ਅਲਾਸਕਾ ਵਿਚ ਰਿੱਛ ਦੇ ਹਮਲੇ ਵਿੱਚ ਮਾਂ -ਪੁੱਤ ਦੀ ਮੌਤ, ਰਿੱਛ ਨੂੰ ਮਾਰੀ ਗੋਲੀ

ਅਲਾਸਕਾ ਵਿਚ ਰਿੱਛ ਦੇ ਹਮਲੇ ਵਿੱਚ ਮਾਂ -ਪੁੱਤ ਦੀ ਮੌਤ, ਰਿੱਛ ਨੂੰ ਮਾਰੀ ਗੋਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) - ਅਲਾਸਕਾ ਵਿਚ ਦੂਰ ਦਰਾਜ ਦੇ ਕਸਬੇ ਵੇਲਸ ਵਿਚ ਇਕ ਰਿੱਛ ਨੇ ਹਮਲਾ ਕਰਕੇ ਇਕ ਔਰਤ ਤੇ ਉਸ ਦੇ ਬੱਚੇ ਨੂੰ ਮਾਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ 24 ਸਾਲਾ ਸਮਰ ਮਾਈਓਮਿਕ ਤੇ ਉਸ ਦੇ ਇਕ ਸਾਲ ਦੇ ਪੁੱਤਰ ਕਲਾਈਡ ਆਂਗਟੋਵਸਰਕ ਵਜੋਂ ਹੋਈ ਹੈ। ਰਾਜ ਦੀ ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਿੱਛ ਨੇ ਪੱਛਮੀ ਅਲਾਸਕਾ ਦੇ ਕਸਬੇ ਵੇਲਸ ਵਿਚ ਦਾਖਲ ਹੋਣ ਉਪਰੰਤ ਮਾਂ ਤੇ ਉਸ ਦੇ ਕੁੱਛੜ ਚੁੱਕੇ ਬੱਚੇ ਦਾ ਪਿੱਛਾ ਕਰਕੇ ਉਨਾਂ ਉਪਰ ਹਮਲਾ ਕਰ ਦਿੱਤਾ। ਹਾਲਾਂ ਕਿ ਹਮਲੇ ਉਪਰੰਤ ਇਕ ਸਥਾਨਕ ਵਾਸੀ ਨੇ ਗੋਲੀ ਮਾਰ ਕੇ ਰਿੱਛ ਨੂੰ ਵੀ ਮਾਰ ਦਿੱਤਾ ਪਰੰਤੂ ਰਿੱਛ ਦੇ ਹਮਲੇ ਵਿਚ ਗੰਭੀਰ ਜਖਮੀ ਹੋਏ ਮਾਂ-ਪੁੱਤ ਵੀ ਦਮ ਤੋੜ ਗਏ। ਅਲਾਸਕਾ ਦੇ ਜਨਤਿਕ ਸੁਰੱਖਿਆ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਆਸਟਿਨ ਮੈਕਡੈਨੀਅਲ ਨੇ ਕਿਹਾ ਹੈ ਕਿ ਖਰਾਬ ਮੌਸਮ ਕਾਰਨ ਪੁਲਿਸ ਅਧਿਕਾਰੀ ਮੌਕੇ ਉਪਰ ਨਹੀਂ ਪੁੱਜ ਸਕੇ। ਵੇਲਸ ਇਕ ਬਹੁਤ ਹੀ ਛੋਟਾ ਜਿਹਾ ਕਸਬਾ ਹੈ ਜਿਸ ਦੀ ਆਬਾਦੀ 200 ਤੋਂ ਵੀ ਘੱਟ ਹੈ।