ਵਿੱਦਿਅਕ ਢਾਂਚੇ ਵਿੱਚ ਕੀ ਬਦਲਾਵ ਹੋਣਾ ਜਰੂਰੀ ?

ਵਿੱਦਿਅਕ ਢਾਂਚੇ ਵਿੱਚ ਕੀ ਬਦਲਾਵ ਹੋਣਾ ਜਰੂਰੀ ?

ਜਦੋਂ ਅਸੀਂ ਮੌਜੂਦਾ ਵਿੱਦਿਅਕ ਢਾਂਚੇ ਦੀ ਅਲੋਚਨਾ ਪੇਸ਼ ਕਰਦੇ ਹਾਂ ਤਾਂ ਅਕਸਰ ਇਹ ਸਵਾਲ ਸਾਡੇ ਸਾਹਮਣੇ ਖੜ੍ਹਾ ਹੁੰਦਾ ਹੈ ਕਿ ਫਿਰ ਇਸਦਾ ਬਦਲ ਕੀ ਹੋਵੇ? ਇਸਦੇ ਜੁਆਬ ਵਿੱਚ ਬਦਲਵੇਂ ਵਿੱਦਿਅਕ ਢਾਂਚੇ ਦੀ ਸੰਖਪ ਰੂਪ ਜੋ ਇੱਕ ਨਰੋਏ, ਖੁਸ਼ਹਾਲ ਤੇ ਉੱਨਤ ਸਮਾਜ ਲਈ ਜ਼ਰੂਰੀ ਹੈ।

ਬਦਲਵੀਂ ਵਿੱਦਿਅਕ ਪ੍ਰਣਾਲੀ ਦੇ ਦੋ ਪੱਖ ਹਨ। ਪਹਿਲਾ ਇਹ ਕਿ ਸਿੱਖਿਆ ਕਿਵੇਂ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਭਾਵ ਪੂਰੇ ਵਿੱਦਿਅਕ ਢਾਂਚੇ ਦਾ ਰੂਪ ਕੀ ਹੋਣਾ ਚਾਹੀਦਾ ਹੈ। ਦੂਜਾ ਪੱਖ ਹੈ ਦਿੱਤੀ ਜਾਣ ਵਾਲ਼ੀ ਸਿੱਖਿਆ ਦਾ ਤੱਤ- ਭਾਵ ਦਿੱਤੀ ਜਾਣ ਵਾਲ਼ੀ ਸਿੱਖਿਆ ਕਿਹੋ ਜਿਹੀ ਹੋਵੇ, ਉਸਦਾ ਮਕਸਦ, ਟੀਚੇ ਕੀ ਹੋਣ।

ਵਿੱਦਿਅਕ ਢਾਂਚੇ ਦਾ ਰੂਪ

1.) ਮੁਫਤ ਤੇ ਲਾਜ਼ਮੀ ਸਿੱਖਿਆ: ਰੋਟੀ, ਕੱਪੜਾ, ਮਕਾਨ ਤੋਂ ਬਾਅਦ ਅੱਜ ਸਿੱਖਿਆ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਸਿੱਖਿਆ ਸਮਾਜ ਲਈ ਨੀਂਹ ਦਾ ਕੰਮ ਕਰਦੀ ਹੈ ਤੇ ਇਸ ਨੀਂਹ ਦੀ ਸੁਚੱਜੀ ਉਸਾਰੀ ਸਰਕਾਰ ਦੇ ਮੁੱਢਲੇ ਫਰਜ਼ਾਂ ਵਿੱਚੋਂ ਇੱਕ ਹੈ। ਇਸ ਫਰਜ਼ ਦੀ ਪੂਰਤੀ ਲਈ ਸਰਕਾਰ ਸਮਾਜ ਤੋਂ ਟੈਕਸ ਇਕੱਠਾ ਕਰਦੀ ਹੈ ਜਿਸ ਨਾਲ਼ ਇਹ ਸਭ ਨੂੰ ਸਿੱਖਿਆ ਦੇਣ ਦਾ ਖਰਚਾ ਚੱਕ ਸਕਦੀ ਹੈ। ਇਸ ਲਈ ਸਭ ਨੂੰ ਸਰਕਾਰ ਵੱਲ਼ੋਂ ਮੁਫ਼ਤ ਤੇ ਲਾਜ਼ਮੀ ਸਿੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸ ਹੱਕ ਤੋਂ ਵਾਂਝਾ ਨਾ ਰਹੇ ਤੇ ਨਾ ਹੀ ਕਿਸੇ ਤਰ੍ਹਾਂ ਦੇ ਰਾਖਵੇਂਕਰਨ ਜਾਂ ਵਿਸ਼ੇਸ਼ ਹੱਕਾਂ ਦੀ ਕੋਈ ਜ਼ਰੂਰਤ ਪਵੇ।

