ਅਮਰੀਕਾ ਵਿੱਚ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਘੱਟੇ

ਅਮਰੀਕਾ ਵਿੱਚ ਕੰਪਨੀਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਘੱਟੇ

*ਸੀਐਨਬੀਸੀ ਡਾਟ ਕਾਮ ਅਨੁਸਾਰ ਨਾਨ-ਕਪੀਟ ਕਲਾਜ਼ ਦੇ ਜਾਲ ਵਿਚ ਫਸੇ ਅਮਰੀਕੀ ਮੁਲਾਜ਼ਮ                                                                                                                                *ਅਸਤੀਫ਼ੇ ਤੋਂ ਬਾਅਦ ਵੀ ਨਹੀਂ ਕਰ ਸਕਦਾ ਕਿਸੇ ਕੰਪਨੀ ਵਿਚ ਕੰਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ- ਅਮਰੀਕਾ ਵਿੱਚ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਪਿਛਲੇ 3 ਸਾਲਾਂ 'ਵਿਚ ਸਥਿਤੀ ਹੋਰ ਵਿਗੜ ਗਈ ਹੈ। ਇਸ ਦਾ ਕਾਰਨ ਕੰਪਨੀਆਂ ਦੀ ਠੇਕਾ ਨੀਤੀ ਹੈ।ਮੁਲਾਜ਼ਮਾਂ ਨੂੰ ਨੌਕਰੀਆਂ ਦੇਣ ਵੇਲੇ ਕੰਪਨੀਆਂ ਅਜਿਹੀਆਂ ਸ਼ਰਤਾਂ ਰੱਖ ਰਹੀਆਂ ਹਨ ਕਿ ਮੁਲਾਜ਼ਮ ਨੌਕਰੀ ਛੱਡਣ ਤੋਂ ਬਾਅਦ ਵੀ ਆਪਣੀ ਪ੍ਰਤੀਯੋਗੀ ਵਾਲੀਆਂ ਕੰਪਨੀਆਂ ਵਿੱਚ ਕੰਮ ਨਾ ਕਰ ਸਕਣ।ਹੁਣ ਤੱਕ ਕੰਪਨੀ ਅਤੇ ਕਰਮਚਾਰੀਆਂ ਵਿਚਾਲੇ ਹੋਏ ਸਮਝੌਤੇ ਵਿੱਚ ਤਨਖਾਹ, ਛੁੱਟੀਆਂ, ਪੀਐਫ, ਬੀਮਾ ਵਰਗੀਆਂ ਸ਼ਰਤਾਂ ਹੁੰਦੀਆਂ ਸਨ। ਹਾਲਾਂਕਿ, ਕੁਝ ਕੰਪਨੀਆਂ ਅਜਿਹੀਆਂ ਸ਼ਰਤਾਂ 'ਤੇ ਦਸਤਖਤ ਕਰਾ ਰਹੀਆਂ ਹਨ ਕਿ ਕਰਮਚਾਰੀ ਕੰਪਨੀ ਦੇ ਨਾਲ ਕੰਮ ਕਰਦੇ ਹੋਏ ਕਿਤੇ ਹੋਰ ਕੰਮ ਨਹੀਂ ਕਰ ਸਕਦਾ ਹੈ।

ਕੰਪਨੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਕਰਮਚਾਰੀ ਉਨ੍ਹਾਂ ਦੇ ਮੁਕਾਬਲੇ ਵਾਲੀ ਕੰਪਨੀ 'ਵਿਚ ਜਾਂਦੇ ਹਨ ਤਾਂ ਉਨ੍ਹਾਂ ਦੇ ਕਾਰੋਬਾਰੀ ਰਾਜ਼ ਵੀ ਲੀਕ ਹੋ ਜਾਣਗੇ। ਇਸ ਤੋਂ ਇਲਾਵਾ ਉਹ ਕਰਮਚਾਰੀਆਂ ਨੂੰ ਸਿਖਲਾਈ ਦੇਣ 'ਤੇ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਕਰਦੇ ਹਨ। ਇਸ ਤੋਂ ਬਾਅਦ ਜੇਕਰ ਕਰਮਚਾਰੀ ਮੁਕਾਬਲੇ ਵਾਲੀਆਂ ਕੰਪਨੀਆਂ ਕੋਲ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੋਵੇਗਾ।ਇਸ ਸਮੇਂ ਹਰ ਪੰਜਵਾਂ ਅਮਰੀਕੀ ਕਰਮਚਾਰੀ ਕੰਪਨੀਆਂ ਦੇ ਇਨ੍ਹਾਂ ਹਾਲਾਤਾਂ ਵਿੱਚ ਫਸਿਆ ਹੋਇਆ ਹੈ। ਇਸ ਕਾਰਨ ਉਹ ਨੌਕਰੀਆਂ ਬਦਲਣ ਤੋਂ ਅਸਮਰੱਥ ਹਨ। ਵਧੀਆਂ ਉਜਰਤਾਂ ਦੀ ਮੰਗ ਕਰਨੀ ਵੀ ਔਖੀ ਹੋ ਗਈ ਹੈ। ਅਮਰੀਕੀ ਕੰਪਨੀਆਂ ਵਿੱਚ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ। ਹੁਣ ਉਹ ਇਨ੍ਹਾਂ ਸ਼ਰਤਾਂ ਤਹਿਤ ਆਪਣੇ ਮੁਲਾਜ਼ਮਾਂ ਨੂੰ ਕੰਟਰੈਕਟ ਸਾਈਨ ਕਰਨ ਲਈ ਮਜਬੂਰ ਕਰ ਰਹੇ ਹਨ।

