ਸ਼ੁਭਕਰਨ ਸਿੰਘ ਦੇ ਕਾਤਲ ਦੋਸ਼ੀਆਂ ਖਿ਼ਲਾਫ਼ ਕਮਜੋਰ ਐੱਫਆਰਆਈ ਦਰਜ

ਸ਼ੁਭਕਰਨ ਸਿੰਘ ਦੇ ਕਾਤਲ ਦੋਸ਼ੀਆਂ ਖਿ਼ਲਾਫ਼ ਕਮਜੋਰ ਐੱਫਆਰਆਈ ਦਰਜ

ਕੀ ਮਿਲ ਸਕੇਗਾ ਸ਼ੁਭਕਰਨ ਨੂੰ ਇਨਸਾਫ?

* ਮੌਤ ਸਿਰਫ਼ ਸਿਰ ਵਿੱਚ ਲੱਗੀ ਇੱਕ ਗੋਲੀ ਕਰਕੇ ਨਹੀਂ ਹੋਈ ਬਲਕਿ ਸਿਰ ਵਿੱਚ ਪੈਲੇਟ ਗੰਨ ਦੇ ਕਈ ਮੈਟਲ ਮਿਲੇ  

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਪਟਿਆਲਾ: 21 ਫਰਵਰੀ ਨੂੰ ਦਿੱਲੀ ਕੂਚ ਕਰੋ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦਾ 8ਵੇਂ ਦਿਨ ਬੀਤੇ ਬੁੱਧਵਾਰ ਨੂੰ ਦੇਰ ਰਾਤ ਪੋਸਟਮਾਰਟਮ ਕਰ ਦਿਤਾ ਗਿਆ ਸੀ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ ਐੱਫਆਰਆਈ ਦਰਜ ਕਰ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਕਾਰਵਾਈ ਉਪਰੰਤ ਪੰਜ ਮੈਂਬਰੀ ਡਾਕਟਰੀ ਬੋਰਡ ਵੱਲੋਂ ਸ਼ੁਭਕਰਨ ਸਿੰਘ ਪੋਸਟਮਾਰਟਮ ਕੀਤਾ ਗਿਆ।

ਸਾਰਾ ਦਿਨ ਕਿਸਾਨ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਉਪਰੰਤ ਪੁਲਿਸ ਵੱਲੋਂ ਜ਼ੀਰੋ ਐੱਫਆਰਆਈ ਦਰਜ ਕਰਨ ਦੇ ਦਿੱਤੇ ਭਰੋਸੇ ਉਪਰੰਤ ਜਥੇਬੰਦੀਆਂ ਤੇ ਪਰਿਵਾਰਕ ਮੈਂਬਰ ਸਹਿਮਤ ਹੋਏ, ਜਿਸ ਦੌਰਾਨ ਸ਼ੁਭਕਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਐੱਸਐੱਸਪੀ ਬਠਿੰਡਾ ਅਤੇ ਐੱਸਐੱਸਪੀ ਪਟਿਆਲਾ ਦੀ ਹਾਜ਼ਰੀ ਵਿਚ ਬਿਆਨ ਦਰਜ ਕਰਵਾਏ ਗਏ,ਜਿਸ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਲੰਬਾ ਸਮਾਂ ਚੱਲੀ ਕਾਗਜ਼ੀ ਕਾਰਵਾਈ ਤੋਂ ਬਾਅਦ ਪੋਸਟ ਮਾਰਟਮ ਹੋਇਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫਆਰਆਈ ਦਰਜ ਕਰ ਲਈ ਗਈ ਹੈ।

ਕਿੰਨੀ ਕਮਜ਼ੋਰ ਹੈ ਜੀਰੋ ਐਫ ਆਈ ਆਰ ?

