ਅਮਰੀਕਾ ਵਿਚ ਤੇਜ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ 5 ਮੌਤਾਂ ਤੇ 1 ਜ਼ਖਮੀ

ਅਮਰੀਕਾ ਵਿਚ ਤੇਜ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ 5 ਮੌਤਾਂ ਤੇ 1 ਜ਼ਖਮੀ
ਕੈਪਸ਼ਨ:  ਕਾਰ ਹਾਦਸੇ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨਿਊਯਾਰਕ ਮੈਟਰੋਪੋਲੀਟਨ ਖੇਤਰ ਵਿਚ ਅੱਧੀ ਰਾਤ ਤੋਂ ਬਾਅਦ 12.20 ਵਜੇ ਇਕ ਤੇਜ ਰਫ਼ਤਾਰ ਕਾਰ ਦੇ ਸੜਕ ਤੋਂ ਉਤਰ ਕੇ ਦਰੱਖਤ ਨਾਲ ਟਕਰਾਉਣ ਦੀ ਖ਼ਬਰ ਹੈ। ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਵੈਸਟਚੈਸਟਰ ਕਾਊਂਟੀ ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਹਾਦਸੇ ਵਿਚ 5 ਲੋਕ ਮਾਰੇ ਗਏ ਜਿਨਾਂ ਵਿਚ 4 ਲੜਕੇ ਤੇ 1 ਲੜਕੀ ਸ਼ਾਮਿਲ ਹੈ। ਇਹ ਸਾਰੇ ਕੋਨੈਕਟੀਕਟ ਦੇ ਰਹਿਣ ਵਾਲੇ ਸਨ ਤੇ ਇਨਾਂ ਦੀ ਉਮਰ 8 ਸਾਲ ਤੋਂ 17 ਸਾਲਾਂ ਦੇ ਦਰਮਿਆਨ ਹੈ। ਪ੍ਰੈਸ ਬਿਆਨ ਅਨੁਸਾਰ ਅਜਿਹਾ ਲੱਗਦਾ ਹੈ ਕਿ ਕਾਰ ਨੂੰ ਇਕ 16 ਸਾਲਾ ਲੜਕਾ ਚਲਾ ਰਿਹਾ ਸੀ ਜਦੋਂ ਇਹ ਕਾਰ ਨਿਊਯਾਰਕ ਸ਼ਹਿਰ ਦੇ ਉੱਤਰ ਪੂਰਬ ਵਿੱਚ 25 ਮੀਲ ਦੂਰ ਹਾਦਸਾ ਗ੍ਰਸਤ ਹੋ ਗਈ। ਇਸ ਘਟਨਾ ਵਿਚ ਹੋਰ ਕੋਈ ਵਾਹਣ ਸ਼ਾਮਿਲ ਨਹੀਂ ਹੈ। ਕਾਰ ਵਿਚ ਸਵਾਰ ਇਕ 9 ਸਾਲਾ ਲੜਕਾ ਹੀ ਬੱਚਿਆ ਹੈ ਜੋ ਕਾਰ ਦੇ ਪਿਛਲੇ  ਪਾਸੇ ਬੈਠਾ ਸੀ। ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਵੈਸਟਚੈਸਟਰ ਕਾਊਂਟੀ ਦੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ  ਤੇ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।