ਸੀਐਨਬੀਸੀ ਡਾਟ ਕਾਮ ਅਨੁਸਾਰ ਫੈਡਰਲ ਟਰੇਡ ਕਮਿਸ਼ਨ ਦਾ ਕਹਿਣਾ ਹੈ ਕਿ ਕੰਪਨੀਆਂ ਦੀਆਂ ਇਨ੍ਹਾਂ  ਦੀਆਂ ਧਾਰਾਵਾਂ' ਨੇ ਨੌਕਰੀ ਦੇ ਬਾਜ਼ਾਰ ਵਿੱਚ ਹੁਨਰਮੰਦ ਅਤੇ ਤਜਰਬੇਕਾਰ ਕਰਮਚਾਰੀਆਂ ਲਈ ਮੌਕੇ ਘਟਾ ਦਿੱਤੇ ਹਨ। ਲੋਕਾਂ ਦੀਆਂ ਤਨਖ਼ਾਹਾਂ ਵੀ ਨਹੀਂ ਵਧ ਰਹੀਆਂ ਅਤੇ ਕੰਪਨੀਆਂ ਘੱਟ ਤਨਖ਼ਾਹ 'ਤੇ ਜ਼ਿਆਦਾ ਕੰਮ ਕਰਵਾਉਣ 'ਚ ਕਾਮਯਾਬ ਹੋ ਰਹੀਆਂ ਹਨ। ਇਹ ਕਿਸੇ ਵਿਸ਼ੇਸ਼ ਖੇਤਰ ਦੀ ਹਾਲਤ ਨਹੀਂ ਹੈ, ਸਗੋਂ ਫੂਡ ਕੰਪਨੀਆਂ ਤੋਂ ਲੈ ਕੇ ਤਕਨੀਕੀ ਕੰਪਨੀਆਂ ਤੱਕ ਮੁਲਾਜ਼ਮਾਂ ਦੀ ਨਿਯੁਕਤੀ ਸਮੇਂ ‘ਨੌਨ ਕੰਪੀਟ ਕਲਾਜ਼’ ਨਾਲ ਸਮਝੌਤੇ ਕਰ ਰਹੀਆਂ ਹਨ।ਸਭ ਤੋਂ ਪਹਿਲਾਂ, ਸਾਲ 2014 ਵਿੱਚ, ਸੈਂਡਵਿਚ ਚੇਨ ਜਿੰਮੀ ਜੌਨਜ਼ ਨੇ ਆਪਣੇ ਕਰਮਚਾਰੀਆਂ ਨਾਲ 'ਨਾਨ ਕੰਪੀਟ ਕਲਾਜ਼' ਸਮਝੌਤਾ ਕੀਤਾ ਸੀ। ਇਸ ਵਿੱਚ ਕਰਮਚਾਰੀ ਜਿੱਥੇ ਕੰਮ ਕਰ ਰਿਹਾ ਹੈ ਉਸ ਤੋਂ 5 ਕਿਲੋਮੀਟਰ ਦੇ ਅੰਦਰ ਕਿਸੇ ਵੀ ਸੈਂਡਵਿਚ ਬਣਾਉਣ ਵਾਲੀ ਦੁਕਾਨ ਜਾਂ ਹੋਟਲ ਚੇਨ ਵਿੱਚ ਨੌਕਰੀ ਨਹੀਂ ਮਿਲ ਸਕਦੀ ਸੀ। ਜਦੋਂ ਇਹ ਗੱਲ ਆਮ ਹੋਣ ਲੱਗੀ ਤਾਂ ਕੰਪਨੀ ਨੇ ਇਹ ਠੇਕਾ ਬੰਦ ਕਰ ਦਿੱਤਾ।

ਅਮਰੀਕਾ ਵਿੱਚ ‘ਇਹਨਾਂ ਧਾਰਾਵਾਂ’ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਵੱਖ-ਵੱਖ ਰਾਜਾਂ ਦੇ ਵੱਖ-ਵੱਖ ਕਾਨੂੰਨ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਧਾਰਾਵਾਂ ਗੈਰ-ਕਾਨੂੰਨੀ ਨਹੀਂ ਹਨ। ਪਰ ਕੈਲੀਫੋਰਨੀਆ ਰਾਜ ਨੇ ਅਜਿਹੀਆਂ ਧਾਰਾਵਾਂ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਪਾਬੰਦੀ ਲਗਾ ਦਿੱਤੀ ਹੈ। ਵਾਸ਼ਿੰਗਟਨ ਰਾਜ ਨੇ  ਸਿਰਫ ਉੱਚ-ਤਨਖ਼ਾਹ ਵਾਲੇ ਕਰਮਚਾਰੀਆਂ ਨਾਲ ਇਹ ਨਾਨ-ਕਪੀਟ ਕਲਾਜ਼ ਕਰਾਰ ਸਹੀ ਠਹਿਰਾਇਆ ਹੈ। ਐਮਾਜ਼ਾਨ ਅਤੇ ਮੈਟਾ ਵਰਗੀਆਂ ਵੱਡੀਆਂ ਕੰਪਨੀਆਂ ਵੀ ਵਾਸ਼ਿੰਗਟਨ ਵਿੱਚ ਸਥਿਤ ਹਨ।