ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਦੀਵਾਨ ਸਜਾਏ ਗਏ

ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਦੀਵਾਨ ਸਜਾਏ ਗਏ

ਵਿਸ਼ਾਲ ਨਗਰ ਕੀਰਤਨ ਦੌਰਾਨ ਇੱਕ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ ਕੈਲੀਫੋਰਨੀਆ (ਹੁਸਨ ਲੜੋਆ ਬੰਗਾ):ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਯੂਬਾ ਸਿਟੀ ਕੈਲੀਫੋਰਨੀਆ ਵਿੱਚ ਐਤਕਾਂ 44ਵੇਂ ਵਿਸ਼ਾਲ ਨਗਰ ਕੀਰਤਨ ਅਤੇ ਧਾਰਮਿਕ ਦੀਵਾਨਾਂ ਦਾ ਆਯੋਜਿਤ ਕੀਤਾ ਗਿਆ, ਇਹ ਧਾਰਮਿਕ ਸਮਾਗਮ ਲਗਭਗ ਇੱਕ ਹਫਤੇ ਤੋਂ ਸ਼ੁਰੂ ਹੋਏ ਸਨ ਤੇ ਅੰਤ ਨਗਰ ਕੀਰਤਨ ਦੇ ਨਾਲ ਸਮਾਪਤ ਹੋ ਗਏ।

ਇਹਨਾਂ ਧਾਰਮਿਕ ਦੀਵਾਨਾਂ ਦੇ ਵਿੱਚ ਕੀਰਤਨੀ ਜੱਥੇ ਕਵੀਸ਼ਰ ਰਾਗੀ ਢਾਡੀ ਤੇ ਪ੍ਰਚਾਰਕ ਪ੍ਰਚਾਰਕਾਂ ਨੇ ਗੁਰੂ ਘਰ ਦੇ ਨਾਲ ਜੋੜੀ ਰੱਖਿਆ ਜਿਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਨਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ ਜੀ ਕਥਾਵਾਚਕ ਫਤਿਹਗੜ੍ਹ ਸਾਹਿਬ ਵਾਲੇ, ਭਾਈ ਮਹਿਲ ਸਿੰਘ ਜੀ ਕਵੀਸ਼ਰ ਜੱਥਾ ਚੰਡੀਗੜ੍ਹ ਵਾਲੇ, ਭਾਈ ਸੁਖਵਿੰਦਰ ਸਿੰਘ ਅਨਮੋਲ ਢਾਡੀ ਜੱਥਾ, ਭਾਈ ਬਿਕਰਮ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਜੂਬਾ ਸਿਟੀ ਅਤੇ ਭਾਈ ਉਮੇਸ਼ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਨੇ ਵਿਸ਼ੇਸ਼ ਤੌਰ ਹਾਜਰੀ ਭਰੀ ਤੇ ਉਹਨਾਂ ਨੇ ਅਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਸ਼ੁਕਰਵਾਰ ਨੂੰ ਆਤਿਸ਼ਬਾਜੀ ਕੀਤੀ ਗਈ ਉਸ ਤੋਂ ਇਲਾਵਾ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ ਤੇ ਰੈਣ ਸਬਾਈ ਕੀਰਤਨ ਹੋਇਆ। ਨਗਰ ਕੀਰਤਨ ਤੋਂ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਜਿੱਥੇ ਅਮਰੀਕਨ ਆਫੀਸਲਜ ਨੇ ਆਪਣੇ ਵਿਚਾਰ ਰੱਖੇ ਉੱਥੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਜਿਸ ਵਿੱਚ ਭਾਰਤ ਸਰਕਾਰ ਨਾਲ ਰੋਸ ਪ੍ਰਗਟ ਕੀਤਾ ਗਿਆ ਕਿ ਉਹਨਾਂ ਨੇ ਸਿੱਖਾਂ ਨੂੰ ਦੂਜੇ ਦਰਜੇ ਦਾ ਜਿਹੜਾ ਸਿਟੀਜਨ ਦਾ ਦਰਜਾ ਦਿੱਤਾ ਹੋਇਆ ਹੈ, ਇਥੇ ਵਿਸ਼ੇਸ ਤੌਰ ਤੇ ਹਰਦੀਪ ਸਿੰਘ ਨਿੱਜਰ ਦਾ ਜਿਕਰ ਵੀ ਹੋਇਆ।

ਇਸ ਤੋਂ ਇਲਾਵਾ ਵੱਖ ਵੱਖ ਸ਼ਖਸ਼ੀਅਤਾਂ ਨੂੰ ਉਹਨਾਂ ਦੇ ਧਾਰਮਿਕ ਕੰਮਾਂ ਪ੍ਰਤੀ ਤੇ ਸਮਾਜਿਕ ਕੰਮਾਂ ਪ੍ਰਤੀ ਸਨਮਾਨਿਤ ਕੀਤਾ ਗਿਆ ਉਸ ਤੋਂ ਪਹਿਲਾਂ ਗੁਰੂ ਘਰ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਥਿਆੜਾ ਵੱਲੋਂ ਵੱਖ-ਵੱਖ ਰਾਗੀ ਸਿੰਘਾਂ ਕਵੀਸ਼ਰਾਂ ਤੇ ਢਾਡੀਆਂ ਦਾ ਸੋਨੇ ਦੀਆਂ ਚੈਨੀਆਂ ਨਾਲ ਆਪਣੇ ਨਿਵਾਸ ਤੇ ਸਨਮਾਨਿਤ ਵੀ ਕੀਤਾ ਗਿਆ ਸੀ। ਰਾਤ ਦੇ ਦੀਵਾਨਾਂ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਡਾਕਟਰ ਅਮਰਜੀਤ ਸਿੰਘ ਗੁਰੂ ਘਰ ਦੇ ਪ੍ਰਧਾਨ ਸਰਬਜੀਤ ਸਿੰਘ ਥਿਆੜਾ ਸੈਕਟਰੀ ਤਜਿੰਦਰ ਸਿੰਘ ਦੁਸਾਂਝ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ।

ਨਗਰ ਕੀਰਤਨ ਵਾਲੇ ਦਿਨ ਸਵੇਰ ਦੇ ਦੀਵਾਨਾਂ ਦੇ ਵਿੱਚ ਵੱਖ-ਵੱਖ ਬੁਲਾਰਿਆਂ ਰਾਗੀ ਢਾਡੀ ਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਇਸ ਮੌਕੇ ਜਸਮੀਤ ਕੌਰ ਬੈਂਸ ਅਸੈਂਬਲੀ ਵੁਮੈਨ ਕੈਲੀਫੋਰਨੀਆ ਨੇ 1984 ਦੇ ਨਸਲ ਕੁਸ਼ੀ ਦੇ ਅਸੰਬਲੀ ਚ ਪਾਏ ਮਤੇ ਨੂੰ ਗੁਰਦੁਆਰੇ ਦੀ ਕਮੇਟੀ ਨੂੰ ਸੌਂਪਿਆ ਇਸ ਦੌਰਾਨ ਗੁਰੂ ਘਰ ਦੀ ਪ੍ਰਬੰਧ ਕਮੇਟੀ ਨੇ ਜਸਮੀਤ ਕੌਰ ਬੈਂਸ ਨੂੰ ਪਲੈਕ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਬੀਬੀ ਜਸਮੀਤ ਕੌਰ ਬੈਂਸ ਅਸੈਂਬਲੀ ਵੋਮਨ ਕੈਲੀਫੋਰਨੀਆ ਨੇ 1984 ਦੇ ਨਸਲ ਕੁਸ਼ੀ ਦੇ ਸੰਬੰਧ ਵਿੱਚ ਆਪਣੇ ਵਿਚਾਰ ਰੱਖੇ ਤੇ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਾਅਦਾ ਵੀ ਕੀਤਾ ਉਹਨਾਂ ਕਿਹਾ ਉਹ ਹਮੇਸ਼ਾ ਹੀ ਆਪਣੇ ਭਾਈਚਾਰੇ ਨਾਲ ਖੜੇ ਰਹਿਣਗੇ।ਨਗਰ ਕੀਰਤਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਇੱਕ ਵੱਡੇ ਸੁੰਦਰ ਫਲੋਟ ਵਿੱਚ ਸਜਾ ਕੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਗਿਆ। ਇਸ ਦੌਰਾਨ ਸਿਕਿਉਰਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਸੈਰਫ,ਪ੍ਰਾਈਵੇਟ ਸਿਕਿਉਰਟੀ ਵਲੰਟੀਅਰ ਆਦਿ ਸ਼ਾਮਿਲ ਸਨ।

ਐਤਕਾਂ ਵੀ ਵੱਖ ਵੱਖ ਦੂਸਰੇ ਭਾਈਚਾਰਿਆਂ ਦੇ ਲੋਕ ਵੀ ਇਸ ਨਗਰ ਕੀਰਤਨ ਵਿੱਚ ਦੇਖੇ ਗਏ ਜਿਹਨਾਂ ਵਿੱਚ ਗੋਰੇ ਕਾਲੇ ਚੀਨੇ, ਫਲਪੀਨੋ ਭਾਈਚਾਰੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਸੈਂਕੜੇ ਤਰ੍ਹਾਂ ਦੇ ਵੱਖ ਵੱਖ ਲੰਗਰਾਂ ਦਾ ਸੰਗਤਾਂ ਨੇ ਸਵਾਦ ਚੱਖਿਆ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਇਕ ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਜੋ ਕਿ ਪਿਛਲੇ ਸਾਲ ਨਾਲੋਂ ਅਧਿਕ ਸੀ।

ਐਤਕਾਂ ਇਸ ਨਗਰ ਕੀਰਤਨ ਵਿੱਚ 2020 ਰੈਫਰੈਂਡਮ ਜੋ ਕਿ 28 ਨਵੰਬਰ ਨੂੰ ਸੈਨ ਫਰਾਂਸਸਕੋ ਵਿੱਚ ਹੋਣ ਜਾ ਰਿਹਾ ਹੈ ਦਾ ਬੋਲਬਾਲਾ ਰਿਹਾ ਇਸ ਤੋਂ ਇਲਾਵਾ ਵੱਡੇ ਵੱਡੇ ਡਿਸਪਲੇ ਦੇਖੇ ਗਏ ਜੋ ਕਿ ਅਮਰੀਕਾ ਵਿੱਚ ਪਹਿਲੀ ਵਾਰ ਲਗਾਏ ਗਏ ਸਨ। ਨਗਰ ਕੀਰਤਨ ਦੇ ਮੁੱਖ ਫਲੋਟ ਤੋਂ ਬਗੈਰ ਬਾਕੀ ਵੱਖ-ਵੱਖ ਫਲੋਟਾਂ ਵਿੱਚ ਸ੍ਰੀ ਦਰਬਾਰ ਸਾਹਿਬ, 1984 ਦੇ ਕਤਲੇਆਮ ਸਿੱਖ ਏਡਜ ਅਮਰੀਕਾ, ਵਰਲਡ ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਕੌਂਸਲ, ਸਰਦਾਰ ਹਰੀ ਸਿੰਘ ਨਲੂਆ, ਸਿੱਖ ਕੋਲੀਸ਼ਨ ਸਿੱਖ ਨਸਲਕੁਸ਼ੀ ਦੇ ਫਲੋਟਾਂ ਤੋਂ ਬਗੈਰ ਸਟਾਲ ਵੀ ਲਗਾਏ ਹੋਏ ਸਨ ਦੂਸਰੇ ਪਾਸੇ ਸਿੱਖਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਆਰੰਭੇ ਗਏ ਪ੍ਰੋਜੈਕਟਾਂ ਬਾਰੇ ਦਾਨ ਮੰਗਣ ਵਾਲਿਆਂ ਦੀ ਵੀ ਗਿਣਤੀ ਘੱਟ ਨਹੀਂ ਸੀ।

ਬਾਅਦ ਦੁਪਹਿਰ ਕੁਝ ਸਿਰ ਫਿਰਿਆਂ ਵੱਲੋਂ ਆਪਸ ਵਿੱਚ ਝਗੜਾ ਵੀ ਕੀਤਾ ਗਿਆ ਇਸ ਦੌਰਾਨ ਤੁਰੰਤ ਕਾਰਵਾਈ ਕਰਦਿਆਂ ਇਸ ਝਗੜੇ ਨੂੰ ਵਧਣ ਤੋਂ ਰੋਕ ਦਿੱਤਾ, ਪਰ ਇਹਨਾਂ ਸ਼ਰਾਰਤੀ ਤੱਤਾਂ ਪ੍ਰਤੀ ਸੰਗਤ ਵਿੱਚ ਡਾਢਾ ਗੁੱਸਾ ਸੀ। ਸੰਗਤ ਵਿੱਚੋਂ ਕੁਝ ਸੂਝਵਾਨ ਲੋਕਾਂ ਨੇ ਇਸ ਗੱਲ ਦੀ ਮੰਗ ਨੂੰ ਦੁਹਰਾਇਆ ਕਿ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਉਸਦਾ ਗੁਰਦੁਆਰਾ ਸਾਹਿਬ ਦਾ ਨਾਂ ਰੱਖਿਆ ਜਾਵੇ ਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਚਾਰ ਮਾਰਗੀ ਬਣਾਈ ਜਾਵੇ ਤਾਂ ਜੋ ਨਗਰ ਕੀਰਤਨ ਦੌਰਾਨ ਸੰਗਤ ਨੂੰ ਆਉਣ ਜਾਣ ਦੀ ਤਕਲੀਫ ਨਾ ਹੋਵੇ। ਸੰਗਤ ਵਿੱਚ ਇਹ ਵੀ ਖਿਆਲ ਰੱਖਿਆ ਗਿਆ ਕਿ ਹਰ ਸਾਲ ਗੁਰੂ ਘਰ ਵਿੱਚ ਮਤੇ ਪਾਏ ਜਾਣ ਤੇ ਉਹ ਸਾਰਾ ਸਾਲ ਉਹਨਾਂ ਮਤਿਆ ਤੇ ਕੰਮ ਹੋਵੇ ਬੇਸ਼ਰਤੇ ਸਿਰਫ ਨਗਰ ਕੀਰਤਨ ਤੇ ਲੰਗਰਾਂ ਦਾ ਹੀ ਪ੍ਰਬੰਧ ਨਾ ਹੋਵੇ।