ਯੂ ਡਬਲਯੂ ਡਬਲਯੂ ਵਲੋਂ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਨਿੰਦਾ
ਕਿਹਾ ਕਿ ਜੇਕਰ ਪੈਡਿੰਗ ਚੋਣਾਂ ਨਾ ਕਰਵਾਈਆਂ ਤਾਂ ਭਾਰਤੀ ਕੁਸ਼ਤੀ ਮਹਾਸੰਘ ਨੂੰ ਕੀਤਾ ਜਾ ਸਕਦੈ ਏ ਮੁਅੱਤਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਸਾਨੇ : ਇਕ ਰੋਸ ਮਾਰਚ ਦੌਰਾਨ 28 ਮਈ ਨੂੰ ਪ੍ਰਮੁੱਖ ਭਾਰਤੀ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਨਿੰਦਾ ਕਰਦਿਆਂ ਵਿਸ਼ਵ ਕੁਸ਼ਤੀ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੈਡਿੰਗ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਭਾਰਤੀ ਕੁਸ਼ਤੀ ਮਹਾਸੰਘ (WFI) ਇਸ ਨੂੰ ਮੁਅੱਤਲ ਕਰ ਸਕਦਾ ਹੈ। ਯੂਨਾਈਟਿਡ ਵਰਲਡ ਰੈਸਲਿੰਗ ਨੇ ਕਿਹਾ ਕਿ ਉਹ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਤਾਕਤ ਦੀ ਦੁਰਵਰਤੋਂ ਤੇ ਜਿਨਸੀ ਸ਼ੋਸ਼ਣ ਵਿਰੁੱਧ ਪਹਿਲਵਾਨਾਂ ਦੇ ਸੰਘਰਸ਼ ਨੂੰ "ਬਹੁਤ ਚਿੰਤਾ" ਨਾਲ ਦੇਖ ਰਿਹਾ ਹੈ।
ਉਹਨਾਂ ਕਿਹਾ ਕਿ “ਪਿਛਲੇ ਦਿਨਾਂ ਦੀਆਂ ਘਟਨਾਵਾਂ ਹੋਰ ਵੀ ਚਿੰਤਾਜਨਕ ਹਨ ਕਿ ਪਹਿਲਵਾਨਾਂ ਨੂੰ ਰੋਸ ਮਾਰਚ ਸ਼ੁਰੂ ਕਰਨ ਲਈ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਸਥਾਈ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ। ਯੂਨਾਈਟਿਡ ਵਰਲਡ ਰੈਸਲਿੰਗ ਪਹਿਲਵਾਨਾਂ ਨਾਲ ਬਦਸਲੂਕੀ ਅਤੇ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕਰਦਾ ਹੈ। ਉਹ ਹੁਣ ਤੱਕ ਦੀ ਜਾਂਚ ਦੇ ਨਤੀਜੇ ਨਾ ਆਉਣ 'ਤੇ ਨਿਰਾਸ਼ਾ ਜ਼ਾਹਿਰ ਕਰਦਾ ਹੈ।ਯੂਨਾਈਟਿਡ ਵਰਲਡ ਰੈਸਲਿੰਗ ਨੇ ਸਬੰਧਤ ਅਧਿਕਾਰੀਆਂ ਨੂੰ ਦੋਸ਼ਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ। ਗਵਰਨਿੰਗ ਬਾਡੀ ਨੇ ਕਿਹਾ ਕਿ ਉਹ ਪਹਿਲਵਾਨਾਂ ਨਾਲ "ਉਨ੍ਹਾਂ ਦੀ ਸਥਿਤੀ ਅਤੇ ਸੁਰੱਖਿਆ ਬਾਰੇ ਪੁੱਛਗਿੱਛ ਕਰਨ ਤੇ ਉਨ੍ਹਾਂ ਦੀਆਂ ਚਿੰਤਾਵਾਂ ਦੇ ਨਿਰਪੱਖ ਅਤੇ ਨਿਆਂਪੂਰਨ ਹੱਲ ਲਈ ਸਾਡੇ ਸਮਰਥਨ ਦੀ ਪੁਸ਼ਟੀ ਕਰਨ ਲਈ" ਮੁਲਾਕਾਤ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਵਿਵਾਦ ਕਾਰਨ ਯੂਨਾਈਟਿਡ ਵਰਲਡ ਰੈਸਲਿੰਗ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਏਸ਼ੀਅਨ ਚੈਂਪੀਅਨਸ਼ਿਪ ਨੂੰ ਦਿੱਲੀ ਤੋਂ ਅਸਤਾਨਾ ਵਿਚ ਸ਼ਿਫਟ ਕਰ ਦਿੱਤਾ ਸੀ। ਗਵਰਨਿੰਗ ਬਾਡੀ ਨੇ ਕਿਹਾ ਕਿ ਉਹ ਭਾਰਤੀ ਓਲੰਪਿਕ ਸੰਘ ਅਤੇ ਕੁਸ਼ਤੀ ਫੈਡਰੇਸ਼ਨ ਦੀ ਐਡਹਾਕ ਕਮੇਟੀ ਤੋਂ ਭਾਰਤੀ ਕੁਸ਼ਤੀ ਮਹਾਸੰਘ ਚੋਣਾਂ ਬਾਰੇ ਜਾਣਕਾਰੀ ਮੰਗੇਗੀ। ਉਹਨਾਂ ਕਿਹਾ ਕਿ ਇਸ ਚੋਣ ਮੀਟਿੰਗ ਦੇ ਆਯੋਜਨ ਲਈ ਸ਼ੁਰੂ ਵਿੱਚ ਨਿਰਧਾਰਤ 45 ਦਿਨਾਂ ਦੀ ਸਮਾਂ ਸੀਮਾ ਦਾ ਸਨਮਾਨ ਕੀਤਾ ਜਾਵੇਗਾ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਭਾਰਤੀ ਕੁਸ਼ਤੀ ਮਹਾਸੰਘ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦਾ ਹੈ, ਐਥਲੀਟਾਂ ਨੂੰ ਇਕ ਨਿਰਪੱਖ ਝੰਡੇ ਹੇਠ (ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ) ਮੁਕਾਬਲਾ ਕਰਨ ਲਈ ਮਜਬੂਰ ਕਰ ਸਕਦਾ ਹੈ।"
Comments (0)