ਅਮਰੀਕਾ ਵਿਚ ਪੁਲਿਸ ਦੀ ਕਾਰ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ,ਹੋਈ ਮੌਤ

ਅਮਰੀਕਾ ਵਿਚ ਪੁਲਿਸ ਦੀ ਕਾਰ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ,ਹੋਈ ਮੌਤ
ਕੈਪਸ਼ਨ: ਜਾਹਨਵੀ ਕੰਡੂਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸਿਆਟਲ (ਵਾਸ਼ਿੰਗਟਨ) ਵਿਚ ਪੁਲਿਸ ਦੀ ਕਾਰ ਵੱਲੋਂ ਭਾਰਤੀ ਵਿਦਿਆਰਥਣ ਨੂੰ ਜਬਰਦਸਤ ਟੱਕਰ ਮਾਰੀ ਗਈ ਜਿਸ  ਉਪਰੰਤ ਉਸ ਦੀ ਮੌਤ ਹੋ ਗਈ। 23 ਸਾਲਾ ਵਿਦਿਆਰਥਣ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੀ ਰਹਿਣ ਵਾਲੀ ਸੀ। ਵਿਦਿਆਰਥਣ ਦੀ ਪਛਾਣ ਜਾਹਨਵੀ ਕੰਡੂਲਾ ਵਜੋਂ ਹੋਈ ਹੈ ਜੋ ਸਾਊਥ ਲੇਕ ਯੁਨੀਅਨ ਵਿਚ ਯੁਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ। ਜਿਸ ਸਮੇ ਹਾਦਸਾ ਹੋਇਆ ਉਹ ਡੈਕਸਟਰ ਐਵਨਿਊ ਨਾਰਥ ਤੇ ਥਾਮਸ ਸਟਰੀਟ ਨੇੜੇ ਸੈਰ ਕਰ ਰਹੀ ਸੀ। ਪੁਲਿਸ ਨੇ ਉਸ ਨੂੰ ਹਾਰਬੋਰ ਵਿਊ ਮੈਡੀਕਲ ਸੈਂਟਰ ਵਿਖੇ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਜਿਥੇ ਉਹ ਕੁਝ ਦੇਰ ਬਾਅਦ ਦਮ ਤੋੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 8 ਵਜੇ ਦੇ ਕਰੀਬ ਪੁਲਿਸ ਅਫਸਰ ਸਿਆਟਲ ਫਾਇਰ ਡਿਪਾਰਟਮੈਂਟ  ਦੀ ਬੇਨਤੀ 'ਤੇ ਐਸ ਯੂ ਵੀ ਗਸ਼ਤੀ ਗੱਡੀ ਲੈ ਕੇ ਜਾ  ਰਿਹਾ ਸੀ ਕਿ ਰਸਤੇ ਵਿਚ ਹਾਦਸਾ ਵਾਪਰਾ ਗਿਆ। ਪੁਲਿਸ ਨੇ ਜਾਰੀ ਬਿਆਨ ਵਿਚ ਅਫਸਰ ਦਾ ਨਾਂ ਨਹੀਂ ਦਸਿਆ ਹੈ ਤੇ ਕੇਵਲ ਏਨਾ ਹੀ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਇਹ ਵਿਸ਼ਵਾਸ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੈ ਕਿ ਅਫਸਰ ਨੇ ਜਾਣ ਬੁਝ ਕੇ ਹਾਦਸਾ ਨਹੀਂ ਕੀਤਾ। ਸਿਆਟਲ ਪੁਲਿਸ ਵਿਭਾਗ ਦੇ ਬੁਲਾਰੇ ਡੀਟੈਕਟਿਵ ਵਾਲੇਰੀ ਕਾਰਸਨ ਨੇ ਕਿਹਾ ਹੈ ਕਿ ਕੰਡੂਲਾ ਦੀ ਮੌਤ ਦੀ ਜਾਂਚ ਨਹੀਂ ਹੋਵੇਗੀ ਤੇ ਸਬੰਧਤ ਅਫਸਰ ਨੂੰ ਛੁੱਟੀ ਉਪਰ ਨਹੀਂ ਭੇਜਿਆ ਜਾਵੇਗਾ। ਕੰਡੂਲਾ ਦੀ ਮਾਂ ਅਡੋਨੀ (ਆਂਧਰਾ ਪ੍ਰਦੇਸ਼) ਵਿਚ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਹੈ। ਕੰਡੂਲਾ ਦੀ ਇਸ ਸਾਲ ਦਸੰਬਰ ਵਿਚ ਇਨਫਰਮੇਸ਼ਨ ਸਿਸਟਮ ਵਿਚ ਮਾਸਟਰ ਡਿਗਰੀ ਮੁਕੰਮਲ ਹੋਣੀ ਸੀ।