ਭਗਤ ਸਿੰਘ ਦੀ ਖੋਜ: ਬੀਜ ਤੋਂ ਬਿਰਖ ਤੱਕ    

ਭਗਤ ਸਿੰਘ ਦੀ ਖੋਜ: ਬੀਜ ਤੋਂ ਬਿਰਖ ਤੱਕ    

ਭਗਤ ਸਿੰਘ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ

ਭਾਰਤ ਦੀ ਧਰਤੀ ਹਮੇਸ਼ਾ ਹੀ ਯੋਧਿਆਂ, ਸੂਰਬੀਰਾਂ ਤੇ ਕੁਰਬਾਨੀ ਦੇਣ ਵਾਲਿਆਂ ਦੀ ਧਰਤੀ ਰਹੀ ਹੈ ਜਿਹਨਾਂ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਜਾਂ ਵਤਨ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਹੈ। ਕੁਰਬਾਨੀ ਦੇ ਇਸ ਸੁਨਹਿਰੀ ਇਤਿਹਾਸ ਦੇ ਪੰਨਿਆਂ ਤੇ ਜਿੱਥੇ ਗੁਰੂ ਗੋਬਿੰਦ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਰਾਣੀ ਲਕਸ਼ਮੀ ਬਾਈ, ਰਾਜਗੁਰੂ, ਸੁਖਦੇਵ ਦਾ ਨਾਂ ਆਉਂਦਾ ਹੈ ਉਥੇ ਹੀ ਭਗਤ ਸਿੰਘ ਦਾ ਨਾਂ ਵੀ ਖਾਸ ਮਹੱਤਤਾ ਵਾਲਾ ਤੇ ਆਦਰਯੋਗ ਹੈ ਜਿਹੜਾ ਕਿ ਹਮੇਸ਼ਾ ਹੀ ਜ਼ੁਲਮ ਖਿਲਾਫ ਆਵਾਜ਼ ਦੇਣ ਦਾ ਸੰਕਲਪ ਦਿੰਦਾ ਹੈ।

ਭਗਤ ਸਿੰਘ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਉਹ ਤਾਂ ਹਮੇਸ਼ਾ ਹੀ ਜ਼ੁਲਮ ਖਿਲਾਫ ਲੜਨ ਵਾਲਿਆਂ ਲਈ ਰਾਹ ਦਸੇਰਾ ਬਣਿਆ ਹੈ ਤੇ ਬਣਿਆ ਰਹੇਗਾ। ਭਗਤ ਸਿੰਘ ਇੱਕ ਸੋਚ ਦਾ ਨਾਂ ਹੈ ਜਿਹੜੀ ਇਸ਼ਕ ਤੇ ਇਨਕਲਾਬ ਦਾ ਸੁਮੇਲ ਸਿਖਾਉਂਦੀ ਹੈ। ਸਾਡੇ ਸੂਰਬੀਰ ਯੋਧਿਆਂ ਨੇ ਜਿਸ ਆਜ਼ਾਦੀ ਤੇ ਹੱਕਾਂ ਲਈ ਕੁਰਬਾਨੀ ਦਿੱਤੀ ਸੀ,ਉਹ ਅੱਜ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਜਿਹੜੀਆਂ ਸਮੱਸਿਆਵਾਂ ਉਹਨਾਂ ਨੇ ਆਪਣੇ ਵੇਲੇ ਦੇਖੀਆਂ ਸਨ (ਆਰਥਿਕ ਨਾ ਬਰਾਬਰੀ, ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ, ਮਜ਼ਦੂਰਾਂ ਤੇ ਕਿਸਾਨਾ ਦੀ ਸਰਕਾਰ ਕਿਵੇਂ ਬਣੇਗੀ ) ਉਹ ਸਮੱਸਿਆਵਾਂ ਅੱਜ ਵੀ ਵਿਕਰਾਲ ਰੂਪ ਧਾਰੀ ਉਵੇਂ ਹੀ ਮੂੰਹ ਅੱਡੀ ਖੜੀਆਂ ਹਨ। ਉਸ ਵੀਰ ਯੋਧੇ ਦੀ ਆਪਣੀ ਦਿੱਬ- ਦ੍ਰਿਸ਼ਟੀ ਰਾਂਹੀ ਦੇਖੀ ਚਿੰਤਾ ( ਗੋਰੇ ਅੰਗਰੇਜਾਂ ਦੇ ਚਲੇ ਜਾਣ ਤੋਂ ਬਾਅਦ   ‘ ਰਾਜ ’ ਕਾਲੇ ਅੰਗਰੇਜਾਂ ਦੇ ਹੱਥਾਂ ’ਚ ਆ ਜਾਵੇਗਾ ) ਅੱਜ ਸਹੀ ਸਾਬਿਤ ਹੋ ਰਹੀ ਹੈ।

