜ੍ਹਾਈ ਦਾ ਵੀਜ਼ਾ ਸੀ। ਇਸ ਤੋਂ ਇਲਾਵਾ, 5.55 ਫ਼ੀਸਦੀ ਵਿਅਕਤੀ ਵਿਜ਼ਟਰ ਵੀਜ਼ੇ ਉੱਤੇ ਅਤੇ 3.13 ਫ਼ੀਸਦੀ ਵਿਅਕਤੀ ਸਪਾਊਸ ਵੀਜ਼ੇ ਉੱਤੇ ਵਿਦੇਸ਼ਾਂ ਵਿਚ ਗਏ। ਸਿਰਫ਼ 1.31 ਫ਼ੀਸਦੀ ਵਿਅਕਤੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਕਿਸਮ ਦਾ ਵੀਜ਼ਾ ਸੀ। ਲਗਭਗ ਅਜਿਹਾ ਹੀ ਰੁਝਾਨ ਮਾਲਵੇ ਵਿਚ ਦੇਖਣ ਨੂੰ ਮਿਲਿਆ ਹੈ। ਇਸ ਖੇਤਰ ਵਿਚ ਬਹੁ-ਗਿਣਤੀ (60.55 ਫ਼ੀਸਦੀ) ਵਿਅਕਤੀ ਪੜ੍ਹਾਈ ਦੇ ਵੀਜ਼ੇ ਉੱਤੇ ਵਿਦੇਸ਼ਾਂ ਵਿਚ ਗਏ, ਜਦੋਂ ਇਕ-ਚੌਥਾਈ ਤੋਂ ਥੋੜ੍ਹਾ ਵੱਧ (25.97 ਫ਼ੀਸਦੀ) ਵਿਅਕਤੀਆਂ ਨੇ ਵਰਕ ਵੀਜ਼ੇ ਉੱਤੇ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ। ਇਸ ਤੋਂ ਇਲਾਵਾ, 7.53 ਫ਼ੀਸਦੀ ਪ੍ਰਵਾਸੀਆਂ ਕੋਲ ਸਪਾਊਸ ਵੀਜ਼ਾ ਸੀ ਅਤੇ 4.02 ਫ਼ੀਸਦੀ ਵਿਅਕਤੀ ਵਿਜ਼ਟਰ ਵੀਜ਼ੇ ਉੱਤੇ ਵਿਦੇਸ਼ਾਂ ਨੂੰ ਗਏ। ਸਿਰਫ਼ 1.93 ਫ਼ੀਸਦੀ ਪ੍ਰਵਾਸੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਵੀਜ਼ਾ ਸੀ। ਕੌਮਾਂਤਰੀ ਪ੍ਰਵਾਸ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਕਾਰਕ ਹੁੰਦੇ ਹਨ, ਕਿਉਂਕਿ ਪ੍ਰਵਾਸ ਕਰਨ ਦਾ ਫ਼ੈਸਲਾ ਕਦੇ ਵੀ ਸਿਰਫ਼ ਇਕ ਕਾਰਨ ਦੁਆਰਾ ਹੀ ਪ੍ਰਭਾਵਿਤ ਨਹੀਂ ਹੁੰਦਾ। ਦੁਆਬੇ ਦੇ 9.14, ਮਾਲਵੇ ਦੇ 85.03, ਅਤੇ ਮਾਝੇ ਦੇ 27.9 ਫ਼ੀਸਦੀ ਪ੍ਰਵਾਸੀਆਂ ਦੇ ਸੰਬੰਧ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ/ਮੈਂਬਰਾਂ ਦੇ ਪ੍ਰਵਾਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਮਾਝੇ 32.6, ਮਾਲਵੇ ਦੇ 19.67 ਅਤੇ ਦੁਆਬੇ ਦੇ 18.77 ਫ਼ੀਸਦੀ ਵਿਅਕਤੀ ਆਪਣੇ ਹਾਣੀਆਂ ਦੇ ਦਬਾਅ ਨੂੰ ਮਹਿਸੂਸ ਕਰਦੇ ਹੋਏ ਵਿਦੇਸ਼ਾਂ ਨੂੰ ਗਏ। ਪੰਜਾਬ ਵਿਚ ਫੈਲੇ ਨਸ਼ਿਆਂ ਦੇ ਜਾਲ ਤੋਂ ਬਚਣ ਲਈ ਮਾਝੇ ਦੇ 24.59, ਮਾਲਵੇ ਦੇ 14.47 ਅਤੇ ਦੁਆਬੇ ਦੇ 4.5 ਫ਼ੀਸਦੀ ਵਿਅਕਤੀਆਂ ਨੇ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ।

ਸੂਬੇ ਦੀਆਂ ਵਿਗੜੀਆਂ ਹੋਈਆਂ ਸਮਾਜਿਕ-ਆਰਥਿਕ ਹਾਲਤਾਂ ਨੇ ਮਾਝੇ, ਮਾਲਵੇ, ਅਤੇ ਦੁਆਬੇ ਦੇ ਕ੍ਰਮਵਾਰ 31.22, 16.68 ਅਤੇ 15.64 ਫ਼ੀਸਦੀ ਵਿਅਕਤੀਆਂ ਨੂੰ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕੀਤਾ। ਸੂਬੇ ਵਿਚ ਵਧ ਰਹੇ ਅਪਰਾਧਾਂ ਤੋਂ ਤੰਗ ਆਏ ਮਾਝੇ ਦੇ 11.88, ਮਾਲਵੇ ਦੇ 2.78 ਅਤੇ ਦੁਆਬੇ ਦੇ 1.17 ਫ਼ੀਸਦੀ ਵਿਅਕਤੀਆਂ ਨੇ ਵਿਦੇਸ਼ਾਂ ਨੂੰ ਜਾਣਾ ਬਿਹਤਰ ਸਮਝਿਆ। ਦੁਆਬੇ ਦੇ 79.67, ਮਾਝੇ ਦੇ 67.88 ਅਤੇ ਮਾਲਵੇ ਦੇ 62.44 ਫ਼ੀਸਦੀ ਵਿਅਕਤੀਆਂ ਨੇ ਵਧੇਰੇ ਕਮਾਈ ਕਰਨ ਦੀ ਇੱਛਾ ਕਾਰਨ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ। ਵਿਦੇਸ਼ਾਂ ਵਿਚ ਰਹਿਣ-ਸਹਿਣ ਦੀਆਂ ਵਧੀਆਂ ਸਥਿਤੀਆਂ ਅਤੇ ਪ੍ਰਸ਼ਾਸਕੀ ਸਹੂਲਤਾਂ ਨੇ ਮਾਝੇ, ਦੁਆਬੇ ਅਤੇ ਮਾਲਵੇ ਦੇ ਕ੍ਰਮਵਾਰ 82.57, 73.9, ਅਤੇ 64.01 ਫ਼ੀਸਦੀ ਵਿਅਕਤੀਆਂ ਨੂੰ ਪ੍ਰਵਾਸ ਕਰਨ ਲਈ ਆਕਰਸ਼ਿਤ ਕੀਤਾ। ਮਾਝੇ ਦੇ 14.92, ਮਾਲਵੇ ਦੇ 10.91 ਅਤੇ ਦੁਆਬੇ ਦੇ 8.7 ਫ਼ੀਸਦੀ ਵਿਅਕਤੀਆਂ ਦੇ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਦਾ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਵਿਦੇਸ਼ਾਂ ਵਿਚ ਵਸ ਜਾਣਾ ਸੀ। ਮਾਝੇ, ਦੁਆਬੇ, ਅਤੇ ਮਾਲਵੇ ਦੇ ਕ੍ਰਮਵਾਰ 37.57, 28.54 ਅਤੇ 16.61 ਫ਼ੀਸਦੀ ਵਿਅਕਤੀਆਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਉਮੀਦ ਨਾਲ ਵਿਦੇਸ਼ਾਂ ਨੂੰ ਪ੍ਰਵਾਸ ਕੀਤਾ।

ਮਾਝੇ ਵਿਚੋਂ ਪ੍ਰਵਾਸੀਆਂ ਦੇ ਵਧੇਰੇ ਹਿੱਸੇ (25.41 ਫ਼ੀਸਦੀ) ਨੇ ਵਿਦੇਸ਼ ਜਾਣ ਲਈ 15 ਤੋਂ 20 ਲੱਖ ਰੁਪਏ ਖ਼ਰਚ ਕੀਤੇ। ਤਕਰੀਬਨ ਇੰਨੇ ਹੀ (25.14 ਫ਼ੀਸਦੀ) ਪ੍ਰਵਾਸੀਆਂ ਨੇ ਪ੍ਰਵਾਸ ਲਈ 20 ਤੋਂ 25 ਲੱਖ ਰੁਪਏ ਅਤੇ 24.31 ਫ਼ੀਸਦੀ ਪ੍ਰਵਾਸੀਆਂ ਨੇ 5 ਤੋਂ 10 ਲੱਖ ਰੁਪਏ ਖ਼ਰਚ ਕੀਤੇ। ਪ੍ਰਵਾਸੀਆਂ ਦੇ 12.43 ਫ਼ੀਸਦੀ ਨੇ ਪ੍ਰਵਾਸ ਕਰਨ ਲਈ 5 ਲੱਖ ਰੁਪਏ ਤੋਂ ਘੱਟ ਖ਼ਰਚ ਕੀਤੇ। ਇਸ ਤੋਂ ਬਾਅਦ 7.73, ਅਤੇ 4.7 ਫ਼ੀਸਦੀ ਪ੍ਰਵਾਸੀਆਂ ਨੇ ਕ੍ਰਮਵਾਰ 10 ਤੋਂ 15, ਅਤੇ 25 ਤੋਂ 30 ਲੱਖ ਰੁਪਏ ਖ਼ਰਚ ਕੀਤੇ। ਸਿਰਫ਼ 0.28 ਫ਼ੀਸਦੀ ਪ੍ਰਵਾਸੀ 30 ਲੱਖ ਜਾਂ ਵੱਧ ਰੁਪਏ ਖ਼ਰਚ ਕੇ ਵਿਦੇਸ਼ ਗਏ। ਦੁਆਬੇ ਵਿਚੋਂ 31.18 ਫ਼ੀਸਦੀ ਪ੍ਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਲੱਖ ਰੁਪਏ ਤੋਂ ਘੱਟ ਖਰਚ ਕੀਤੇ। ਇਸ ਤੋਂ ਬਾਅਦ 7.73, ਅਤੇ 4.7 ਫ਼ੀਸਦੀ ਪ੍ਰਵਾਸੀਆਂ ਨੇ ਕ੍ਰਮਵਾਰ 10 ਤੋਂ 15, ਅਤੇ 25 ਤੋਂ 30 ਲੱਖ ਰੁਪਏ ਖ਼ਰਚ ਕੀਤੇ। ਸਿਰਫ਼ 0.28 ਫ਼ੀਸਦੀ ਪ੍ਰਵਾਸੀ 30 ਲੱਖ ਜਾਂ ਵੱਧ ਰੁਪਏ ਖ਼ਰਚ ਕੇ ਵਿਦੇਸ਼ ਗਏ। ਦੁਆਬੇ ਵਿਚੋਂ 31.18 ਫ਼ੀਸਦੀ ਪ੍ਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਲੱਖ ਰੁਪਏ ਤੋਂ ਘੱਟ ਖਰਚ ਕੀਤੇ, ਜਦੋਂ ਕਿ 17.2 ਫ਼ੀਸਦੀ ਵਿਅਕਤੀ 5 ਤੋਂ 10 ਲੱਖ ਰੁਪਏ ਖ਼ਰਚ ਕੇ ਵਿਦੇਸ਼ ਗਏ। ਪ੍ਰਵਾਸੀਆਂ ਦੇ 13.69 ਫ਼ੀਸਦੀ ਨੇ ਕੌਮਾਂਤਰੀ ਪ੍ਰਵਾਸ ਲਈ 10 ਤੋਂ 15, 20.53 ਫ਼ੀਸਦੀ ਨੇ 15 ਤੋਂ 20, ਅਤੇ 10.95 ਫ਼ੀਸਦੀ ਨੇ 20 ਤੋਂ 25 ਲੱਖ ਰੁਪਏ ਖ਼ਰਚ ਕੀਤੇ। ਪ੍ਰਵਾਸੀਆਂ ਦੇ 3.13 ਫ਼ੀਸਦੀ ਨੇ ਕੌਮਾਂਤਰੀ ਪ੍ਰਵਾਸ ਲਈ 25 ਤੋਂ 30 ਲੱਖ ਰੁਪਏ ਅਤੇ 3.32 ਫ਼ੀਸਦੀ ਨੇ 30 ਲੱਖ ਜਾਂ ਵੱਧ ਰੁਪਏ ਖ਼ਰਚ ਕੀਤੇ। ਮਾਲਵੇ ਵਿਚੋਂ 29.29 ਫ਼ੀਸਦੀ ਪ੍ਰਵਾਸੀਆਂ ਨੇ ਵਿਦੇਸ਼ ਜਾਣ ਲਈ 15 ਤੋਂ 20 ਲੱਖ ਰੁਪਏ ਖ਼ਰਚ ਕੀਤੇ। ਇਸ ਤੋਂ ਬਾਅਦ 20.38 ਫ਼ੀਸਦੀ ਪ੍ਰਵਾਸੀਆਂ ਨੇ ਵਿਦੇਸ਼ ਜਾਣ ਲਈ 20 ਤੋਂ 25 ਲੱਖ ਰੁਪਏ ਅਤੇ 17.82 ਫ਼ੀਸਦੀ ਨੇ 5 ਲੱਖ ਰੁਪਏ ਤੋਂ ਘੱਟ ਖ਼ਰਚ ਕੀਤੇ। ਇਸ ਤੋਂ ਇਲਾਵਾ, 13.26 ਫ਼ੀਸਦੀ ਪ੍ਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਤੋਂ 10 ਲੱਖ ਰੁਪਏ, 10.83 ਫ਼ੀਸਦੀ ਨੇ 10 ਤੋਂ 15 ਲੱਖ ਰੁਪਏ, 4.78 ਫ਼ੀਸਦੀ ਨੇ 25 ਤੋਂ 30 ਲੱਖ ਰੁਪਏ ਅਤੇ 3.64 ਫ਼ੀਸਦੀ ਨੇ 30 ਲੱਖ ਜਾਂ ਵੱਧ ਰੁਪਏ ਖ਼ਰਚ ਕੀਤੇ।

ਜਿੱਥੋਂ ਤੱਕ ਕੌਮਾਂਤਰੀ ਪ੍ਰਵਾਸ ਲਈ ਮੁਹੱਈਆ ਕਰਵਾਈ ਗਈ ਰਕਮ ਦਾ ਸੰਬੰਧ ਹੈ, ਤਿੰਨੋਂ ਭੂਗੋਲਿਕ ਖੇਤਰਾਂ ਵਿਚ ਪ੍ਰਵਾਸ ਦੇ ਕੁੱਲ ਖ਼ਰਚ ਦਾ ਜ਼ਿਆਦਾ ਹਿੱਸਾ ਪ੍ਰਵਾਸੀਆਂ ਦੇ ਪਰਿਵਾਰਾਂ ਦੀ ਬੱਚਤ ਤੋਂ ਆਇਆ ਹੈ। ਇਸ ਸੰਬੰਧ ਵਿਚ ਧਿਆਨ ਮੰਗਦਾ ਇਕ ਪੱਖ ਇਹ ਹੈ ਕਿ ਪ੍ਰਵਾਸੀਆਂ ਦੇ ਪਰਿਵਾਰ ਆਪਣੇ ਬੱਚਿਆਂ/ਮੈਂਬਰਾਂ ਦੇ ਪ੍ਰਵਾਸ ਲਈ ਜਿਹੜੀ ਰਕਮ ਨੂੰ ਆਪਣੀ ਬੱਚਤ ਵਜੋਂ ਦੱਸਦੇ ਹਨ, ਉਨ੍ਹਾਂ ਪਰਿਵਾਰਾਂ ਸਿਰ ਸੰਸਥਾਗਤ ਉਧਾਰ/ਕਰਜ਼ੇ ਦੀਆਂ ਲਿਮਟਾਂ ਵੀ ਹਨ, ਜਿਨ੍ਹਾਂ ਨੂੰ ਉਹ ਅਕਸਰ ਵਰਤਦੇ ਰਹਿੰਦੇ ਹਨ। ਦੁਆਬੇ, ਮਾਲਵੇ, ਅਤੇ ਮਾਝੇ ਵਿਚ ਪ੍ਰਵਾਸ ਲਈ ਕੁੱਲ ਖ਼ਰਚ ਦਾ ਕ੍ਰਮਵਾਰ 43.38, 40.10, ਅਤੇ 29.34 ਫ਼ੀਸਦੀ ਪਰਿਵਾਸੀਆਂ ਦੇ ਪਰਿਵਾਰਾਂ ਦੀ ਬੱਚਤ ਤੋਂ ਆਇਆ ਦੱਸਿਆ ਗਿਆ ਹੈ। ਪ੍ਰਵਾਸੀਆਂ ਨੂੰ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਆਪਣੀ ਜ਼ਮੀਨ/ ਪਲਾਟ/ ਗਹਿਣੇ/ ਵਾਹਨ/ ਜਾਨਵਰ/ ਖੇਤੀਬਾੜੀ ਮਸ਼ੀਨਰੀ ਵੀ ਵੇਚਣੀ ਪਈ। ਇਸ ਸਰੋਤ ਨੇ ਮਾਝੇ ਵਿਚ ਕੁੱਲ ਖ਼ਰਚ ਵਿਚ 21.97 ਫ਼ੀਸਦੀ ਯੋਗਦਾਨ ਪਾਇਆ। ਮਾਲਵੇ ਵਿਚ ਇਹ ਯੋਗਦਾਨ 20.04 ਫ਼ੀਸਦੀ ਅਤੇ ਦੁਆਬੇ ਵਿਚ 19.67 ਫ਼ੀਸਦੀ ਸੀ।

ਮੌਜੂਦਾ ਅਧਿਐਨ ਦਾ ਇਕ ਬਹੁਤ ਹੀ ਦੁੱਖਦਾਈ ਪਹਿਲੂ ਇਹ ਹੈ ਕਿ ਕੌਮਾਂਤਰੀ ਪ੍ਰਵਾਸ ਲਈ ਪੰਜਾਬੀ ਆਪਣੀਆਂ ਜ਼ਮੀਨਾਂ ਵੀ ਗੁਆ ਰਹੇ ਹਨ ਅਤੇ ਆਪਣੇ ਬੱਚੇ ਵੀ। ਮਾਝੇ, ਮਾਲਵੇ, ਅਤੇ ਦੁਆਬੇ ਵਿਚੋਂ ਪ੍ਰਵਾਸੀਆਂ ਨੇ ਪ੍ਰਵਾਸ ਦੇ ਕੁੱਲ ਖ਼ਰਚ ਦਾ ਕ੍ਰਮਵਾਰ 25.09, 15.86, ਅਤੇ 14.27 ਫ਼ੀਸਦੀ ਦਾ ਪ੍ਰਬੰਧ ਬੈਂਕਾਂ/ਸਹਿਕਾਰੀ ਸਭਾਵਾਂ ਤੋਂ ਕੀਤਾ ਹੈ। ਇਸ ਮੰਤਵ ਲਈ ਆੜ੍ਹਤੀਆਂ ਤੋਂ ਵੀ ਕਰਜ਼ਾ ਲਿਆ ਗਿਆ, ਜੋ ਮਾਝੇ, ਮਾਲਵੇ ਅਤੇ ਦੁਆਬੇ ਵਿਚ ਪ੍ਰਵਾਸ ਦੇ ਕੁੱਲ ਖ਼ਰਚ ਦਾ ਕ੍ਰਮਵਾਰ 10.38, 8.78 ਅਤੇ 5.97 ਫ਼ੀਸਦੀ ਹਿੱਸਾ ਬਣਦਾ ਹੈ। ਪ੍ਰਵਾਸ ਦੇ ਕੁੱਲ ਖ਼ਰਚ ਵਿਚ ਰਿਸ਼ਤੇਦਾਰਾਂ ਦਾ ਯੋਗਦਾਨ ਦੁਆਬੇ ਵਿਚ 12.56, ਮਾਲਵੇ ਵਿਚ 11.1 ਅਤੇ ਮਾਝੇ ਵਿਚ 10.86 ਫ਼ੀਸਦੀ ਸੀ। ਕੌਮਾਂਤਰੀ ਪ੍ਰਵਾਸ ਲਈ ਪ੍ਰਵਾਸੀਆਂ ਨੇ ਆਪਣੇ ਹੋਣ ਵਾਲੇ ਸਹੁਰਿਆਂ ਤੋਂ ਮਾਲਵੇ, ਦੁਆਬੇ, ਅਤੇ ਮਾਝੇ ਵਿਚ ਪ੍ਰਵਾਸ ਦੀ ਕੁੱਲ ਲਾਗਤ ਦਾ ਕ੍ਰਮਵਾਰ 2.19, 1.33, ਅਤੇ 0.71 ਫ਼ੀਸਦੀ ਲਿਆ। ਪ੍ਰਵਾਸ ਦੇ ਕੁੱਲ ਖ਼ਰਚ ਦਾ ਸਿਰਫ਼ 2.21, 1.28, ਅਤੇ 1.11 ਫ਼ੀਸਦੀ ਹਿੱਸਾ ਕ੍ਰਮਵਾਰ ਦੁਆਬੇ, ਮਾਲਵੇ, ਅਤੇ ਮਾਝੇ ਵਿਚੋਂ ਪਹਿਲਾਂ ਤੋਂ ਗਏ ਕੌਮਾਂਤਰੀ ਪ੍ਰਵਾਸੀਆਂ ਦੁਆਰਾ ਭੇਜੇ ਗਏ ਧਨ ਤੋਂ ਆਇਆ। ਪ੍ਰਵਾਸੀਆਂ ਨੇ ਆਪਣੇ ਪਿੰਡ ਦੇ ਵੱਡੇ ਕਿਸਾਨਾਂ ਤੋਂ ਪ੍ਰਵਾਸ ਦੇ ਕੁੱਲ ਖ਼ਰਚ ਦਾ ਮਾਲਵੇ ਵਿਚ 0.65, ਦੁਆਬੇ ਵਿਚ 0.61 ਅਤੇ ਮਾਝੇ ਵਿਚ 0.44 ਫ਼ੀਸਦੀ ਕਰਜ਼ਾ ਲਿਆ। ਇਸ ਸੰਬੰਧ ਵਿਚ ਧਿਆਨ ਦੇਣ ਯੋਗ ਤੱਥ ਇਹ ਵੀ ਹੈ ਕਿ ਵੱਡੇ ਕਿਸਾਨ, ਪ੍ਰਵਾਸੀਆਂ ਦੇ ਪਰਿਵਾਰਾਂ ਉੱਤੇ ਕਰਜ਼ਾ ਚੜ੍ਹਾ ਕੇ ਉਨ੍ਹਾਂ ਦੀਆਂ ਜ਼ਮੀਨਾਂ ਖ਼ਰੀਦਣ ਉੱਤੇ ਨਜ਼ਰ ਰੱਖਦੇ ਹਨ।

ਕੌਮਾਂਤਰੀ ਪ੍ਰਵਾਸ ਉਨ੍ਹਾਂ ਪਰਿਵਾਰਾਂ ਲਈ ਸੁਖਾਵਾਂ ਹੋ ਸਕਦਾ ਹੈ, ਜਿਨ੍ਹਾਂ ਦੇ ਪ੍ਰਵਾਸੀ ਮੈਂਬਰ ਵਿਦੇਸ਼ਾਂ ਵਿਚ ਕੰਮ ਕਰਕੇ ਇਕੱਠੇ ਕੀਤੇ ਧਨ ਵਿਚੋਂ ਕੁਝ ਰਕਮ ਆਪਣੇ ਪਰਿਵਾਰਾਂ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਹਨ। ਦੁਆਬੇ, ਮਾਲਵੇ, ਅਤੇ ਮਾਝੇ ਵਿਚੋਂ ਗਏ ਪ੍ਰਵਾਸੀਆਂ ਵਿਚੋਂ ਕ੍ਰਮਵਾਰ 81.92, 54.38, ਅਤੇ 46.96 ਫ਼ੀਸਦੀ ਨੇ ਆਪਣੇ ਪਰਿਵਾਰਾਂ ਨੂੰ ਕੁਝ ਧਨ ਭੇਜਿਆ। ਦੁਆਬੇ ਦੇ 71.13 ਫ਼ੀਸਦੀ, ਮਾਲਵੇ ਦੇ 56.75 ਫ਼ੀਸਦੀ ਅਤੇ ਮਾਝੇ ਦੇ 51.19 ਫ਼ੀਸਦੀ ਪ੍ਰਵਾਸੀਆਂ ਨੇ ਆਪਣੇ ਪਰਿਵਾਰਾਂ ਨੂੰ ਸਿਰਫ਼ 5 ਲੱਖ ਰੁਪਏ ਤੱਕ ਹੀ ਰਕਮਾਂ ਭੇਜੀਆਂ।