ਪੋਸਟਮਾਰਟਮ ਤੋਂ ਬਾਅਦ ਸ਼ੁਭਕਰਨ ਦੀ ਮੌਤ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ । ਉਸ ਦੀ ਮੌਤ ਸਿਰਫ਼ ਸਿਰ ਵਿੱਚ ਲੱਗੀ ਇੱਕ ਗੋਲੀ ਕਰਕੇ ਨਹੀਂ ਹੋਈ ਬਲਕਿ ਉਸ ਦੇ ਸਿਰ ਵਿੱਚ ਪੈਲੇਟ ਗੰਨ ਦੇ ਕਈ ਮੈਟਲ ਮਿਲੇ ਹਨ । ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ ਸ਼ੁਭਕਰਨ ਦੇ ਸਿਰ ਦਾ ਜਦੋਂ ਸੀਟੀ ਸਕੈਨ ਹੋਇਆ ਤਾਂ ਉਸ ਦੇ ਸਿਰ ਵਿੱਚ ਕਈ ਪੈਲੇਟ ਮਿਲੇ ਸਨ । ਇਹ ਉਹ ਹੀ ਪੈਲੇਟ ਗੰਨ ਦੇ ਛਰੇ ਸਨ ਜੋ ਕਈ ਕਿਸਾਨਾਂ ਦੇ ਸਰੀਰ ਤੋਂ ਮਿਲੇ ਸਨ,ਜਿਸ ਨਾਲ ਕਈ ਕਿਸਾਨ ਜਖਮੀ ਹੋਏ ਸਨ । ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਸ਼ੁਭਕਰਨ ਦੀ ਖੋਪੜੀ ਦੇ ਸਭ ਤੋਂ ਪਿਛਲੇ ਹਿੱਸੇ ਵਿੱਚ ਸ਼ੱਟ ਦੇ ਨਿਸ਼ਾਨ ਹਨ,ਜਦਕਿ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ । ਡਾਕਟਰਾਂ ਦਾ ਦਾਅਵਾ ਹੈ ਕਿ ਅਸੀਂ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ,ਪਰ ਅਧਿਕਾਰੀ ਹੁਣ ਵੀ ਇਸ ਰਿਪੋਰਟ ਨੂੰ ਲੈਕੇ ਕੁਝ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰ ਰਹੇ ਹਨ ।

ਡਾਕਟਰਾਂ ਮੁਤਾਬਿਕ ਸ਼ੁਭਕਰਨ ਦੇ ਸਿਰ ਤੋਂ ਪੈਲੇਟ ਦੇ ਜਿਹੜੇ ਮੈਟਲ ਦੇ ਛਰੇ ਮਿਲੇ ਹਨ ਉਹ ਵੀ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ । ਜਿਸ ਨੂੰ ਹੁਣ ਬੈਲਸਟਿਕ ਮਾਹਿਰ  ਕੋਲ ਭੇਜਿਆ ਜਾਵੇਗਾ ਤਾਂਕਿ ਉਹ ਇਸ ਚੀਜ਼ ਦਾ ਪਤਾ ਲੱਗਾ ਸਕਣ ਜਿਸ ਹਥਿਆਰ ਤੋਂ ਇਹ ਫਾਇਰ ਕੀਤੇ ਗਏ ਹਨ ।

ਹਿੰਦੂਸਤਾਨ ਟਾਈਮਜ ਦੀ ਰਿਪੋਟ ਦੇ ਮੁਤਾਬਿਕ ਸ਼ੁਭਕਰਨ ਦੇ ਕੇਸ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਪੜ੍ਹੀ ਹੈ। ਉਧਰ ਹਰਿਆਣਾ ਦੇ ਪਾਸੇ ਗੜੀ ਪੁਲਿਸ ਸਟੇਸ਼ਨ ਦੇ ਅਫਸਰ ਸੁਰੇਮ ਕੁਮਾਰ ਨੇ ਵੀ ਕਿਹਾ ਅਸੀਂ ਪੋਸਟਮਾਰਟਮ ਰਿਪੋਰਟ ਨਹੀਂ ਵੇਖੀ ਹੈ,ਮਿਲਣ ਤੋਂ ਬਾਅਦ ਹੀ ਇਸ ‘ਤੇ ਜਵਾਬ ਦੇਵਾਂਗੇ ।