ਉਹ ਤਾਂ ਆਪਣਾ ਫ਼ਰਜ ਨਿਭਾ ਕੇ ਭਾਵੇਂ ਸਰੀਰਕ ਤੌਰ ’ਤੇ ਦੁਨੀਆ ਤੋਂ ਚਲਿਆ ਗਿਆ ਏ ਤੇ ਪਿੱਛੇ ਛੱਡ ਗਿਆ ਆਪਣੀ ਸੋਚ ਤੇ ਸਿਧਾਂਤ ਪਰ ਅਸੀਂ ਕੀ ਕਰ ਰਹੇ ਹਾਂ। ਅਸੀਂ ਤਾਂ ਉਸਦੀ ਸੋਚ ਤੇ ਸਿਧਾਂਤਾਂ ਨੂੰ ਅਪਨਾਉਣ ਦੀ ਬਜਾਏ ਉਸਦੇ ਦੁਬਾਰਾ ਵਾਪਿਸ ਆਉਣ  ਦੀ ਉਡੀਕ ਕਰ ਰਹੇ ਹਾਂ। ਅਕਸਰ ਹੀ ਅਸੀਂ ਵਾਹਨਾਂ ’ਤੇ ਲੱਗੀ ਉਸਦੀ ਤਸਵੀਰ ਦੇਖਦੇ ਹਾਂ ਜ੍ਹਿਨਾਂ ਤੇ ਲਿਖਿਆ ਹੁੰਦਾ ਹੈ- “ ਲੱਗਦਾ ਫੇਰ ਆਉਣਾ ਪਊ ” ਜਾਂ “ ਅੰਗਰੇਜ ਖੰਘੇ ਸੀ ਤਾਂ ਹੀ ਟੰਗੇ ਸੀ ”। ਹਿੰਸਾ ਤਾਂ ਕਦੇ ਵੀ ਭਗਤ ਸਿੰਘ ਦਾ ਮਕਸਦ ਰਿਹਾ ਹੀ ਨਹੀਂ। ਅਸੀਂ ਉਸਦੀ ਪਿਸਤੌਲ ਟੰਗੀ ਫੋਟੋ ਦੇ ਨਾਲ ਨਾਲ ਕਦੇ ਉਸਦੇ ਹੱਥ ’ਚ ਫੜੀ ਕਿਤਾਬ ਵੱਲ ਧਿਆਨ ਹੀ ਨਹੀਂ ਮਾਰਿਆ।

          ਅੱਜ ਹਰ ਕੋਈ ਚਾਹੁੰਦਾ ਹੈ ਕਿ ਭਗਤ ਸਿੰਘ ਪੈਦਾ ਤਾਂ ਹੋਵੇ ਪਰ ਸਾਡੇ ਘਰ ਨਹੀਂ, ਕਿਸੇ ਦੂਜੇ ਦੇ ਘਰ ਹੋਵੇ ਕਿਉਂਕਿ ਸਾਡੇ ਅੰਦਰ ਸ਼ਾਇਦ ਉਹ ਮਾਦਾ ਹੀ ਨਹੀਂ ਹੈ ਕਿ ਅਸੀਂ ਭਗਤ ਸਿੰਘ ਨੂੰ ਆਪਣੇ ਘਰ ਪੈਦਾ ਕਰ ਸਕੀਏ। ਆਪਣੀਆਂ ਅੱਖਾਂ ਸਾਹਮਣੇ ਆਪਣੇ ਜਿਗਰ ਦੇ ਟੁਕੜਿਆਂ ਦੇ ਟੋਟੇ ਝੋਲੀ ’ਚ ਪਵਾਉਣ ਵਾਲੀਆਂ, ਪਿੱਠ ਪਿੱਛੇ ਪੁੱਤਰ ਨੂੰ ਬੰਨ ਕੇ ਜੰਗ ਕਰਨ ਵਾਲੀਆਂ ਮਾਂਵਾਂ ਪਤਾ ਨਹੀਂ ਕਿਹੜੇ ਰਾਹਾਂ ’ਤੇ ਤੁਰ ਪਈਆਂ ਹਨ। ਕੁਦਰਤ ਸਭ ਦੀ ਪਾਲਣਾ ਕਰਨ ਵਾਲੀ ਜਨਨੀ ਹੈ ਅਤੇ ਇਤਫ਼ਾਕ ਵੱਸ ‘ ਕੁਦਰਤ ’ ਸ਼ਬਦ ਵੀ ਇਸਤਰੀ ਲਿੰਗ ਦਾ ਧਾਰਨੀ ਹੈ। ਅਸੀਂ ਸ਼ਹੀਦ-ਏ-ਆਜ਼ਮ ਦੇ ਵਾਪਿਸ ਆਉਣ ਦੀ ਉਡੀਕ ਤਾਂ ਕਰਦੇ ਹਾਂ ਪਰ ਉਸਨੂੰ ਪੈਦਾ ਕਰਨ ਦੀ ਸਮਰੱਥਾ ਨੂੰ ਹੀ ਨਹੀਂ ਪਹਿਚਾਣਦੇ। ‘ ਮਾਂ ’ ਇੱਕ ਅਜਿਹਾ ਸ਼ਬਦ ਹੈ ਜਿਹੜਾ ਆਪਣੇ ਅੰਦਰ ਪਤਾ ਨਹੀਂ ਕਿੰਨੇ ਹੀ ਬ੍ਰਹਿਮੰਡ ਸਮਾਉਣ ਦੀ ਸਮਰੱਥਾ ਰੱਖਦਾ ਹੈ। ਜਦੋਂ ਇੱਕ ਬੱਚਾ ਆਪਣੀ ਮਾਂ ਦੇ ਗਰਭ ਅੰਦਰ ਬੀਜ ਰੂਪ ’ਚ ਹੋਂਦ ਗ੍ਰਹਿਣ ਕਰਦਾ ਹੈ ਤਾਂ ਉਸ ਸਮੇਂ ਤੋਂ ਲੈ ਕੇ ਹੀ ਮਾਂ ਦੁਆਰਾ ਕੀਤੀਆਂ ਜਾਦੀਆਂ ਗਤੀਵਿਧੀਆਂ, ਕਿਰਿਆਵਾਂ ਦਾ ਅਸਰ ਭਰੂਣ ’ਤੇ ਹੋਣਾ ਸ਼ੂਰੂ ਹੋ ਜਾਦਾਂ ਹੈ। ਮਾਂ ਦਾ ਖਾਣਾ ਪੀਣਾ, ਸੋਚਣਾ, ਸੁਣਨਾ, ਮਹਿਸੂਸ ਕਰਨਾ ਅਰਥਾਤ ਇੱਕ ਹੋਣ ਵਾਲੀ ਮਾਂ ਆਪਣੇ ਚੌਗਿਰਦੇ ’ਚੋਂ ਜੋ ਵੀ ਗ੍ਰਹਿਣ ਕਰਦੀ ਹੈ, ਉਸਦਾ ਪ੍ਰਤੱਖ ਅਪ੍ਰਤੱਖ ਰੂਪ ਵਿੱਚ ਅਸਰ ਉਸ ਹੋਣ ਵਾਲੇ ਬੱਚੇ ’ਤੇ ਪੈਣਾ ਸ਼ੂਰੂ ਹੋ ਜਾਂਦਾ ਹੈ। ਇਸਦੀ ਇੱਕ ਉਦਾਹਰਣ ਸਾਡੇ ਸਾਹਮਣੇ ਮਹਾਂਭਾਰਤ ਵਿੱਚ ਅਰਜੁਨ ਦੁਆਰਾ ਆਪਣੀ ਗਰਭਵਤੀ ਪਤਨੀ ਦਰੋਪਤੀ ਨੂੰ ਚੱਕਰਵਿਊ ਦੀ ਕਹਾਣੀ ( ਘਟਨਾ ) ਸੁਨਾਉਣ ਦੀ ਮਿਲਦੀ ਹੈ ਜਿਸਦਾ ਅਸਰ ਪੇਟ ਅੰਦਰ ਪਲ ਰਹੇ ਅਭਿਮੰਨਿਊ ਤੇ ਪਿਆ ਯੁੱਧ ਦੇ ਮੈਦਾਨ ’ਚ ਦਿਖਾਈ ਦਿੰਦਾ ਹੈ। ਭਾਵੇਂ ਅਸੀਂ ਇਸਨੂੰ ਮਿਥਿਹਾਸ ਹੀ ਮੰਨਦੇ ਹੋਈਏ ਪਰ ਅੱਜ ਤਾਂ ਇਹ ਗੱਲ ਵਿਗਿਆਨ ਵੀ ਮੰਨ ਚੁੱਕਿਆ ਹੈ ਕਿ ਗਰਭ ਦੌਰਾਨ ਕੀਤੀਆਂ ਜਾਦੀਆਂ ਗਤੀਵਿਧੀਆਂ ਦਾ ਬੱਚੇ ਤੇ ਬਹੁਤ ਅਸਰ ਹੁੰਦਾ ਹੈ। ਜਦੋਂ ਇਹ ਸਭ ਸੱਚ ਹੈ ਤਾਂ ਇਸਦਾ ਮਤਲਬ ਔਰਤ ਦੇ ਹੱਥ ਵਿੱਚ ਬਹੁਤ ਵੱਡੀ ਸ਼ਕਤੀ ਹੈ- ਆਪਣੇ ਬੱਚੇ ਨੂੰ ਕੀ ਬਨਾਉਣਾ ਹੈ। ਹਾਂਲਾਕਿ ਇਸ ਵਿੱਚ ਸਮਾਜਿਕ ਚੌਗਿਰਦੇ, ਘਰ ਦੇ ਮਾਹੌਲ ਦਾ ਬਹੁਤ ਵੱਡਾ ਰੋਲ ਹੈ ਪਰੰਤੂ ਤਾਂ ਵੀ ਇੱਕ ਹੋਣ ਵਾਲੀ ਮਾਂ ਨੂੰ ਚਾਹੀਦਾ ਹੈ ਕਿ ਉਹ ਸੂਰਬੀਰ ਯੋਧਿਆਂ ਦੀਆਂ, ਯੋਧਿਆਂ ਬਾਰੇ ਕਿਤਾਬਾਂ ਪੜੇ, ਇਨਕਲਾਬੀ ਸਾਹਿਤ ਪੜੇ, ਕਹਾਣੀਆਂ ਦੇਖੇ ਤੇ ਸੁਣੈ। ਗਰਭ ਤੋਂ ਲੈ ਕੇ ਬੱਚੇ ਦੇ ਬਾਲਗ ਹੋਣ ਤੱਕ ਅਜਿਹਾ ਮਾਹੌਲ ਪ੍ਰਦਾਨ ਕੀਤਾ ਜਾਵੇ ਜਿਹੜਾ ਬੱਚੇ ਨੂੰ ਸੂਰਬੀਰਤਾ,ਬਹਾਦਰੀ,ਇਨਸਾਨੀਅਤ ਅਤੇ ਜ਼ਿੰਦਗੀ ਦੇ ਆਸ਼ਿਕ ਅਤੇ ਨਿਡਰਤਾ ਵੱਲ ਪ੍ਰੇਰਿਤ ਕਰੇ।

 ਕਿਤਾਬਾਂ ਭਾਵੇਂ ਸਾਨੂੰ ਰੋਟੀ, ਨੌਕਰੀ  ਨਾ ਦੇਣ ਪਰ ਜ਼ਿੰਦਗੀ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਨਜ਼ਰੀਆ ਜਰੂਰ ਦਿੰਦੀਆਂ ਹਨ। ਰੂਸ ਦੀ ਕ੍ਰਾਂਤੀ ਵਿੱਚ ਸਾਹਿਤ ਨੂੰ ਇੱਕ ‘ ਸਹਾਇਕ ਸਾਧਨ ’ ਵਜੋਂ ਵਰਤਿਆ ਗਿਆ ਸੀ। ਆਜ਼ਾਦੀ ਦੇ ਸੰਗਰਾਮ ’ਚ ਰਾਜਗੂਰੂ, ਸੁਖਦੇਵ ਤੇ ਉਸਦੇ ਹੋਰਨਾਂ ਸਾਥੀਆਂ ਦੀ ਕੁਰਬਾਨੀ ਕਿਸੇ ਗੱਲੋਂ ਵੀ ਘੱਟ ਨਹੀਂ ਹੈ ਪਰ ਭਗਤ ਸਿੰਘ ਦੀ ਏਨੀ ਹਰਮਨਪਿਆਰਤਾ ਦਾ ਕਾਰਨ ਉਸਦਾ ਕਿਤਾਬਾਂ, ਸਾਹਿਤ ਨਾਲ ਜੁੜਿਆ ਹੋਣਾ ਹੀ ਹੈ। ਦਲੀਲਾਂ ਨਾਲ ਆਪਣੇ ਵਿਰੋਧੀਆਂ ਨੂੰ ਹਰਾਉਣਾ ਤੇ ਜਿਸ ਇਨਸਾਨ ਨੂੰ ਇਹ ਪਤਾ ਹੋਵੇ ਕਿ ਅਗਲੇ ਪਲ ਉਸਨੂੰ ਫ਼ਾਂਸੀ ਲੱਗਣ ਵਾਲੀ ਹੋਵੇ ਤੇ ਉਹ ਜੇਲ੍ਹ ਅੰਦਰ ਬੈਠਾ ਕਿਤਾਬ ਪੜ੍ਹ ਰਿਹਾ ਹੈ ਤੇ ਫਾਂਸੀ ਲਈ ਬੁਲਾਏ ਜਾਣ ’ਤੇ ਉਸਦੇ ਕਹੇ ਸ਼ਬਦ “ ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ ” ਉਸਦੀ ਸਾਹਿਤ ਤੇ ਕਿਤਾਬਾਂ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਉਸ ਵੇਲੇ ਸਾਡੇ ਸਾਹਮਣੇ ਦੁਸ਼ਮਣਾ ਦੀ ਪਹਿਚਾਣ ਸੀ ਪਰ ਅੱਜ ਸਭ ਸਾਡੇ ਬਣ ਕੇ ਹੀ ਸਾਨੂੰ ਠੱਗ ਰਹੇ ਹਨ। ਅੱਜ ਦੇਸ਼ ਜਿਹੜੇ ਵੀ ਰਾਹਾਂ ’ਤੇ ਜਾ ਰਿਹਾ ਏ ਉੱਥੇ ਕਿੰਨੇ ਹੀ ਭਗਤ ਸਿੰਘ ਵਰਗੇ ਜਜ਼ਬੇ ਪੈਦਾ ਕਰਨ ਵਾਲੇ ਨੌਜਵਾਨਾਂ ਅਤੇ ਵਿਦਿਆਰਥੀ, ਦੁਰਗਾ ਭਾਬੀ, ਮਾਤਾ ਸਾਹਿਬ ਕੌਰ, ਸਾਵਿੱਤਰੀਬਾਈ ਫੂਲੇ, ਰਮਾਬਾਈ ਅੰਬੇਦਕਰ  ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਔਰਤਾਂ ਦੀ ਜਰੂਰਤ ਹੈ, ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਵਖ਼ਤ ਪਾ ਦਿੱਤਾ ਸੀ।

 ਪਰਿਵਾਰ ਤੋਂ ਬਾਅਦ ਬੱਚੇ ਨੇ ਸਕੂਲ, ਕਾਲਜ ਵਿੱਚ ਪਰਵੇਸ਼ ਕਰਨਾ ਹੁੰਦਾ ਹੈ ਜਿੱਥੇ ਉਸਦਾ ਸਿੱਧਾ ਵਾਹ ਵਾਸਤਾ ਕਿਤਾਬਾਂ ਨਾਲ ਜੁੜਦਾ ਹੈ। ਅਧਿਆਪਕ ਨੇ ਕਿਤਾਬੀ ਸਿਲੇਬਸ ਤੋਂ ਬਿਨਾਂ ਵਿਦਿਆਰਥੀ ਨੂੰ ਜ਼ਿੰਦਗੀ ਦਾ ਸਿਲੇਬਸ ਵੀ ਪੜਾਉਣਾ ਹੁੰਦਾ ਹੈ। ਅੱਜ ਵਿਦਿਆਰਥੀਆਂ ਅੰਦਰ ਬਹਿਸਾਂ ਤਾਂ ਹੁੰਦੀਆਂ ਹਨ ਪਰ ਉਹਨਾਂ ਦੇ ਵਿਸ਼ੇ ਹਥਿਆਰਾਂ, ਫੋਨਾਂ, ਗੱਡੀਆਂ ਦੇ ਮਾਡਲ ਹੁੰਦੇ ਹਨ ਨਾ ਕਿ ਆਰਥਿਕ, ਰਾਜਨੀਤਿਕ ਮੁੱਦੇ। ਇਸ ਲਈ ਵਿਦਿਆਰਥੀ ਅੰਦਰ ਜ਼ਿੰਦਗੀ ਦੇ ਯੋਧੇ, ਰਾਜਨੀਤਿਕ, ਆਰਥਿਕ ਅਤੇ ਇਨਕਲਾਬੀ ਸੂਝ-ਬੂਝ ਭਰਨ ਲਈ ਸ਼ੂਰੂ ਤੋਂ ਹੀ ਉਹਨਾਂ ਦੇ ਬੌਧਿਕ ਪੱਧਰ ਅਨੁਸਾਰ ਵਿਚਾਰ ਵਟਾਂਦਰੇ ਅਤੇ ਬਹਿਸਾਂ ਲਈ ਪਿੜ ਤਿਆਰ ਕਰਨ ਦੀ ਜ਼ਰੂਰਤ ਹੈ।  ਸਕੂਲੀ ਪੱਧਰ ’ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਬੌਧਿਕ ਪੱਧਰ ਅਨੁਸਾਰ ਘਰ ਦੇ ਕੰਮ ਵਜੋਂ ਕੋਈ ਕਹਾਣੀ ਪੜ੍ਹਨ ਨੂੰ ਦੇਣਾ ਅਤੇ ਅਗਲੇ ਦਿਨ ਜਮਾਤ ਵਿੱਚ ਵਿਚਾਰ- ਚਰਚਾ ਕਰਵਾਉਣੀ ਅਤੇ ਕਾਲਜੀ ਪੱਧਰ ’ਤੇ ਰਾਜਨੀਤਿਕ, ਆਰਥਿਕ, ਚਲੰਤ ਚੱਲ ਰਹੇ ਮੁੱਦਿਆਂ ਉੱਪਰ ਜਾਂ ਕਿਸੇ ਕਿਤਾਬ ’ਤੇ ਜਮਾਤ ’ਚ ਚਰਚਾ ਕਰਵਾਉਣਾ ਆਦਿ ਇਨਕਲਾਬੀ ਬਹਿਸਾਂ ਲਈ ਪਿੜ ਤਿਆਰ ਕਰਨ ’ਚ ਸਹਾਈ ਹੋ ਸਕਦਾ ਹੈ। ਅੱਜ ਮਜਬੂਰੀ ਵੱਸ ਚੱਲ ਰਹੀ ਆਨਲਾਈਨ ਪੜਾਈ ਨੇ ਜਿੱਥੇ ਵਿਦਿਆਰਥੀ ਨੂੰ ਟੈਕਨਾਲੋਜੀ ਨਾਲ ਜੋੜਿਆ ਹੈ ਉੱਥੇ ਕਿਤਾਬ ਤੇ ਸੰਵਾਦ ਤੋਂ ਵੀ ਦੂਰ ਕਰ ਦਿੱਤਾ ਹੈ।  ਇਸ ਲਈ ਕੱਲੀਆਂ ਔਰਤਾਂ ਹੀ ਨਹੀਂ ਬਲਕਿ ਸਾਰੇ ਰਲ ਕੇ  ਭਗਤ ਸਿੰਘ ਵਰਗੇ ਸੂਰਬੀਰਾਂ ਦੀਆਂ ਲਿਖਤਾਂ, ਉਹਨਾਂ ਬਾਰੇ ਲਿਖੀਆਂ ਕਿਤਾਬਾਂ ਨੂੰ ਪੜ੍ਹੀਏ, ਵਿਚਾਰੀਏ ਅਤੇ ਕਹਿਣੀ ਤੇ ਕਰਨੀ ਦੇ ਪੂਰੇ ਬਣੀਏ। ਇੱਕ ਸਿਹਤਮੰਦ ਤੇ ਬਿਹਤਰ ਸਮਾਜ ਸਿਰਜਣ ਲਈ ਭਗਤ ਸਿੰਘ ਦੁਆਰਾ ਅਖ਼ੀਰ ਵਿੱਚ ਪੜ੍ਹੀ ਜਾ ਰਹੀ ਕਿਤਾਬ ‘ ਲੈਨਿਨ ਦੀ ਜੀਵਨੀ ’ ਦੇ ਅਗਲੇ ਕਾਂਡ ਨੂੰ ਸ਼ੂਰੂ ਕਰਨ ਦੀ ਲੋੜ ਹੈ।

 

    ਲਖਵਿੰਦਰ ਸਾਰਾ

   ਖੋਜਾਰਥੀ: ਪੰਜਾਬੀ ਵਿਭਾਗ

   ਦਿੱਲੀ ਯੂਨੀਵਰਸਿਟੀ, ਦਿੱਲੀ।

    ਫੋਨ ਨੰ: 6284932275