ਮਾਲਵੇ, ਦੁਆਬੇ, ਅਤੇ ਮਾਝੇ ਦੇ ਕੁੱਲ ਪ੍ਰਵਾਸੀਆਂ ਵਿਚੋਂ ਕ੍ਰਮਵਾਰ 21.76, 10.02, ਅਤੇ 5.88 ਫ਼ੀਸਦੀ ਨੇ ਆਪਣੇ ਪਰਿਵਾਰਾਂ ਨੂੰ 10 ਲੱਖ ਰੁਪਏ ਜਾਂ ਇਸ ਤੋਂ ਵੱਧ ਪੈਸੇ ਭੇਜੇ। ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਤੋਂ ਗਏ ਕੌਮਾਂਤਰੀ ਪ੍ਰਵਾਸੀਆਂ ਦੇ ਪ੍ਰਵਾਸ ਦੇ ਖ਼ਰਚ ਅਤੇ ਉਨ੍ਹਾਂ ਦੁਆਰਾ ਵਾਪਸ ਭੇਜੀ ਗਈ ਰਕਮ (ਰੈਮਿਟੈਂਸ) ਵਿਚਕਾਰ ਇਕ ਬਹੁਤ ਵੱਡਾ ਪਾੜਾ ਹੈ, ਜੋ ਸਪੱਸ਼ਟ ਤੌਰ ਉੱਤੇ ਪੰਜਾਬ ਅਤੇ ਭਾਰਤ ਵਿਚੋਂ 'ਪੂੰਜੀ ਹੂੰਝੇ' ਨੂੰ ਦਰਸਾਉਂਦਾ ਹੈ।

ਕੌਮਾਂਤਰੀ ਪ੍ਰਵਾਸ ਦੀ ਉੱਚੀ ਲਾਗਤ ਅਤੇ ਪ੍ਰਵਾਸੀਆਂ ਵੱਲੋਂ ਆਪਣੇ ਪਰਿਵਾਰਾਂ ਨੂੰ ਘੱਟ ਰਕਮਾਂ ਭੇਜਣ ਕਰਕੇ ਮਾਝੇ ਵਿਚ 90 ਫ਼ੀਸਦੀ ਤੋਂ ਮਾਮੂਲੀ ਵੱਧ, ਮਾਲਵੇ ਵਿਚ 63.79 ਫ਼ੀਸਦੀ ਅਤੇ ਦੁਆਬੇ ਵਿਚ 60.12 ਫ਼ੀਸਦੀ ਪਰਿਵਾਰ ਕਰਜ਼ੇ ਥੱਲੇ ਹਨ।

ਪੇਂਡੂ ਪੰਜਾਬ ਤੋਂ ਕੌਮਾਂਤਰੀ ਪ੍ਰਵਾਸ ਦੇ ਮੌਜੂਦਾ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਕੀਤਾ ਜਾ ਰਿਹਾ ਪ੍ਰਵਾਸ ਪੰਜਾਬ ਅਤੇ ਭਾਰਤ ਲਈ 'ਬੌਧਿਕ ਹੂੰਝੇ', 'ਪੂੰਜੀ ਹੂੰਝੇ' ਅਤੇ 'ਜਨਸੰਖਿਕ ਲਾਭਅੰਸ਼ ਦੇ ਨੁਕਸਾਨ' ਤੋਂ ਬਿਨਾਂ ਹੋਰ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਅਤੇ ਭਾਰਤ ਵਿਚ ਰੁਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ ਦੇ ਨਾਲ ਨਾਲ ਇੱਥੋਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ, ਪ੍ਰਸ਼ਾਸਨਿਕ ਸੇਵਾਵਾਂ ਵਿਚ ਵੀ ਸੁਧਾਰ ਕੀਤਾ ਜਾਵੇ ਅਤੇ ਨਸ਼ਿਆਂ ਦੀ ਵਰਤੋਂ ਨੂੰ ਠੱਲ੍ਹ ਪਾਈ ਜਾਵੇ।

 

ਡਾ. ਗਿਆਨ ਸਿੰਘ

-ਸਾਬਕਾ ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।