ਅਮਰੀਕਾ ਦੀ ਇਕ ਅਦਾਲਤ ਨੇ ਨਫਰਤੀ ਅਪਰਾਧ ਦਾ ਸ਼ਿਕਾਰ ਹੋਏ ਸਿੱਖ ਦੇ ਹੱਕ ਵਿਚ ਦਿੱਤਾ ਫੈਸਲਾ, ਮਾਮਲੇ ਦੀ ਹੋਵੇਗੀ ਜਾਂਚ

ਅਮਰੀਕਾ ਦੀ ਇਕ ਅਦਾਲਤ ਨੇ ਨਫਰਤੀ ਅਪਰਾਧ ਦਾ ਸ਼ਿਕਾਰ ਹੋਏ ਸਿੱਖ ਦੇ ਹੱਕ ਵਿਚ ਦਿੱਤਾ ਫੈਸਲਾ, ਮਾਮਲੇ ਦੀ ਹੋਵੇਗੀ ਜਾਂਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਅਮਰੀਕੀ ਅਦਾਲਤ ਨੇ 2021 ਵਿਚ ਨਫਰਤੀ ਅਪਰਾਧ ਦਾ ਸ਼ਿਕਾਰ ਬਣੇ 66 ਸਾਲਾ ਬਜ਼ੁਰਗ ਸਿੱਖ ਰੂਬਲ ਕਲੇਰ ਦੇ ਹੱਕ ਵਿਚ ਫੈਸਲਾ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਘਟਨਾ 11 ਮਈ 2021 ਦੀ ਹੈ ਜਦੋਂ ਸਾਊਥ ਬੂਟੇ ਮਾਰਕਿਟ ਵਿਚ ਇਕ ਸਟੋਰ ਵਿੱਚ ਇਕ ਔਰਤ ਨੇ ਕਲੇਰ ਉਪਰ ਨਸਲੀ ਭੱਦੀਆਂ ਟਿਪਣੀਆਂ ਕੀਤੀਆਂ ਤੇ ਉਸ  ਨੂੰ ਕਾਰ ਹੇਠ ਦਰੜ ਦੇਣ ਦੀ  ਧਮਕੀ ਦਿੱਤੀ। ਬਾਅਦ ਵਿਚ ਕਲੇਰ ਦੇ ਘਰ ਦੇ ਬਾਹਰ ਇਤਰਾਜ਼ਯੋਗ ਟਿਪਣੀਆਂ ਚਾਕ ਨਾਲ ਲਿੱਖੀਆਂ ਮਿਲੀਆਂ। ਸਿੱਖ ਕੁਲੀਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਵਿਚ ਨਾਕਾਮ ਰਹੀ। ਇਥੋਂ ਤੱਕ ਕੇ ਅਫਸਰਾਂ ਨੇ ਸਬੂਤਾਂ ਨਾਲ ਛੇੜਛਾੜ ਵੀ ਕੀਤੀ ਤੇ ਕਲੇਰ ਦੇ ਘਰ ਦੇ ਬਾਹਰ ਲਿੱਖੀਆਂ ਨਸਲੀ ਟਿਪਣੀਆਂ ਤਸਵੀਰਾਂ ਲੈਣ ਤੋਂ ਪਹਿਲਾਂ ਹੀ ਮਿਟਾ ਦਿੱਤੀਆਂ। ਕਲੇਰ ਨੇ ਸੂਟਰ ਕਾਊਂਟੀ ਸ਼ੈਰਿਫ ਦਫਤਰ ਦੇ ਡਿਪਟੀਆਂ, ਸੂਟਰ ਕਾਊਂਟੀ ਤੇ ਔਰਤ ਵਿਰੁੱਧ 41 ਸਫਿਆਂ 'ਤੇ ਅਧਾਰਤ ਸਿਵਲ ਪਟੀਸ਼ਨ ਅਦਾਲਤ ਵਿਚ ਦਾਇਰ ਕੀਤੀ ਜਿਸ ਵਿਚ ਦੋੋਸ਼ ਲਾਇਆ ਕਿ ਉਸ ਵਿਰੁੱਧ ਹੋਏ ਨਸਲੀ ਅਪਰਾਧ ਦੀ ਉਚਿੱਤ ਜਾਂਚ ਨਹੀਂ ਹੋਈ। ਸਿੱਖ ਕੁਲੀਸ਼ਨ ਨੇ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਨਾ ਕੇਵਲ ਕਲੇਰ ਬਲਕਿ ਸਮੁੱਚੇ ਸਿੱਖ ਭਾਈਚਾਰੇ ਲਈ ਵੱਡੀ ਅਹਿਮੀਅਤ ਰਖਦਾ ਹੈ। ਕੁਲੀਸ਼ਨ ਨੇ ਸੂਟਰ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਫਤਰ ਨੂੰ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਜਾਣ।