ਅਮਰੀਕਾ ਤੇ ਰੂਸ ਵਿਚਾਲੇ ਕੈਦੀਆਂ ਦਾ ਵਟਾਂਦਰਾ

ਅਮਰੀਕਾ ਤੇ ਰੂਸ ਵਿਚਾਲੇ ਕੈਦੀਆਂ ਦਾ ਵਟਾਂਦਰਾ
ਰੂਸ ਦਾ ਹਥਿਆਰਾਂ ਦਾ ਸੌਦਾਗਰ ਵਿਕਟਰ ਬਾਊਟ

ਬਾਸਕਟ ਬਾਲ ਖਿਡਾਰਨ ਦੇ ਬਦਲੇ ਅਮਰੀਕਾ ਨੇ ਛੱਡਿਆ ਰੂਸ ਦਾ ਹਥਿਆਰਾਂ ਦਾ ਸੌਦਾਗਰ ਵਿਕਟਰ ਬਾਊਟ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ
9 ਦਸੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਤੇ ਰੂਸ ਵਿਚਾਲੇ ਹੋਏ ਕੈਦੀਆਂ ਦੇ ਵਟਾਂਦਰੇ ਦੌਰਾਨ ਦੋਨਾਂ ਦੇਸ਼ਾਂ ਨੇ ਇਕ ਦੂਸਰੇ ਦਾ ਇਕ ਇਕ ਕੈਦੀ ਰਿਹਾਅ ਕੀਤਾ ਹੈ। ਰਿਹਾਅ ਹੋਣ ਵਾਲਿਆਂ ਵਿਚ ਅਮਰੀਕਨ ਦੀ ਬਾਸਕਟਬਾਲ ਖਿਡਾਰਨ ਉਲੰਪਿਕ ਸੋਨ ਤਮਗਾ ਜੇਤੂ ਬ੍ਰਿਟਨੀ ਗਰੀਨਰ ਤੇ ਰੂਸ ਦਾ ਹਥਿਆਰਾਂ ਦਾ ਸੌਦਾਗਰ ਵਿਕਟਰ ਬਾਊਟ ਸ਼ਾਮਿਲ ਹੈ। ਇਹ ਪੁਸ਼ਟੀ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਗਰੀਨਰ ਨੂੰ ਜੇਲ ਤੋਂ ਰਿਹਾਅ ਕਰਕੇ ਮਾਸਕੋ ਲਿਜਾਇਆ ਗਿਆ ਹੈ ਜਿਥੋਂ ਉਹ ਯੁਨਾਈਟਿਡ ਅਰਬ ਐਮੀਰੇਟਸ ਦੇ ਰਸਤੇ ਅਮਰੀਕਾ ਆਵੇਗੀ। ਗਰੀਨਰ ਦੀ ਰਿਹਾਈ ਲਈ ਬਾਈਡਨ ਪ੍ਰਸ਼ਾਸਨ ਉਪਰ ਦਬਾਅ ਬਣਿਆ ਹੋਇਆ ਸੀ ਪਰੰਤੂ ਯੁਕਰੇਨ ਜੰਗ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵਧੀਆਂ ਤਲਖੀਆਂ ਕਰਕੇ ਗਰੀਨਰ ਦੀ ਰਿਹਾਈ ਲਈ ਦੇਰ ਹੋਈ। ਬਾਈਡਨ ਨੇ ਰਿਹਾਈ ਉਪਰੰਤ ਕਿਹਾ ਕਿ ਪਿਛਲੇ ਦੋ ਹਫਤਿਆਂ ਤੋਂ ਰੂਸ ਨਾਲ ਗਰੀਨਰ ਦੀ ਰਿਹਾਈ ਲਈ ਗੱਲਬਾਤ ਹੋ ਰਹੀ ਸੀ ਤੇ ਆਖਰਕਾਰ ਇਸ ਵਿਚ ਸਫਲਤਾ ਮਿਲੀ ਹੈ। ਬਾਈਡਨ ਨੇ ਕਿਹਾ ਕਿ ਮੈ ਤੁਹਾਨੂੰ ਇਹ ਦੱਸਣ ਵਿਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਪਿਛਲੇ ਕੁਝ ਮਹੀਨੇ ਤੋਂ ਜੇਲ ਵਿਚ ਬੰਦ ਰਹੀ ਬ੍ਰਿਟਨੀ ਗਰੀਨਰ ਮਾਨਸਿਕ ਤੌਰ 'ਤੇ ਮਜਬੂਤ ਹੈ। ਬ੍ਰਿਟਨੀ ਗਰੀਨਰ 294 ਦਿਨ ਜੇਲ ਵਿਚ ਰਹੀ।

ਬ੍ਰਿਟਨੀ ਨੂੰ ਫਰਵਰੀ ਵਿਚ ਮਾਸਕੋ ਦੇ ਹਵਾਈ ਅੱਡੇ 'ਤੇ ਭੰਗ ਦਾ ਤੇਲ ਰਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 4 ਅਗਸਤ ਨੂੰ ਦੋਸ਼ੀ ਕਰਾਰ ਦੇ ਕੇ 9 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੂਸਰੇ ਪਾਸੇ ਰਿਹਾਅ ਕੀਤੇ ਰੂਸੀ ਨਾਗਰਿਕ 55 ਸਾਲਾ ਵਿਕਟ ਬਾਊਟ ਨੂੰ ਹਥਿਆਰ ਵੇਚਣ ਦੀ ਕੋਸ਼ਿਸ ਦੇ ਮਾਮਲੇ ਵਿਚ ਫੜਿਆ ਗਿਆ ਸੀ ਜੋ ਹਥਿਆਰ ਅਮਰੀਕੀਆਂ ਵਿਰੁੱਧ ਵਰਤੇ ਜਾਣੇ ਸਨ। ਉਹ ਮੈਰੀਆਨ ਦੀ ਸੰਘੀ ਜੇਲ ਵਿਚ 25 ਸਾਲ ਦੀ ਸਜ਼ਾ ਕੱਟ ਰਿਹਾ ਸੀ। ਉਸ ਦੀ ਰਿਹਾਈ ਅਗਸਤ 2029 ਵਿਚ ਹੋਣੀ ਸੀ। ਉਹ ਰੂਸੀ ਫੌਜ ਦਾ ਸਾਬਕਾ ਲੈਫਟੀਨੈਂਟ ਕਰਨਲ ਹੈ