2.) ਦੂਹਰੀ ਵਿੱਦਿਅਕ ਪ੍ਰਣਾਲ਼ੀ ਦੀ ਥਾਂ ਇੱਕਸਾਰ ਸਿੱਖਿਆ: ਦੂਹਰੀ ਵਿੱਦਿਅਕ ਪ੍ਰਣਾਲ਼ੀ ਤੋਂ ਭਾਵ ਹੈ ਜ਼ਮੀਨ-ਅਸਮਾਨ ਦੇ ਫਰਕ ਵਾਲ਼ੀਆਂ ਵਿੱਦਿਅਕ ਸੰਸਥਾਵਾਂ ਤੇ ਸਹੂਲਤਾਂ ਵਾਲ਼ੀ ਸਿੱਖਿਆ। ਇੱਕ ਪਾਸੇ ਗਰੀਬਾਂ ਲਈ ਮਾੜੇ, ਘੱਟ ਸਹੂਲਤਾਂ ਵਾਲ਼ੇ ਸਕੂਲ, ਕਾਲਜ ਹਨ ਜਿੱਥੇ ਅਧਿਆਪਕਾਂ, ਕਮਰਿਆਂ, ਬੈਂਚ, ਸਾਫ਼ ਪਾਣੀ ਤੇ ਪਖ਼ਾਨੇ ਵਰਗੀਆਂ ਸਹੂਲਤਾਂ ਵੀ ਢੰਗ ਨਾਲ਼ ਉਪਲਬਧ ਨਹੀਂ ਹਨ ਤੇ ਦੂਜੇ ਪਾਸੇ ਅਮੀਰਾਂ ਲਈ ਅਜਿਹੇ ਸਕੂਲ ਹਨ ਜਿੱਥੇ ਵਿਦਿਆਰਥੀ ਆਧੁਨਿਕ ਸਮਾਜ ਦੀਆਂ ਸਭ ਸਹੂਲਤਾਂ ਮਾਣਦੇ ਹਨ। ਭਾਰਤ ਵਿੱਚ ਇੱਕ ਪਾਸੇ ਅਜਿਹੇ ਸਕੂਲ ਵੀ ਹਨ ਜਿੱਥੇ ਵਿਦਿਆਰਥੀਆਂ ਲਈ ਪੂਰੇ ਕਮਰੇ ਵੀ ਨਹੀਂ ਹਨ ਤੇ ਦੂਜੇ ਪਾਸੇ ਅਜਿਹੇ ਸਕੂਲ ਵੀ ਹਨ ਜਿਹੜੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਘੁੰਮਾਉਣ ਲਿਜਾਂਦੇ ਹਨ। ਇਹ ਦੂਹਰੇ ਮਿਆਰ ਵਾਲ਼ੀ ਸਿੱਖਿਆ ਖਤਮ ਹੋਣੀ ਚਾਹੀਦੀ ਹੈ ਤੇ ਸਭ ਨੂੰ ਇੱਕਸਾਰ, ਮਿਆਰੀ ਤੇ ਚੰਗੀਆਂ ਸਹੂਲਤਾਂ ਵਾਲ਼ੀ ਸਿੱਖਿਆ ਮਿਲ਼ਣੀ ਚਾਹੀਦੀ ਹੈ।

