ਸਿੱਖ ਵਿਦਿਆਰਥੀ ਕਕਾਰ ਸਮੇਤ ਪਰੀਖਿਆ ’ਚ ਬੈਠ ਸਕਣਗੇ, ਹਾਈ ਕੋਰਟ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਹੱਕ ’ਚ ਸੁਣਾਇਆ ਫ਼ੈਸਲਾ
ਦਿੱਲੀ ਗੁਰਦੁਆਰਾ ਕਮੇਟੀ ਨੇ ਸਿੱਖ ਵਿਦਿਆਰਥੀਆਂ ਨੂੰ ਇਨਸਾਫ਼ ਦੁਆਉਣ ਲਈ ਲੜੀ ਲੰਮੀ ਕਾਨੂੰਨੀ ਲੜਾਈ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, 7 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਾਇਰ ਕੀਤੀਆਂ ਗਈ ਪਟੀਸ਼ਨਾਂ ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਪਰੀਖਿਆ ਵਿਚ ਬੈਠਣ ਦੇ ਫ਼ੈਸਲੇ ’ਤੇ ਅੰਤਮ ਆਦੇਸ਼ ਵਿਦਿਆਰਥੀਆਂ ਦੇ ਪੱਖ ਵਿਚ ਸੁਣਾਇਆ ਹੈ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਵੱਡੀ ਜਿੱਤ ਹੈ। ਹਾਂਲਾਕਿ ਇਸ ਤੋਂ ਪਹਿਲਾ ਵੀ ਮਾਣਯੋਗ ਅਦਾਲਤ ਨੇ ਆਪਣਾ ਅੰਤਰਿਮ ਆਦੇਸ਼ ਸਿੱਖਾਂ ਦੇ ਹੱਕ ਵਿਚ ਹੀ ਦਿੱਤਾ ਸੀ ਦੋਹਾਂ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਪੇਸ਼ ਆਉਣ ਵਾਲੀ ਕਿਸੇ ਵੀ ਚੁਣੌਤੀ ਤੋਂ ਨਿਪਟਣ ਅਤੇ ਇਨਸਾਫ਼ ਦੁਆਉਣ ਲਈ ਅਸੀਂ ਵਚਨਬਧ ਹਾਂ।
ਸ. ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ 2017 ’ਚ ਪਾਈ ਗਈ ਰਿਟ ਪਟੀਸ਼ਨ ਨੰਬਰ 7550 ਅਤੇ 10259 ’ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਸਤੀਸ਼ ਚੰਦ੍ਰ ਮਿਸ਼ਰਾ ਅਤੇ ਜਸਟਿਸ ਸੁਬਰਾਮਣਯਮ ਪ੍ਰਸਾਦ ਦੀ ਡਬਲ ਬੈਂਚ ਨੇ ਅੱਜ ਆਪਣਾ ਅੰਤਮ ਫ਼ੈਸਲਾ ਸੁਣਾ ਦਿੱਤਾ। ਹਾਲਾਂਕਿ ਵਿਭਾਗਾਂ ਵੱਲੋਂ ਦਿੱਲੀ ਕਮੇਟੀ ਦੀ ਰਿਟ ਪਟੀਸ਼ਨ ਨੂੰ ਲਟਕਾਇਆ ਜਾ ਰਿਹਾ ਸੀ ਲੇਕਿਨ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਸੰਘਰਸ਼ ਕਰ ਰਹੀ ਸੀ ਜਿਸ ਦੇ ਚਲਦੇ ਅੱਜ ਮਹੱਤਵਪੂਰਣ ਸਫ਼ਲਤਾ ਹੱਥ ਲੱਗੀ ਹੈ। ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਚਿੰਨ ਯਾਨੀ ਪੰਜ ਕੱਕਾਰ ਧਾਰਨ ਦਾ ਪੂਰਾ ਹੱਕ ਹੈ ਅਤੇ ਕਕਾਮ ਸਮੇਤ ਪਰੀਖਿਆ ਦੇਣ ਤੋਂ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਸਾਰੇ ਤੱਥਾਂ, ਸਬੂਤਾਂ ਨੂੰ ਦਲੀਲਾਂ ਸਮੇਤ ਰੱਖਿਆ ਗਿਆ। ਇਹ ਫ਼ੈਸਲਾ ਸਿੱਖ ਕੌਮ ਲਈ ਬਹੁਤ ਵੱਡਾ ਫ਼ੈਸਲਾ ਹੈ ਜਿਸ ਨਾਲ ਸਿੱਖ ਕੌਮ ਨੂੰ ਵੱਡੀ ਰਾਹਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਡੀ.ਐਸ.ਐਸ.ਐਸ.ਬੀ (ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ ) ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ ਲੇਕਿਨ ਵਿਦਿਆਰਥੀਆਂ ਨੂੰ ਪਰੀਖਿਆ ਕੇਂਦਰ ’ਤੇ ਨਿਰਧਾਰਤ ਸਮੇਂ ਤੋਂ 1 ਘੰਟਾ ਪਹਿਲਾ ਪੁਜਣਾ ਹੋਵੇਗਾ ਤਾਂ ਜੋ ਜਾਂਚ ਸੰਬੰਧੀ ਪ੍ਰਕਿਰਆ ਪੂਰੀ ਕਰਕੇ ਕਕਾਰ ਸਮੇਤ ਪਰੀਖਿਆ ਵਿਚ ਬੈਠਣ ਦੀ ਪਰਮਿਸ਼ਨ ਦੇ ਦਿੱਤੀ ਜਾਏ। ਉਨ੍ਹਾਂ ਸਿੱਖ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਆਰਡਰ ਦੀ ਕਾਪੀ ਆਪਣੇ ਨਾਲ ਰੱਖਣ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਇਸ ਕਾਪੀ ਨੂੰ ਵਿਖਾ ਸਕਣ।
ਉਨ੍ਹਾ ਸਿੱਖ ਬੱਚੇ ਬੱਚੀਆਂ ਨੁੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੁੰ ਕਦੇ ਵੀ ਕੋਈ ਮੁਸ਼ਕਿਲ ਇਸ ਤਰੀਕੇ ਦੀ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਦਿੱਲੀ ਕਮੇਟੀ ਨਾਲ ਰਾਬਤਾ ਕਾਇਮ ਕਰਨ ਜੋ ਇਸ ਸਾਰੇ ਮਾਮਲੇ ਵਿਚ ਆਪ ਪੈਰਵੀ ਕਰੇਗੀ। ਉਹਨਾਂ ਨੇ ਅਦਾਲਤ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਿੱਖ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Comments (0)