ਅਮਰੀਕਾ ਦੇ ਟੈਕਸਾਸ ਰਾਜ ਦੇ ਹਾਈ ਸਕੂਲ ਵਿੱਚ ਚੱਲੀਆਂ ਗੋਲੀਆਂ, ਇਕ ਵਿਦਿਆਰਥੀ ਦੀ ਮੌਤ ਤੇ ਇਕ ਜ਼ਖਮੀ

ਅਮਰੀਕਾ ਦੇ ਟੈਕਸਾਸ ਰਾਜ ਦੇ ਹਾਈ ਸਕੂਲ ਵਿੱਚ ਚੱਲੀਆਂ ਗੋਲੀਆਂ, ਇਕ ਵਿਦਿਆਰਥੀ ਦੀ ਮੌਤ ਤੇ ਇਕ ਜ਼ਖਮੀ
ਕੈਪਸ਼ਨ:  ਟੈਕਸਾਸ ਦੇ ਸਕੂਲ ਵਿਚ ਪੁੱਜੇ ਪੁਲਿਸ ਅਫਸਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਦੇ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਰਲਿੰਗਟਨ, ਟੈਕਸਾਸ ਵਿਚ ਇਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਕਾਰਨ ਇਕ ਵਿਦਿਆਰਥੀ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅਰਲਿੰਗਟਨ ਪੁਲਿਸ ਨੇ ਕਿਹਾ ਹੈ ਕਿ ਲਾਮਰ ਹਾਈ ਸਕੂਲ ਦੀ ਇਮਾਰਤ ਦੇ ਬਾਹਰਵਾਰ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਸਵੇਰੇ 7 ਵਜੇ ਤੋਂ ਪਹਿਲਾਂ ਮੌਕੇ ਉਪਰ ਪੁੱਜੇ। ਮੌਕੇ ਉਪਰ ਇਕ   ਵਿਦਿਆਰਥੀ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਦੇ ਗੋਲੀ ਵੱਜੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ  ਤੋੜ ਗਿਆ। ਇਸ ਘਟਨਾ ਵਿਚ ਇਕ ਹੋਰ ਵਿਦਿਆਰਥਣ ਵੀ ਜ਼ਖਮੀ ਹੋਈ ਹੈ। ਪੁਲਿਸ ਦੇ ਬੁਲਾਰੇ ਟਿਮ ਸੀਸਕੋ ਨੇ ਕਿਹਾ ਹੈ ਕਿ ਸਕੂਲ ਲੱਗਣ ਦਾ ਸਮਾਂ 7.35 ਵਜੇ ਦਾ ਹੈ ਇਸ ਲਈ ਗੋਲੀ ਚੱਲਣ ਸਮੇ ਸਾਰੇ ਵਿਦਿਆਰਥੀ ਸਕੂਲ ਨਹੀਂ ਪੁੱਜੇ ਸਨ। ਉਨਾਂ ਕਿਹਾ ਕਿ ਇਕ ਸ਼ੱਕੀ ਸ਼ੂਟਰ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸ਼ੱਕੀ ਸ਼ੂਟਰ ਨਬਾਲਗ ਹੈ ਇਸ ਲਈ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਹੈ। ਉਸ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਤੇ ਉਸ ਨੂੰ ਇਸ ਸਮੇ ਟਰੈਂਟ ਕਾਊਂਟੀ ਜੁਵੇਨਾਇਲ ਡੀਟੈਨਸ਼ਨ ਸੈਂਟਰ ਵਿਚ ਰਖਿਆ ਗਿਆ ਹੈ। ਘਟਨਾ ਦੀ ਜਾਂਚ ਉਪਰੰਤ ਉਸ ਵਿਰੁੱਧ ਹੋਰ ਦੋਸ਼ ਵੀ ਆਇਦ ਹੋਣ ਦੀ ਸੰਭਾਵਨਾ ਹੈ।