3.) ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਬੰਦ ਹੋਵੇ: ਸਿੱਖਿਆ ਨੂੰ ਇੱਕ ਜਿਣਸ ਵਾਂਗ ਵੇਚਣਾ, ਖ਼ਰੀਦਣਾ ਤੇ ਇਸ ਰਾਹੀਂ ਮੁਨਾਫ਼ਾ ਕਮਾਉਣਾ ਬੰਦ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਸਿੱਖਿਆ ਦਾ ਪੂਰਾ ਖ਼ਰਚਾ ਚੁੱਕਣਾ ਚਾਹੀਦਾ ਹੈ। ਪੂਰਾ ਵਿੱਦਿਅਕ ਢਾਂਚਾ ਸਰਕਾਰੀ ਹੋਣਾ ਚਾਹੀਦਾ ਹੈ ਤੇ ਕੋਈ ਵੀ ਪ੍ਰਾਈਵੇਟ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਨਹੀਂ ਹੋਣੀ ਚਾਹੀਦੀ। ਸਿੱਖਿਆ ਦਾ ਨਿੱਜੀਕਰਨ ਦੂਹਰੇ ਮਿਆਰ ਵਾਲ਼ੀ ਵਿੱਦਿਅਕ ਪ੍ਰਣਾਲ਼ੀ ਨੂੰ ਜਨਮ ਦਿੰਦਾ ਹੈ ਤੇ ਸਮਾਜ ਦੇ ਇੱਕ ਹਿੱਸੇ ਤੋਂ ਸਿੱਖਿਆ ਦਾ ਹੱਕ ਖੋਹ ਲੈਂਦਾ ਹੈ। ਇਹ ਸਮਾਜ ਵਿਚਲੀ ਗੈਰ-ਬਰਾਬਰੀ ਨੂੰ ਖਤਮ ਕਰਨ ਦੀ ਥਾਂ ਇਸ ਗੈਰ-ਬਰਾਬਰੀ ਆਸਰੇ ਪਲ਼ਦਾ ਤੇ ਉਸਨੂੰ ਵਧਾਉਂਦਾ ਹੈ।

4.) ਸਿੱਖਿਆ ਸੰਸਥਾਵਾਂ ਦਾ ਜਮਹੂਰੀਕਰਨ: ਮੌਜੂਦਾ ਵਿੱਦਿਅਕ ਢਾਂਚੇ ਵਿੱਚ ਸਿੱਖਿਆ ਸਬੰਧੀ ਫ਼ੈਸਲੇ ਵਿਦਿਆਰਥੀਆਂ ਉੱਪਰ ਬਿਨ੍ਹਾਂ ਉਹਨਾਂ ਦੀ ਸਲਾਹ ਲਏ ਥੋਪੇ ਜਾਂਦੇ ਹਨ। ਹੋਣਾ ਇਹ ਚਾਹੀਦਾ ਹੈ ਕਿ ਵਿੱਦਿਅਕ ਸੰਸਥਾਵਾਂ ਤੇ ਸਿੱਖਿਆ ਨੀਤੀ ਵਿੱਚ ਵਿਦਿਆਰਥੀਆਂ ਦੀ ਨਾ ਸਿਰਫ਼ ਰਾਇ ਲਈ ਜਾਵੇ ਸਗੋਂ ਉਹਨਾਂ ਨੂੰ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਵੀ ਹਿੱਸਾ ਦਿੱਤਾ ਜਾਵੇ। ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਆਪਣੀ ਸਿਆਸੀ, ਸਮਾਜਿਕ, ਸੱਭਿਆਚਾਰਕ ਸਰਗਰਮੀਆਂ ਕਰਨ ਦਾ ਜਮਹੂਰੀ ਹੱਕ ਹੋਣਾ ਚਾਹੀਦਾ ਹੈ।

ਸਿੱਖਿਆ ਦਾ ਤੱਤ

1) ਸਿੱਖਿਆ ਦਾ ਮਾਧਿਅਮ ਮਾਂ-ਬੋਲੀ ਹੋਵੇ: ਵਿਗਿਆਨਕ ਤੇ ਪ੍ਰਮਾਣਿਤ ਸਿਧਾਂਤਾਂ ਮੁਤਾਬਕ ਸਿੱਖਿਆ ਦਾ ਮਾਧਿਅਮ ਸਿਰਫ ਵਿਦਿਆਰਥੀ ਦੀ ਮਾਂ-ਬੋਲੀ ਹੀ ਹੋਣਾ ਚਾਹੀਦਾ ਹੈ ਕਿਉਂਕਿ ਮਾਂ-ਬੋਲੀ ਹੀ ਸਮਝਣ, ਸਿੱਖਣ, ਸੋਚਣ, ਕਲਪਨਾ ਕਰਨ ਤੇ ਕੁੱਝ ਨਵਾਂ ਖੋਜਣ ਦਾ ਸਭ ਤੋਂ ਵਧੀਆ ਸਾਧਨ ਹੈ। ਦੂਜੀਆਂ ਜਾਂ ਵਿਦੇਸ਼ੀ ਭਾਸ਼ਾਵਾਂ ਨੂੰ ਇੱਕ ਖਾਸ ਉਮਰ ਤੋਂ ਬਾਅਦ ਸਿਰਫ ਇੱਕ ਚੋਣਵੇਂ ਵਿਸ਼ੇ ਵਜੋਂ ਹੀ ਪੜ੍ਹਾਇਆ ਜਾਣਾ ਚਾਹੀਦਾ ਹੈ। ਚੋਣਵੇਂ ਵਿਸ਼ੇ ਤੋਂ ਭਾਵ ਹੈ ਕਿ ਹੋਰ ਕਿਹੜੀ ਭਾਸ਼ਾ ਸਿੱਖਣੀ ਹੈ, ਜਾਂ ਕੋਈ ਹੋਰ ਭਾਸ਼ਾ ਨਹੀਂ ਵੀ ਸਿੱਖਣੀ, ਇਹ ਫੈਸਲਾ ਪੂਰੀ ਤਰ੍ਹਾਂ ਵਿਦਿਆਰਥੀਆਂ ਦਾ ਹੋਣਾ ਚਾਹੀਦਾ ਹੈ।

2) ਵਿਗਿਆਨਕ, ਜਮਹੂਰੀ ਤੇ ਸਮਾਜਵਾਦੀ ਕਦਰਾਂ ਵਾਲ਼ੀ ਸਿੱਖਿਆ: ਸਿੱਖਿਆ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਹਰ ਤਰ੍ਹਾਂ ਦੀਆਂ ਗੈਰ-ਵਿਗਿਆਨਕ, ਗੈਰ-ਜਮਹੂਰੀ, ਰੂੜੀਵਾਦੀ ਧਾਰਨਾਵਾਂ ਨੂੰ ਖਤਮ ਕਰਕੇ ਵਿਗਿਆਨਕ, ਜਮਹੂਰੀ ਤੇ ਸਮਾਜਵਾਦੀ ਕਦਰਾਂ ਸਥਾਪਿਤ ਕਰੇ। ਇਹ ਵਿਦਿਆਰਥੀਆਂ ’ਚੋਂ ਜਾਤ-ਪਾਤ, ਔਰਤਾਂ ਵਿਰੋਧੀ ਮਾਨਸਿਕਤਾ ਖਤਮ ਕਰੇ; ਉਹਨਾਂ ਨੂੰ ਹਰ ਤਰ੍ਹਾਂ ਦੇ ਜਮਾਤੀ, ਧਾਰਮਿਕ, ਕੌਮੀ, ਨਸਲੀ, ਖੇਤਰੀ ਤੇ ਭਾਸ਼ਾਈ ਆਦਿ ਲੁੱਟ, ਜਬਰ ਤੇ ਬੇਇਨਸਾਫੀ ਖਿਲਾਫ ਜੂਝਣ ਲਈ ਪ੍ਰੇਰਿਤ ਕਰੇ; ਉਹਨਾਂ ਵਿੱਚ ਖੁਦਗਰਜ਼ੀ, ਮੁਨਾਫੇਖੋਰੀ, ਸੰਵੇਦਨਹੀਣਤਾ ਦੀਆਂ ਸਰਮਾਏਦਾਰਾ ਕਦਰਾਂ ਦੀ ਥਾਂ ਬਰਾਬਰੀ, ਭਾਈਚਾਰੇ ਤੇ ਸੰਵੇਦਨਸ਼ੀਲਤਾ ਜਿਹੀਆਂ ਸਮਾਜਵਾਦੀ ਕਦਰਾਂ ਭਰੇ।