ਰਾਜਨੀਤਕ ਆਗੂਆਂ ਵਲੋਂ ਮੁਖਮੰਤਰੀ ਦਾ ਵਿਰੋਧ

28 ਤਰੀਕ ਦੇਰ ਰਾਤ ਸ਼ੁਭਕਰਨ ਦੇ ਕਾਤਲਾ ਖਿਲਾਫ ਜ਼ੀਰੋ ਐਫਆਈਆਰ ਦਰਜ ਕਰਕੇ ਉਸ ਦਾ ਪੋਸਟਮਾਰਟਮ ਕੀਤਾ ਗਿਆ ਸੀ । ਹਾਲਾਂਕਿ ਇਸ ਵਿੱਚ ਕਾਤਲਾਂ ਦਾ ਨਾਂ ਅਣਪਛਾਤੇ ਲਿਖਿਆ ਗਿਆ ਸੀ । ਜਿਸ ਨੂੰ ਲੈਕੇ ਕਿਸਾਨ ਆਗੂ ਅਤੇ ਸਿਆਸਤਦਾਨਾਂ ਨੇ ਵੀ ਕਰੜਾ ਇਤਰਾਜ਼ ਜ਼ਾਹਿਰ ਕੀਤਾ ਸੀ ।ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਲਟੂਰਾਮ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜੋ ਐਫ ਆਈ ਆਰ ਦਰਜ ਕੀਤੀ ਹੈ, ਉਹ ਕਿਸੇ ਵੀ ਅਦਾਲਤੀ ਪਰਖ ਦੀ ਕਸਵੱਟੀ ’ਤੇ ਖਰੀ ਨਹੀਂ ਉਤਰਣ ਵਾਲੀ।ਪਲਟੂਰਾਮ ਨੇ ਅਣਪਛਾਤਿਆਂ ਖਿਲਾਫ਼ ਐਫ ਆਈ ਆਰ ਦਰਜ ਕਰਕੇ ਹਰਿਆਣਾ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਸ਼ੁੱਭਕਰਨ ਸਿੰਘ ਨੂੰ ਕਦੇ ਵੀ ਇਨਸਾਫ ਨਾ ਮਿਲਣਾ ਵੀ ਯਕੀਨੀ ਬਣਾ ਦਿੱਤਾ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੇ ਜਾਣ ਮਗਰੋਂ ਹੀ ਪੰਜਾਬ ਸਰਕਾਰ ਨੇ ਸ਼ੁਭਕਰਨ ਦੇ ਕਤਲ ਦੀ ਕਮਜ਼ੋਰ ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਪਟੀਸ਼ਨ ’ਤੇ ਕਾਰਵਾਈ ਦੇ ਡਰੋਂ ਭਗਵੰਤ ਮਾਨ ਨੇ ਪਾਤੜਾਂ ਥਾਣੇ ’ਚ ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ, ਜਿਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਜੇ ਸ਼ੁਭਕਰਨ ਦਾ ਕਤਲ ਇਸ ਥਾਣੇ (ਪਾਤੜਾਂ) ਦੀ ਹੱਦ ਤੋਂ ਬਾਹਰ ਹੋਇਆ ਹੈ ਤਾਂ ਇਸ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਗੜ੍ਹੀ ਥਾਣੇ ਭੇਜਿਆ ਜਾ ਸਕਦਾ ਹੈ। ਇਸ ਨੇ ਸਾਬਿਤ ਕਰ ਦਿੱਤਾ ਹੈ ਕਿ ‘ਆਪ’ ਸਰਕਾਰ ਨੇ ਇਹ ਐਫਆਈਆਰ ਗਲਤ ਇਰਾਦੇ ਨਾਲ ਦਰਜ ਕੀਤੀ ਹੈ।

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਟਵੀਟ ਕੀਤਾ ਕਿ ਕਿਸਾਨ ਸ਼ੁਭਕਰਨ ਦੀ ਹੱਤਿਆ ਮਾਮਲੇ 'ਚ ਦੇਰੀ ਨਾਲ ਦਰਜ ਹੋਈ ਐਫ.ਆਈ.ਆਰ. ਬਹਿਬਲ ਕਲਾਂ ਕਾਂਡ ਦੀ ਇਕ ਦੁਹਰਾਈ ਕਹਾਣੀ ਹੈ, ਜਿਥੇ 2015 'ਚ 2 ਸਿੱਖਾਂ ਨੂੰ ਗੋਲੀਆਂ ਮਾਰਨ ਵਾਲੀ ਵਰਦੀ ਵਿਚ ਪੁਲਿਸ ਵੀ ਅਣਜਾਣ ਸੀ ਤੇ ਇਥੇ ਵੀ ਦੋਸ਼ੀ ਪੁਲਿਸ ਅਣਜਾਣ ਹੈ ।ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੂੰ ਐਫ.ਆਈ.ਆਰ. ਵਿਚ ਲਗਭਗ 10 ਦਿਨਾਂ ਦੀ ਹੋਈ ਦੇਰੀ ਅਤੇ ਉਹ ਵੀ ਅਣਪਛਾਤੇ ਵਿਰੁੱਧ ਕਿਉਂ ਕੀਤੀ ਗਈ ਅਤੇ ਹਰਿਆਣਾ ਪੁਲਿਸ ਵਲੋਂ ਜੋ ਪੰਜਾਬ ਵਿਚ 250 ਤੋਂ ਵੱਧ ਕਿਸਾਨਾਂ ਦੇ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਉਣ ਤੇ ਹਿੰਸਾ ਲਈ ਕੌਣ ਜ਼ਿੰਮੇਵਾਰ ਹੋਵੇਗਾ, ਬਾਰੇ ਦੱਸਣਾ ਚਾਹੀਦਾ ਹੈ।

ਹਾਈਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ  ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਨਾਗਰਿਕਾਂ ਵਿਰੁੱਧ ਅਜਿਹੀ ਕਾਰਵਾਈ ਬੰਦ ਕਰਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਨਹੀਂ ਤਾਂ ਪੰਜਾਬ ਸਰਕਾਰ ਨੂੰ ਪੁਲਿਸ ਰਾਹੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਪੈਣਗੇ।