ਕੀ ਹੋਵੇਗਾ ਭਾਜਪਾ ਅਕਾਲੀ ਗੱਠਜੋੜ?

ਕੀ ਹੋਵੇਗਾ ਭਾਜਪਾ ਅਕਾਲੀ ਗੱਠਜੋੜ?

 *ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਲਟੋਹਾ ਗੱਠਜੋੜ ਦੇ ਹੱਕ ਵਿਚ

*ਭਾਜਪਾ ਗੱਠਜੋੜ ਦੇ ਕਾਹਲ ਵਿਚ ਨਹੀਂ

*ਕੇਂਦਰੀ ਮੰਤਰੀ ਪੁਰੀ ਵਲੋਂ ਅਕਾਲੀ ਦਲ ਨਾਲ ਗੱਠਜੋੜ ਤੋਂ ਇਨਕਾਰ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਚਰਚਾ ਛਿੜੀ ਹੈ। ਜਲੰਧਰ ਚੋਣ ਵਿਚ ਦੋਵਾਂ ਧਿਰਾਂ ਨੂੰ ਮਿਲੀ ਹਾਰ ਪਿੱਛੋਂ ਸਿਆਸੀ ਹਲਕਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਜਲੰਧਰ ਚੋਣ ਦੇ ਨਤੀਜੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ ਹੁਣ ਗੱਠਜੋੜ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 1996 ਵਿਚ ਭਾਜਪਾ ਨਾਲ ਬਿਨਾਂ ਸ਼ਰਤ ਗੱਠਜੋੜ ਕੀਤਾ ਸੀ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਕਾਫ਼ੀ ਅਰਸੇ ਬਾਅਦ ਵੱਖੋ-ਵੱਖ ਲੜੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਅਤੇ ਭਾਜਪਾ ਦੇ ਦੋ ਉਮੀਦਵਾਰ ਚੋਣ ਜਿੱਤ ਸਕੇ ਸਨ। ਉਸ ਮਗਰੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿਚ ਪਾਰਟੀ ਨੂੰ ਆਜ਼ਾਦਾਨਾ ਤੌਰ ’ਤੇ ਖੜ੍ਹਾ ਕਰਨ ਲਈ ਪੂਰਾ ਤਾਣ ਲਾਉਣਾ ਸ਼ੁਰੂ ਕਰ ਦਿੱਤਾ। ਭਾਜਪਾ ਨੇ ਕਾਫ਼ੀ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਕਾਂਗਰਸ ਦੇ ਕਈ ਸਾਬਕਾ ਵਜ਼ੀਰਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।ਭਾਜਪਾ ਜਲੰਧਰ ਚੋਣ ਵਿਚ ਚੌਥੇ ਨੰਬਰ ’ਤੇ ਆਈ ਹੈ ਪਰ ਉਂਜ ਭਾਜਪਾ ਨੇ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਲੀਡ ਲਈ ਹੈ ਜਿੱਥੇ ਪਾਰਟੀ ਨੂੰ ਧਰਵਾਸ ਬੱਝ ਰਿਹਾ ਹੈ। ਭਾਜਪਾ ਨੇ ਕੁੱਲ 1,34,800 ਵੋਟਾਂ ਹਾਸਲ ਕੀਤੀਆਂ ਹਨ, ਇਨ੍ਹਾਂ ’ਚੋਂ 28.40 ਫ਼ੀਸਦੀ ਵੋਟਾਂ ਪਿੰਡਾਂ ਵਿਚੋਂ ਪਈਆਂ ਹਨ। ਪੰਜ ਪੇਂਡੂ ਹਲਕਿਆਂ ਵਿੱਚ ਭਾਜਪਾ ਨੂੰ ਢੁੱਕਵਾਂ ਹੁੰਗਾਰਾ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 1,58,445 ਵੋਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 20.14 ਫ਼ੀਸਦੀ ਵੋਟਾਂ ਸ਼ਹਿਰੀ ਖੇਤਰ ਦੀਆਂ ਹਨ।

ਇੱਕ ਗੱਲ ਨਿੱਤਰ ਕੇ ਸਾਹਮਣੇ ਆ ਗਈ ਹੈ ਕਿ ਭਾਜਪਾ ਪੇਂਡੂ ਖੇਤਰਾਂ ਵਿੱਚ ਆਪਣੇ ਪੈਰ ਨਹੀਂ ਜਮਾ ਸਕੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਖੇਤਰ ਵਿਚ ਆਧਾਰ ਬਣਾਉਣ ਵਿਚ ਅਸਫ਼ਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਰਵਾਇਤੀ ਗੜ੍ਹ ਵਾਲੇ ਜਲੰਧਰ ਕੈਂਟ ਤੇ ਸ਼ਾਹਕੋਟ ਸੀਟ ’ਤੇ ਵੀ ਦਬਦਬਾ ਕਾਇਮ ਨਹੀਂ ਰੱਖ ਸਕਿਆ ਹੈ। ਜਲੰਧਰ ਕੈਂਟ ਹਲਕੇ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਆਗੂ ਹੀ ਨਹੀਂ ਸੀ।

ਸਿਆਸੀ ਮਾਹਿਰ ਆਖਦੇ ਹਨ ਕਿ ਜਲੰਧਰ ਚੋਣ ਦੇ ਨਤੀਜੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜ਼ਮੀਨੀ ਹਕੀਕਤ ਦਿਖਾ ਦਿੱਤੀ ਹੈ। ਇਸ ਤਰ੍ਹਾਂ ਦੇ ਹਾਲਾਤ ਤੋਂ ਇਹ ਚੁੰਝ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਇੱਕ-ਦੂਜੇ ਦੇ ਨੇੜੇ ਆਉਣ ਦਾ ਆਧਾਰ ਇਨ੍ਹਾਂ ਚੋਣ ਨਤੀਜਿਆਂ ਨੇ ਤਿਆਰ ਕਰ ਦਿੱਤਾ ਹੈ। 

ਬੇਸ਼ੱਕ ਭਾਜਪਾ ਆਗੂ ਲਗਾਤਾਰ ਬਿਆਨ ਦੇ ਰਹੇ ਹਨ ਕਿ ਭਾਜਪਾ ਦਾ ਅਕਾਲੀ ਦਲ ਨਾਲ ਚੋਣ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਰਾਜਨੀਤਿਕ ਹਲਕਿਆਂ ਅਨੁਸਾਰ ਇਹ ਬਿਆਨਬਾਜ਼ੀ ਅਕਾਲੀ ਦਲ 'ਤੇ ਬਰਾਬਰ ਦੀਆਂ ਸੀਟਾਂ ਛੱਡਣ ਅਤੇ ਭਾਜਪਾ ਨੂੰ ਵੱਡਾ ਭਰਾ ਮੰਨਣ ਦਾ ਦਬਾਅ ਹੈ । 2021 ਤੱਕ ਅਕਾਲੀ-ਭਾਜਪਾ ਗੱਠਜੋੜ ਵਿਚ ਅਕਾਲੀ ਦਲ ਵਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਈ ਜਾ ਰਹੀ ਸੀ । ਉਦੋਂ ਤੱਕ ਅਕਾਲੀ ਦਲ ਨੂੰ ਲੋਕ ਸਭਾ ਦੀਆਂ 10 ਅਤੇ ਵਿਧਾਨ ਸਭਾ ਦੀਆਂ 94 ਸੀਟਾਂ ਮਿਲਦੀਆਂ ਸਨ ਅਤੇ ਭਾਜਪਾ ਛੋਟੇ ਭਰਾ ਦੀ ਹੈਸੀਅਤ ਵਿਚ ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 23 ਸੀਟਾਂ ਉੱਤੇ ਚੋਣ ਲੜਦੀ ਸੀ । ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਇਹ ਗੱਠਜੋੜ ਖਤਮ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਦੋਵਾਂ ਪਾਰਟੀਆਂ ਸੱਤਾ ਤੋਂ ਲਾਂਭੇ ਰਹਿ ਗਈਆਂ । ਸ਼ੋ੍ਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂ ਕੁਝ ਸਮਾਂ ਪਹਿਲਾਂ ਗੱਠਜੋੜ ਦੀ ਮੁੜ ਸੰਭਾਵਨਾ ਬਾਰੇ ਜਦ ਵੀ ਬਿਆਨ ਦਿੰਦੇ ਤਾਂ ਭਾਜਪਾ ਆਗੂਆਂ ਵਲੋਂ ਇਸ ਸੰਭਾਵਨਾ ਦਾ ਖੰਡਨ ਕਰ ਦਿੱਤਾ ਜਾਂਦਾ, ਜਿਸ ਕਾਰਨ ਅਕਾਲੀ ਆਗੂਆਂ ਵਲੋਂ ਬਾਹਰੀ ਤੌਰ ਉੱਤੇ ਇਹ ਬਿਆਨ ਘਟ ਗਏ ।ਇਨ੍ਹਾਂ ਹਲਕਿਆਂ ਅਨੁਸਾਰ ਅਕਾਲੀ ਦਲ ਵਲੋਂ 60:40 ਦੀ ਦਰ ਨਾਲ ਗੱਠਜੋੜ ਲਈ ਸਹਿਮਤੀ ਦਿੱਤੀ ਜਾ ਸਕਦੀ ਹੈ ਪਰ ਭਾਜਪਾ ਨਾਂਹ ਨੁਕਰ ਰਾਹੀਂ ਅਕਾਲੀ ਦਲ ਉੱਤੇ ਬਰਾਬਰ ਦੀ ਹਿੱਸੇਦਾਰੀ ਲਈ ਦਬਾਓ ਕਾਇਮ ਰੱਖ ਰਹੀ ਹੈ । ਅਕਾਲੀ ਦਲ ਆਪਣੀ ਸਹਿਯੋਗ ਬਹੁਜਨ ਸਮਾਜ ਪਾਰਟੀ ਨੂੰ ਵੀ ਨਾਲ ਰੱਖਣਾ ਚਾਹੁੰਦਾ ਹੈ । ਅਜਿਹੇ ਗੱਠਜੋੜ ਦੀ ਸਥਿਤੀ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਜਪਾ 6-6 ਸੀਟਾਂ 'ਤੇ ਅਤੇ ਬਸਪਾ 1 ਸੀਟ 'ਤੇ ਚੋਣ ਲੜ ਸਕਦੀ ਹੈ ।ਅਕਾਲੀ ਦਲ ਦੇ ਇਕ ਸੀਨੀਅਰ ਆਗੂ ਅਨੁਸਾਰ ਬਰਾਬਰ ਦੇ ਹਿੱਸੇ 'ਤੇ ਸਹਿਮਤੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਜਿਹੀ ਸਥਿਤੀ ਵਿਚ ਭਾਜਪਾ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਮੰਗ ਠੋਕ ਸਕਦੀ ਹੈ ਜੋ ਅਕਾਲੀ ਦਲ ਦੇ ਆਗੂਆਂ ਅਤੇ ਕੇਡਰ ਨੂੰ ਪ੍ਰਵਾਨ ਨਹੀਂ ਹੋਵੇਗੀ ।ਭਾਜਪਾ ਔਖੇ ਸਮੇਂ ਵਿਚ ਨਾਲ ਖੜੇ ਆਪਣੇ ਸਹਿਯੋਗੀ ਸ਼ੋ੍ਮਣੀ ਅਕਾਲੀ ਦਲ (ਸ) ਨੂੰ ਵੀ ਅਣਗੌਲਿਆਂ ਨਹੀਂ ਕਰਨਾ ਚਾਹੁੰਦੀ ਇਸ ਲਈ ਗੱਠਜੋੜ ਦੀ ਸੰਭਾਵਨਾ ਸਮੇਂ ਇਸ ਪਾਰਟੀ ਦਾ ਵੀ ਖਿਆਲ ਰੱਖਿਆ ਜਾਵੇਗਾ । ਉੱਧਰ ਸ਼ੋ੍ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਏਕੀਕਰਨ ਦਾ ਦਬਾਅ ਲਗਾਤਾਰ ਜਾਰੀ ਹੈ ਜਿਸ ਅਨੁਸਾਰ ਰੁੱਸੇ ਹੋਏ ਜਾਂ ਵੱਖ ਹੋਏ ਢੀਂਡਸਾ ਗਰੁੱਪ ਅਤੇ ਬੀਬੀ ਜਗੀਰ ਕੌਰ ਸਮੇਤ ਅਕਾਲੀ ਆਗੂਆਂ ਦੀ ਘਰ ਵਾਪਸੀ ਨੂੰ ਪਾਰਟੀ ਦੀ ਮਜਬੂਤੀ ਲਈ ਜ਼ਰੂਰੀ ਸਮਝਿਆ ਜਾ ਰਿਹਾ ਹੈ ।ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਦੌਰਾਨ ਇਕ ਸੀਨੀਅਰ ਅਕਾਲੀ ਆਗੂ ਵਲੋਂ ਅਕਾਲੀ ਦਲ (ਸ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੂੰ ਹੱਥ ਫੜ ਕੇ ਵੀ.ਵੀ.ਆਈ.ਪੀ. ਪੰਡਾਲ ਵਿਚ ਲੈ ਕੇ ਜਾਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਲੰਧਰ ਚੋਣਾਂ ਵਿਚ ਭਾਜਪਾ ਅਤੇ ਅਕਾਲੀ ਦਲ ਇਕੱਠੇ ਉੱਤਰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਸਿਆਸੀ ਹਾਲਾਤ ਅਤੇ ਸਮਾਂ ਮੰਗ ਕਰਦਾ ਹੈ ਕਿ ਦੋਵੇਂ ਧਿਰਾਂ ਵਿਚ ਪੁਰਾਣੀਆਂ ਸ਼ਰਤਾਂ ’ਤੇ ਗੱਠਜੋੜ ਦੀ ਗੱਲ ਮੁੜ ਚੱਲੇ। ਉਨ੍ਹਾਂ ਕਿਹਾ ਕਿ ਅੰਦਰਖਾਤੇ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੀ ਇਕੱਠੇ ਚੱਲਣ ਦੇ ਹੱਕ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿਚ ਦੋਵਾਂ ਪਾਰਟੀਆਂ ਨੇ ਆਪਣੀ ਸਿਆਸੀ ਪੁਜੀਸ਼ਨ ਨੂੰ ਨਾਪ-ਤੋਲ ਲਿਆ ਹੈ ਅਤੇ ਇਸੇ ਆਧਾਰ ’ਤੇ ਅਗਲੇ ਰਾਹ ਤਿਆਰ ਹੋਣੇ ਚਾਹੀਦੇ ਹਨ।

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਗੱਠਜੋੜ ਨੂੰ ਲੈ ਕੇ ਕੋਈ ਬਿਆਨ ਦੇਣ ਦੀ ਕਾਹਲ ਵਿਚ ਨਹੀਂ ਹਨ ਅਤੇ ਉਨ੍ਹਾਂ ਅਕਾਲੀ ਦਲ ਦੇ ਆਗੂਆਂ ਦੇ ਨਿੱਜੀ ਬਿਆਨਾਂ ’ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਸ਼ਰਮਾ ਨੇ ਕਿਹਾ ਕਿ ਭਾਜਪਾ ਦੋ ਸਾਲ ਤੋਂ ਪੰਜਾਬ ਵਿਚ ਆਪਣਾ ਸਥਾਨ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਚੋਣ ਦੇ ਨਤੀਜੇ ਨੇ ਸੰਕੇਤ ਦਿੱਤਾ ਹੈ ਕਿ ਭਾਜਪਾ ਨੂੰ ਦਿਹਾਤੀ ਖੇਤਰ ਵਿਚ ਹੋਰ ਮਿਹਨਤ ਦੀ ਲੋੜ ਹੈ, ਉਹ ਹੁਣ ਦਿਹਾਤੀ ਖੇਤਰ ’ਤੇ ਹੋਰ ਧਿਆਨ ਕੇਂਦਰਤ ਕਰਨਗੇ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤੇ ਜਾਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ । ਪੁਰੀ ਨੇ ਕਿਹਾ ਕਿ ਭਾਜਪਾ 25 ਸਾਲ ਅਕਾਲੀ ਦਲ ਨਾਲ ਗੱਠਜੋੜ ਵਿਚ ਰਹੀ ਪਰ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ । ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵੋਟਰਾਂ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ, ਜਿਵੇਂ ਕਿ ਹਾਲ ਹੀ ਵਿਚ ਜਲੰਧਰ ਉਪ ਚੋਣ ਦੇ ਨਤੀਜਿਆਂ ਵਿਚ ਸਾਹਮਣੇ ਆਇਆ ਹੈ ।ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਨਾਲ ਕਿਸੇ ਵੀ ਗੱਠਜੋੜ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ । ਹਾਲਾਂਕਿ, ਪੁਰੀ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਕੁਝ ਚੰਗੇ ਆਗੂ ਜਾਂ ਹਾਲ ਹੀ ਵਿਚ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਕੇ ਭਗਵਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਹਨ ਤਾਂ ਇਹ ਵੱਖਰੀ ਗੱਲ ਹੈ । ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਮੰਤਰੀ ਨੇ ਕਿਹਾ ਕਿ 'ਮੁਫ਼ਤ' ਦੀਆਂ ਸਕੀਮਾਂ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਮਦਦ ਨਹੀਂ ਕਰਨਗੀਆਂ, ਕਿਉਂਕਿ ਸੂਬਾ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ । ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਵੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ ।