ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵਿਦਿਆਰਥੀ ਉਪਰ ਨਫ਼ਰਤੀ ਹਮਲਾ

ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵਿਦਿਆਰਥੀ ਉਪਰ ਨਫ਼ਰਤੀ ਹਮਲਾ

ਅਣਪਛਾਤੇ ਗੁੰਡਿਆਂ ਨੇ ਸਿੱਖ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਕੇਸਾਂ ਤੋਂ ਫੜ ਕੇ ਧੂਹਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਨਫ਼ਰਤੀ ਹਮਲੇ ਦੌਰਾਨ ਕੁੱਝ ਅਣਪਛਾਤੇ ਵਿਅਕਤੀਆਂ ਨੇ 21 ਸਾਲਾ ਸਿੱਖ ਵਿਦਿਆਰਥੀ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਕੇਸਾਂ ਤੋਂ ਫੜ ਕੇ ਧੂਹਿਆ। ਸੀਟੀਵੀ ਨਿਊਜ਼ ਦੀ ਖ਼ਬਰ ਅਨੁਸਾਰ ਗਗਨਦੀਪ ਸਿੰਘ ’ਤੇ ਬੀਤੇ ਦਿਨੀਂ ਉਦੋਂ ਹਮਲਾ ਹੋਇਆ, ਜਦੋਂ ਉਹ ਘਰ ਮੁੜ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਦੇ ਤੁਰੰਤ ਮਗਰੋਂ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਹ ਗਗਨਦੀਪ ਸਿੰਘ ਨੂੰ ਮਿਲਣ ਪੁੱਜੇ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਕਾਫ਼ੀ ਤਕਲੀਫ਼ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਸਿੰਘ ਰਾਤ ਕਰੀਬ ਸਾਢੇ 10 ਵਜੇ ਕਰਿਆਨੇ ਦੀ ਖਰੀਦਦਾਰੀ ਕਰਕੇ ਬੱਸ ਰਾਹੀਂ ਘਰ ਮੁੜ ਰਿਹਾ ਸੀ। ਇਸੇ ਦੌਰਾਨ 12-15 ਜਣਿਆਂ ਨੇ ਬੱਸ ਵਿੱਚ ਉਸ ’ਤੇ ਵਿਗ ਸੁੱਟੀ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ। ਗਗਨਦੀਪ ਸਿੰਘ ਵੱਲੋਂ ਪੁਲੀਸ ਨੂੰ ਸੂਚਿਤ ਕਰਨ ਦਾ ਡਰਾਵਾ ਦੇਣ ’ਤੇ ਵੀ ਉਹ ਉਸ ਨੂੰ ਪ੍ਰੇਸ਼ਾਨ ਕਰਦੇ ਰਹੇ। ਇਸ ਮਗਰੋਂ ਗਗਨਦੀਪ ਸਿੰਘ ਬੱਸ ਤੋਂ ਉੱਤਰ ਗਿਆ। ਹਮਲਾਵਰ ਵੀ ਬੱਸ ਤੋਂ ਉੱਤਰ ਗਏ ਅਤੇ ਬੱਸ ਦੇ ਜਾਂਦਿਆਂ ਹੀ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਧੂਹ ਕੇ ਸੜਕ ਕੰਢੇ ਪਈ ਗੰਦੀ ਬਰਫ਼ ’ਤੇ ਸੁੱਟ ਦਿੱਤਾ। ਹਮਲਾਵਰ ਨੌਜਵਾਨ ਦੀ ਪੱਗ ਆਪਣੇ ਨਾਲ ਲੈ ਗਏ। ਗਗਨਦੀਪ ਨੇ ਹੋਸ਼ ਵਿੱਚ ਆਉਣ ਮਗਰੋਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ। ਵਿਦਿਆਰਥੀ ਦੀਆਂ ਪਸਲੀਆਂ, ਮੂੰਹ, ਬਾਹਾਂ ਅਤੇ ਲੱਤਾਂ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ। 

ਮਾਮਲੇ ਦੀ ਜਾਂਚ ਜਾਰੀ: ਪੁਲੀਸ

ਕਲੋਨਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਇੱਕ ਬਿਆਨ ਵਿੱਚ ਮਾਮਲੇ ਦੀ ਜਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਕਾਂਸਟੇਬਲ ਮਾਈਕ ਡੇਲਾ-ਪਾਓਲੇਰ ਨੇ ਕਿਹਾ ਕਿ ਕਲੋਨਾ ਆਰਸੀਐੱਮਪੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸ਼ਹਿਰ ਵਿੱਚ ਹੋ ਰਹੇ ਇਸ ਤਰ੍ਹਾਂ ਦੇ ਹਮਲਿਆਂ ਸਬੰਧੀ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪਹਿਲ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। -