ਵਿਆਹ ਦੀ ਵਰੇ ਗੰਢ ਮਨਾਉਣ ਮੈਕਸੀਕੋ ਗਏ ਕੈਲੀਫੋਰਨੀਆ ਦੇ ਵਕੀਲ ਦੀ ਭੇਦਭਰੀ ਮੌਤ, ਸੰਭਾਵੀ ਹੱਤਿਆ ਦਾ ਸ਼ੱਕ

ਵਿਆਹ ਦੀ ਵਰੇ ਗੰਢ ਮਨਾਉਣ ਮੈਕਸੀਕੋ ