ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਹੋਈ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ

ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਹੋਈ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ
ਕੈਪਸ਼ਨ : ਮੁਕਾਬਲੇ ਵਾਲੇ ਸਥਾਨ ਨੇੜੇ ਨਜਰ ਆ ਰਹੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਿਰਾਕੂਜ, ਨਿਊਯਾਰਕ ਨੇੜੇ ਪੁਲਿਸ ਤੇ ਸ਼ੱਕੀਆਂ ਵਿਚਾਲੇ ਹੋਏ ਮੁਕਾਬਲੇ ਵਿਚ 2 ਲਾਅ ਇਨਫੋਰਸਮੈਂਟ ਅਫਸਰਾਂ ਦੀ ਮੌਤ ਹੋਣ ਦੀ ਖਬਰ ਹੈ।  ਇਕ ਟਰੈਫਿਕ ਸਟਾਪ ਤੋਂ ਸ਼ੁਰੂ ਹੋਏ ਇਸ ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ।   ਚੀਫ ਜੋਸਫ ਸੀਸਿਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਿਰਕੂਜ ਪੁਲਿਸ ਵਿਭਾਗ ਦੇ 2 ਅਫਸਰਾਂ ਨੇ ਇਕ ਸ਼ੱਕੀ ਵਾਹਣ  ਨੂੰ ਰੋਕਣ ਦਾ ਯਤਨ ਕੀਤਾ ਪਰੰਤੂ ਡਰਾਈਵਰ ਵਾਹਣ ਭਜਾ ਕੇ ਲੈ ਲਿਆ। ਬਾਅਦ ਵਿਚ ਵਾਹਣ ਦੀ ਲਾਇਸੰਸ ਪਲੇਟ ਤੋਂ ਉਸ  ਨੂੰ ਲਿਵਰਪੂਲ ਨੇੜੇ ਇਕ ਘਰ ਵਿਚ ਲੱਭ ਲਿਆ ਗਿਆ। ਜਦੋਂ ਪੁਲਿਸ ਅਫਸਰ ਘਰ ਦੇ ਬਾਹਰ ਖੜੇ ਵਾਹਣ ਦੀ ਜਾਂਚ ਕਰ ਰਹੇ ਸਨ ਤਾਂ ਘਰ ਦੇ ਅੰਦਰੋਂ ਚੱਲੀਆਂ ਗੋਲੀਆਂ ਨਾਲ ਦੋ ਪੁਲਿਸ ਅਫਸਰ ਮਾਰੇ ਗਏ। ਘੱਟੋ ਘੱਟ ਇਕ ਸ਼ੱਕੀ ਵੀ ਮੁਕਾਬਲੇ  ਦੌਰਾਨ ਢੇਰ ਹੋ ਗਿਆ।  ਮੇਅਰ ਬੇਨ ਵਾਲਸ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ''ਸਿਰਾਕੂਜ ਦੇ ਇਤਿਹਾਸ ਵਿਚ ਇਹ ਕਾਲਾ ਦਿਨ ਹੈ। ਸਾਡੀ ਹਮਦਰਦੀ ਮਾਰੇ ਗਏ 2 ਅਫਸਰਾਂ ਦੇ ਪਰਿਵਾਰਾਂ ਨਾਲ ਹੈ ਜੋ ਸਾਡੇ ਹੀਰੋ ਸਨ।''