ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਵਿਚ ਚਾਕੂ ਮਾਰ ਕੇ ਦੋ ਦੀ ਹੱਤਿਆ, 6 ਜ਼ਖਮੀ
ਇਕ ਸ਼ੱਕੀ ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 7 ਅਕਤੂਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਸਟਰਿਪ ਵਿਚ ਬਿਨਾਂ ਕਿਸੇ ਭੜਕਾਹਟ ਦੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ 6 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਜਾਂਚ ਡਵੀਜਨ ਦੇ ਮੁੱਖੀ ਅਧਿਕਾਰੀ ਜੇਮਜ ਲਾ ਰੋਸ਼ੈਲੇ ਨੇ ਕਿਹਾ ਹੈ ਕਿ ਪੀੜਤਾਂ ਵਿਚ ਸੈਲਾਨੀ ਤੇ ਸਥਾਨਕ ਲੋਕ ਸ਼ਾਮਿਲ ਹਨ। ਜ਼ਖਮ ਹਸਪਤਾਲ ਵਿਚ ਇਲਾਜ਼ ਅਧੀਨ ਹਨ ਜਿਨਾਂ ਵਿਚੋਂ 3 ਦੀ ਹਾਲਤ ਨਾਜ਼ਕ ਹੈ। ਇਹ ਹਮਲਾ ਬੀਤੇ ਦਿਨ ਦੁਪਹਿਰ ਤੋਂ ਪਹਿਲਾਂ 11.40 ਵਜੇ ਦੇ ਆਸ ਪਾਸ ਹੋਇਆ। ਹਮਲੇ ਤੋਂ ਪਹਿਲਾਂ ਹਮਲਾਵਰ ਤੇ ਸੜਕ ਦੇ ਕਿਨਾਰੇ ਪੱਟੜੀ ਉਪਰ ਜਾ ਰਹੇ ਲੋਕਾਂ ਵਿਚਾਲੇ ਕੋਈ ਤਕਰਾਰ ਜਾਂ ਗੱਲਬਾਤ ਨਹੀਂ ਹੋਈ। ਹਮਲਾਵਰ ਨੇ ਅਚਾਨਕ ਇਕ ਤੋਂ ਬਾਅਦ ਇਕ ਨੂੰ ਨਿਸ਼ਾਨ ਬਣਾਉਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਲਾ ਰੋਸ਼ੈਲੇ ਅਨੁਸਾਰ ਹਮਲਾਵਰ ਕੋਲ ਲੰਬੇ ਬਲੇਡ ਵਾਲਾ ਚਾਕੂ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਸ਼ੱਕੀ ਹਮਲਾਵਰ ਨੂੰ ਖੇਤਰ ਵਿਚਲੇ ਗਾਰਡਾਂ ਨੇ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਚਾਕੂਬਾਜੀ ਦੀ ਘਟਨਾ ਇਕ ਨਹੀਂ ਕਈ ਥਾਵਾਂ 'ਤੇ ਹੋਈ ਹੈ। ਪੀੜਤਾਂ ਵਿਚ ਕੁਝ 'ਸ਼ੋਅਗਰਲਜ਼' ਵੀ ਸ਼ਾਮਿਲ ਹਨ, ਜੋ ਸੈਲਾਨੀਆਂ ਦੀਆਂ ਤਸਵੀਰਾਂ ਖਿੱਚ ਰਹੀਆਂ ਸਨ।
ਪੁਲਿਸ ਨੇ ਕੇਵਲ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿਚ ਲੈਣ ਦੀ ਜਾਣਕਾਰੀ ਦਿੱਤੀ ਹੈ ਤੇ ਉਸ ਬਾਰੇ ਹੋਰ ਕੋਈ ਵੇਰਵਾ ਜਾਰੀ ਨਹੀਂ ਕੀਤਾ। ਨਾ ਹੀ ਮਾਰੇ ਗਏ 2 ਵਿਅਕਤੀਆਂ ਤੇ ਜ਼ਖਮੀਆਂ ਦੇ ਨਾਂ ਨਸ਼ਰ ਕੀਤੇ ਹਨ। ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਘਟਨਾ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਨ।
Comments (0)