3) ਸਿੱਖਿਆ ਧਰਮ-ਨਿਰਲੇਪ ਹੋਵੇ: ਧਰਮ ਹਰ ਨਾਗਰਿਕ ਦਾ ਨਿੱਜੀ ਮਸਲਾ ਹੈ ਤੇ ਹਰ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਦਾ ਹੱਕ ਹੋਣਾ ਚਾਹੀਦਾ ਹੈ। ਪਰ ਸਿੱਖਿਆ ਇੱਕ ਸਮਾਜਿਕ ਮਸਲਾ ਹੈ ਤੇ ਇਸਨੂੰ ਧਰਮ ਨਾਲ਼ੋਂ ਅਲੱਗ ਰੱਖਣਾ ਚਾਹੀਦਾ ਹੈ। ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਧਰਮ ਦੇ ਹੋਂਦ ’ਚ ਆਉਣ, ਇਸਦੇ ਪੈਦਾ ਹੋਣ ਦੇ ਸਮਾਜਿਕ ਕਾਰਨਾਂ ਨੂੰ ਸਮਝਣਾ, ਧਰਮ ਦੀ ਇਤਿਹਾਸਕ ਭੂਮਿਕਾ ਅਤੇ ਸੰਭਾਵੀ ਭਵਿੱਖ ਆਦਿ ਨੂੰ ਵਿਗਿਆਨਕ ਨਜ਼ਰੀਏ ਨਾਲ਼ ਸਮਝਣਾ ਤਾਂ ਸਿੱਖਿਆ ਦਾ ਹਿੱਸਾ ਬਣ ਸਕਦਾ ਹੈ। ਪਰ ਕਿਸੇ ਵੀ ਵਿਸ਼ੇਸ਼ ਧਰਮ ਦੀਆਂ ਮਾਨਤਾਵਾਂ, ਨਜ਼ਰੀਏ ਨੂੰ ਸਿੱਖਿਆ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਤੇ ਧਾਰਮਿਕ ਰਸਮਾਂ ਨੂੰ ਵੀ ਵਿੱਦਿਅਕ ਅਦਾਰਿਆ ਤੋਂ ਪਾਸੇ ਰੱਖਣਾ ਚਾਹੀਦਾ ਹੈ। ਇਸ ਨਾਲ਼ ਸਿੱਖਿਆ ਦੇ ਭਗਵੇਂਕਰਨ ਆਦਿ ਦਾ ਰਾਹ ਖੁੱਲ੍ਹਦਾ ਹੈ। ਕਿਸੇ ਵਿਸ਼ੇਸ਼ ਧਰਮ ਨੂੰ ਸਿੱਖਿਆ ਦਾ ਹਿੱਸਾ ਬਣਾਉਣਾ ਹੋਰ ਧਰਮਾਂ ਨੂੰ ਮੰਨਣ ਵਾਲ਼ਿਆਂ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲ਼ਿਆਂ ਨਾਲ਼ ਬੇਇਨਸਾਫੀ ਹੈ। ਇੱਛਤ ਵਿਅਕਤੀ ਨੂੰ ਆਪਣੇ ਧਰਮ ਦੀ ਸਿੱਖਿਆ ਧਰਮ ਨਾਲ਼ ਸਬੰਧਤ ਸੰਸਥਾਵਾਂ ਵਿੱਚ ਹੀ ਮਿਲ਼ਣੀ ਚਾਹੀਦੀ ਹੈ।

4) ਬੱਚੇ ਦਾ ਸਰਵਪੱਖੀ ਵਿਕਾਸ ਸਿੱਖਿਆ ਦਾ ਕੇਂਦਰ ਹੋਵੇ: ਸਿੱਖਿਆ ਦਾ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੋਣਾ ਚਾਹੀਦਾ ਹੈ। ਸਰਵਪੱਖੀ ਵਿਕਾਸ ਤੋਂ ਭਾਵ ਹੈ ਕਿ ਹਰ ਬੱਚੇ ਨੂੰ ਗਿਆਨ ਦੇਣ ਦੇ ਨਾਲ਼ ਉੁਸ ਅੰਦਰਲੀਆਂ ਸੰਭਾਵਨਾਵਾਂ, ਸਮਰੱਥਾਵਾਂ ਨੂੰ ਵਿਕਸਤ ਕਰਨਾ ਤੇ ਉਸਦੀ ਸਖਸ਼ੀਅਤ ਨੂੰ ਪੂਰੀ ਤਰ੍ਹਾਂ ਪ੍ਰਫੁੱਲਿਤ ਕਰਨਾ। ਸਿੱਖਿਆ ਨਾ ਸਿਰਫ ਬੱਚਿਆਂ ਨੂੰ ਗਿਆਨਵਾਨ, ਚਿੰਤਨਸ਼ੀਲ ਬਣਾਵੇ ਸਗੋਂ ਉਹਨਾਂ ਅੰਦਰ ਹਮਦਰਦੀ, ਸੰਵੇਦਨਸ਼ੀਲਤਾ ਤੇ ਭਾਈਚਾਰੇ ਵਰਗੇ ਗੁਣਾਂ ਦਾ ਵਿਕਾਸ ਕਰੇ ਤੇ ਉਹਨਾਂ ਦੀਆਂ ਵਿਸ਼ੇਸ਼ ਰੁਚੀਆਂ, ਸਮਰੱਥਾਵਾਂ ਨੂੰ ਉਜਾਗਰ ਕਰੇ। ਇਹ ਉਹਨਾਂ ਨੂੰ ਸਮਾਜ ਵਿਚਲੀ ਆਪਣੀ ਭੂਮਿਕਾ ਤੇ ਸਮਾਜ ਪ੍ਰਤੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਜਾਣੂ ਕਰਵਾਏ।

5) ਮੁਕਾਬਲੇਬਾਜ਼ੀ ਤੇ ਘੋਟਾ ਲਾਊ ਪ੍ਰਣਾਲ਼ੀ ਨੂੰ ਖ਼ਤਮ ਕਰਨਾ: ਮੌਜੂਦਾ ਸਿੱਖਿਆ ਸਿਰਫ ਰੁਜ਼ਗਾਰ ਹਾਸਲ ਕਰਨ ਦਾ ਵਸੀਲਾ ਹੈ। ਰੁਜ਼ਗਾਰ ਸੀਮਤ ਹੋਣ ਕਾਰਨ ਸ਼ੁਰੂ ਤੋਂ ਹੀ ਵਿਦਿਆਰਥੀ ਵੱਧ ਨੰਬਰਾਂ ਦੀ ਮੁਕਾਬਲੇਬਾਜ਼ੀ ਵਿੱਚ ਪੈਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਕਰਕੇ ਮੌਜੂਦਾ ਸਿੱਖਿਆ ਪ੍ਰਣਾਲ਼ੀ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ, ਸੂਝਵਾਨ, ਚਿੰਤਨਸ਼ੀਲ ਬਣਾਉਣ, ਉਹਨਾਂ ਦੀਆਂ ਸਮਰੱਥਾਵਾਂ ਨੂੰ ਉਘਾੜਨ, ਉਹਨਾਂ ਦੀ ਸਖਸ਼ੀਅਤ ਦਾ ਵਿਕਾਸ ਕਰਨ ਅਤੇ ਉਹਨਾਂ ਨੂੰ ਸਮਾਜ ਨਾਲ਼ ਜੋੜਨ ਦੀ ਥਾਂ ਘੋਟਾ ਲਾਊ ਪੜ੍ਹਾਈ ਉੱਪਰ ਜੋਰ ਦਿੰਦੀ ਹੈ। ਇੰਝ ਸਿੱਖਿਆ ਸਰਵਪੱਖੀ ਵਿਕਾਸ ਕਰਨ ਦੀ ਥਾਂ ਬੱਚਿਆਂ ਦੀ ਮਾਨਸਿਕਤਾ ਦਾ ਨਾਸ ਮਾਰਨ ਦਾ ਕੰਮ ਕਰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਲਈ ਢੁਕਵੇਂ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਤਾਂ ਵੰਨ-ਸੁਵੰਨੇ ਕੰਮਾਂ ਵਿਚਲਾ ਆਰਥਿਕ-ਸਮਾਜਿਕ ਪਾੜਾ ਵੀ ਖਤਮ ਕੀਤਾ ਜਾਵੇ। ਇਸ ਨਾਲ਼ ਹੀ ਸਿੱਖਿਆ ਸਰਵਪੱਖੀ ਵਿਕਾਸ ਦੇ ਆਪਣੇ ਅਸਲ ਉਦੇਸ਼ ਵੱਲ ਵਧ ਸਕਦੀ ਹੈ। ਅਜਿਹੀ ਸਿੱਖਿਆ ਮੁਕਾਬਲੇਬਾਜ਼ੀ ਦੀ ਥਾਂ ਸਹਿਯੋਗ ਨੂੰ ਤੇ ਘੋਟਾ ਲਾਉਣ ਦੀ ਥਾਂ ਅਲੋਚਨਾਤਮਕ ਚਿੰਤਨ ਨੂੰ ਵਿਕਸਤ ਕਰੇਗੀ। ਅਜਿਹੀ ਸਿੱਖਿਆ ਹੀ ਬੱਚਿਆਂ ਉੱਪਰ ਬੋਝ ਬਣਨ ਦੀ ਥਾਂ ਉਹਨਾਂ ਦੀ ਦਿਲਚਸਪੀ ਦਾ ਕੇਂਦਰ ਬਣ ਸਕਦੀ ਹੈ।

6) ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਜੋੜਿਆ ਜਾਣਾ ਚਾਹੀਦਾ ਹੈ: ਅੱਜ ਦੀ ਸਿੱਖਿਆ ਪ੍ਰਣਾਲ਼ੀ, ਵਿਦਿਆਰਥੀਆਂ ਵਿੱਚ ਬੌਧਿਕਤਾ ਦਾ ਨਕਲੀ ਹੰਕਾਰ ਭਰਦੀ ਹੈ। ਇਹ ਸਰੀਰਕ ਕਿਰਤ ਪ੍ਰਤੀ ਹੀਣਤਾ ਤੇ ਨਫ਼ਰਤ ਪੈਦਾ ਕਰਦੀ ਹੈ ਤੇ ਆਪਣੇ ਆਲ਼ੇ-ਦੁਆਲ਼ੇ ਦੇ ਸੰਸਾਰ ਨਾਲ਼ੋਂ ਤੋੜਦੀ ਹੈ। ਇੰਝ ਇਹ ਸਰੀਰਕ ਕਿਰਤ ਕਰਨ ਵਾਲ਼ੇ ਨੂੰ ਮਾਨਸਿਕ ਕਿਰਤ ਕਰਨ ਵਾਲ਼ੇ ਤੋਂ ਹੀਣਾ ਦੱਸਦੀ ਹੈ ਸਰੀਰਕ ਕਿਰਤ ਕਰਨ ਵਾਲ਼ਿਆਂ ਪ੍ਰਤੀ ਨਫ਼ਰਤ ਭਰਦੀ ਹੈ। ਕਿਰਤ ਮਨੁੱਖ ਦੇ ਸਮਾਜਿਕ ਜੀਵਨ ਦਾ ਅਧਾਰ ਹੈ ਤੇ ਇਸ ਕਰਕੇ ਕਿਰਤੀ ਲੋਕ ਸਮਾਜ ਦਾ ਧੁਰਾ ਬਣਦੇ ਹਨ। ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੋਜ਼ਾਨਾ ਜ਼ਿੰਦਗੀ ਨੂੰ ਲੀਹ ਉੱਤੇ ਤੋਰਨ ਲਈ ਜ਼ਰੂਰੀ ਚੀਜ਼ਾਂ ਜਿਵੇਂ ਆਟਾ, ਸਬਜ਼ੀਆਂ, ਫ਼ਲ਼, ਦੁੱਧ, ਕੱਪੜੇ ਤੇ ਕਿਤਾਬਾਂ ਆਦਿ ਕਿਵੇਂ ਬਣਕੇ ਉਹਨਾਂ ਦੇ ਹੱਥਾਂ ਤੱਕ ਪਹੁੰਚਦੀਆਂ ਹਨ। ਇਹਦੇ ਲਈ ਉਹਨਾਂ ਨੂੰ ਅਜਿਹੀ ਪੈਦਾਵਾਰੀ ਕਿਰਤ ਨਾਲ਼ ਵੀ ਜੋੜਨਾ ਚਾਹੀਦਾ ਹੈ। ਕਿਰਤ ਨਾਲ਼ ਜੁੜਕੇ ਉਹਨਾਂ ਦਾ ਚਿੰਤਨ ਵਧੇਰੇ ਠੋਸ ਹੁੰਦਾ ਹੈ, ਸਮਝ ਵਿਸ਼ਾਲ ਹੁੰਦੀ ਹੈ, ਸੰਵੇਦਨਾ ਡੂੰਘੀ ਹੁੰਦੀ ਹੈ ਅਤੇ ਉਹ ਕਿਰਤ ਤੇ ਕਿਰਤੀਆਂ ਦਾ ਮਹੱਤਵ ਪਛਾਨਣਾ ਸਿੱਖਦੇ ਹਨ ਤੇ ਸਮਾਜ ਵਿੱਚ ਉਪਯੋਗੀ ਭੂਮਿਕਾ ਨਿਭਾਉਂਦੇ ਹਨ।

ਇਹ ਬਦਲਵੇਂ ਵਿੱਦਿਅਕ ਢਾਂਚੇ ਦੀ ਇੱਕ ਸੰਖੇਪ ਰੂਪ-ਰੇਖਾ ਹੈ। ਇਹ ਵਿੱਦਿਅਕ ਢਾਂਚਾ ਕੋਈ ਹਕੀਕਤ ਤੋਂ ਉੱਟੀ ਕਲਪਨਾ ਨਹੀਂ ਹੈ ਸਗੋਂ ਅਜਿਹਾ ਵਿੱਦਿਅਕ ਢਾਂਚਾ ਪੂਰੀ ਤਰ੍ਹਾਂ ਸੰਭਵ ਹੈ। ਜਿਸ ਸਮਾਜਿਕ-ਰਾਜਨੀਤਕ ਪ੍ਰਬੰਧ ਦੇ ਕੇਂਦਰ ਵਿੱਚ ਮੁੱਠੀ ਭਰ ਸਰਮਾਏਦਾਰਾਂ ਦੇ ਹਿੱਤਾਂ ਦੀ ਥਾਂ ਬਹੁਗਿਣਤੀ ਕਿਰਤੀ ਲੋਕ ਹੋਣ ਉਸ ਦਾ ਵਿੱਦਿਅਕ ਢਾਂਚਾ ਅਜਿਹਾ ਹੀ ਹੋਵੇਗਾ। ਸਾਬਕਾ ਸਮਾਜਵਾਦੀ ਮੁਲਕਾਂ ਦਾ ਵਿੱਦਿਅਕ ਢਾਂਚਾ ਅਜਿਹਾ ਹੀ ਰਿਹਾ ਹੈ ਜਿਸਨੇ ਨਾ ਸਿਰਫ ਵੱਡੇ ਤੇ ਪਛੜੇ ਮੁਲਕਾਂ ਵਿੱਚ ਅਨਪੜ੍ਹਤਾ ਨੂੰ ਖਤਮ ਕੀਤਾ ਸਗੋਂ ਸਮੁੱਚੀ ਵਸੋਂ ਨੂੰ ਮੁਫ਼ਤ, ਲਾਜ਼ਮੀ ਤੇ ਇੱਕਸਾਰ ਸਿੱਖਿਆ ਦਾ ਹੱਕ ਵੀ ਦਿੱਤਾ। ਉਸ ਵਿੱਦਿਅਕ ਢਾਂਚੇ ਨੇ ਚੰਗੀਆਂ ਮਨੁੱਖੀ ਕਦਰਾਂ-ਕੀਮਤਾਂ ਵਾਲ਼ੇ ਇਨਸਾਨ ਤਿਆਰ ਕੀਤੇ ਤੇ ਨਾਲ਼ ਹੀ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਕਾਰਨਾਮੇ ਕਰਨ ਵਾਲ਼ੇ ਵਿਗਿਆਨੀ, ਇੰਜੀਨਿਅਰ, ਡਾਕਟਰ, ਕਲਾਕਾਰ ਤੇ ਸਾਹਿਤਕਾਰ ਆਦਿ ਵੀ ਪੈਦਾ ਕੀਤੇ ਹਨ।

ਮੌਜੂਦਾ ਵਿੱਦਿਅਕ ਢਾਂਚੇ ਦੀਆਂ ਕਮੀਆਂ ਬਾਰੇ ਗੱਲ ਕਰਦਿਆਂ ਸਾਨੂੰ ਅਜਿਹੇ ਬਦਲਵੇਂ ਵਿੱਦਿਅਕ ਢਾਂਚੇ ਦੀ ਸਥਾਪਨਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

 

ਡਾ.ਦਵਿੰਦਰ ਕੌਰ  ਖੁਸ਼ ਧਾਲੀਵਾਲ