ਅਮਰੀਕਾ ਦੇ ਟੈਕਸਾਸ ਰਾਜ ਵਿਚ ਜੈਨ ਹਿੰਦੂ ਮੰਦਿਰ ਦਾ ਸ਼ਰਧਾ ਪੂਰਵਕ ਉਦਘਾਟਨ

ਅਮਰੀਕਾ ਦੇ ਟੈਕਸਾਸ ਰਾਜ ਵਿਚ ਜੈਨ ਹਿੰਦੂ ਮੰਦਿਰ ਦਾ ਸ਼ਰਧਾ ਪੂਰਵਕ ਉਦਘਾਟਨ
ਕੈਪਸ਼ਨ : ਟੈਕਸਾਸ ਵਿਚ ਜੈਨ ਹਿੰਦੂ ਮੰਦਿਰ ਦੇ ਉਦਾਘਟਨ ਮੌਕੇ ਦੇ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਲਾਸ ਨੇੜੇ ਵਿੰਡਮ (ਟੈਕਸਾਸ) ਵਿਖੇ ਸਿੱਧਯਤਨ ਤੀਰਥ ਸਥਾਨ ਜੈਨ ਹਿੰਦੂ ਮੰਦਿਰ ਦਾ ਇਤਿਹਾਸਕ ਉਦਘਾਟਨ ਸ਼ਰਧਾ ਪੂਰਵਕ ਮੰਤਰਾਂ ਦੇ ਉਚਾਰਣ ਦੌਰਾਨ ਹੋਇਆ। 60 ਏਕੜ ਵਿਚ ਫੈਲੇ ਤੇ 11000 ਵਰਗ ਫੁੱਟ ਵਿਚ ਬਣੇ ਮੰਦਿਰ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਕਰਨ ਮੌਕੇ ਸੈਂਕੜੇ ਲੋਕ ਇਕੱਤਰ ਹੋਏ । ਸਿੱਧਯਤਨ ਤੀਰਥ ਉਤਰੀ ਅਮਰੀਕਾ ਦਾ ਪਹਿਲਾ ਸਭ ਤੋਂ ਵੱਡਾ ਹਿੰਦੂ ਜੈਨ ਧਾਰਮਿੱਕ ਸਥਾਨ ਹੈ ਜਿਸ ਦੇ ਉਦਘਾਟਨ ਸਮਾਗਮ ਵਿਚ ਦੂਰ ਦੂਰ ਤੋਂ ਸ਼ਰਧਾਲੂ ਪੁੱਜੇ। ਅਮਰੀਕਾ ਦੇ ਨਿਊ ਮੈਕਸੀਕੋ , ਕੈਲੀਫੋਰਨੀਆ ਰਾਜਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਸ਼ਰਧਾਲੂਆਂ ਨੇ ਉਦਘਾਟਨੀ ਸਮਾਗਮ ਵਿਚ ਹਾਜਰੀ ਲਵਾਈ। ਜਿਆਦਾਤਰ ਮਹਿਮਾਨ ਡਲਾਸ, ਫੋਰਟ ਵਰਥ ਤੇ ਹੋਸਟਨ ਤੋਂ ਸਨ। ਇਸ ਮੌਕੇ ਸੰਸਥਾਪਕ ਐਚ ਐਚ ਅਚਾਰੀਆ ਸ਼੍ਰੀ ਯੋਗੀਸ਼ ਨੇ ਦਿੱਤੇ ਆਪਣੇ ਵਿਸ਼ੇਸ਼ ਧਾਰਮਿੱਕ ਸੰਦੇਸ਼ ਵਿਚ ਇਸ ਇਤਿਹਾਸਕ ਅਵਸਰ ਦੀ ਮਹੱਤਤਾ ਉਪਰ ਚਾਣਨਾ ਪਾਇਆ। ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਇਸ ਮੌਕੇ ਆਪਣੇ ਇਕ ਸੁਨੇਹੇ ਵਿਚ ਕਿਹਾ ਹੈ ਕਿ ਇਸ ਮੰਦਿਰ ਤੇ ਸਮਾਧੀ ਪਾਰਕ ਦੀ ਸ਼ੁਰੂਆਤ ਨਾਲ ਸਾਰੇ ਟੈਕਸਾਸ ਵਾਸੀਆਂ ਨੂੰ ਜੈਨ ਤੇ ਹਿੰਦੂ ਭਾਈਚਾਰੇ ਦੀਆਂ ਅਮੀਰ ਰਵਾਇਤਾਂ ਨੂੰ ਜਾਣਨ ਦਾ ਅਵਸਰ ਪ੍ਰਦਾਨ ਹੋਵੇਗਾ। ਭਾਰਤੀ ਕਲਾਸੀਕਲ ਸੰਗੀਤ ਤੇ ਡਾਂਸ ਦੀ ਪੇਸ਼ਕਾਰੀ ਨ੍ਰਿਤਿਆ ਅਰਪਨਮ ਅਕੈਡਮੀ ਆਫ ਆਰਟਸ ਦੇ ਕਲਾਕਾਰਾਂ ਵੱਲੋਂ ਕੀਤੀ ਗਈ। ਢੋਲੀ ਤਰਕ ਸ਼ਾਹ, ਢੋਲੀ ਟੀ ਕੇ, ਰਾਗਲੀਨਾ ਡਾਂਸ ਐਕਡਮੀ, ਰਵਿੰਦਰਾ ਸੀਤਾਰਾਮ ਸ੍ਰੀ ਰਾਮ ਮਿਊਜ਼ਕ ਸਕੂਲ, ਸ਼੍ਰੀਲਯਾ ਡਾਂਸ ਅਕੈਡਮੀ ਤੇ ਡਲਾਸ ਨਾਟਆਲਿਆ ਨੇ ਵੀ ਸਮਾਗਮ ਦੀ ਰੌਣਕ ਨੂੰ ਵਧਾਇਆ।