ਅਮਰੀਕਾ ਦੇ ਸ਼ਹਿਰ ਮਿਆਮੀ ਬੀਚ ਵਿਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿੱਤੀ ਦਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਫਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ਵਿਚ ਉਤੋੜਿਤੀ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ 'ਤੇ ਕਾਬੂ ਪਾਉਣ ਲਈ ਹੰਗਾਮੀ ਸਥਿੱਤੀ ਤੇ ਬੀਤੀ ਅੱਧੀ ਰਾਤ ਤੋਂ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀਆਂ ਦੋ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਅਤੇ ਵੱਡੀ ਪੱਧਰ ਉਪਰ ਲੋਕਾਂ ਦੀ ਭੀੜ ਦੇ ਖਤਰਨਾਕ ਤੇ ਗੈਰਕਾਨੂੰਨੀ ਵਿਵਹਾਰ ਦੇ ਮੱਦੇਨਜਰ ਸਿਟੀ ਆਫ ਮਿਆਮੀ ਬੀਚ ਨੇ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ ਤੇ ਰਾਤ 11.59 ਵਜੇ ਤੋਂ ਕਰਫ਼ਿਊ ਲਾ ਦਿੱਤਾ ਹੈ । ਬਿਆਨ ਵਿਚ ਕਿਹਾ ਗਿਆ ਹੈ ਕਿ ਸਿਟੀ ਮੈਨੇਜਰ ਵੱਲੋਂ 23 ਮਾਰਚ ਤੋਂ ਹੋਰ ਪਾਬੰਦੀਆਂ ਲਾਉਣ ਦੀ ਵੀ ਯੋਜਨਾ ਹੈ। ਸੇਂਟ ਪੈਟਰਿਕ ਦਿਵਸ ਉਤਸਵ ਤੇ ਸਪਿਰੰਗ ਬਰੇਕ ਜਸ਼ਨਾਂ ਦੌਰਾਨ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਜਿਨਾਂ ਵਿਚ ਦੋ ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ ਸਨ, ਤੋਂ ਬਾਅਦ ਸ਼ਹਿਰ ਦੇ ਪ੍ਰਸਿੱਧ ਦੱਖਣੀ ਬੀਚ ਖੇਤਰ ਵਿਚ ਹਿੰਸਾ ਭੜਕ ਪਈ ਸੀ ਜਿਸ ਕਾਰਨ ਇਹਤਿਆਤ ਵਜੋਂ ਕਰਫ਼ਿਊ ਲਾਇਆ ਗਿਆ ਹੈ।
Comments (0)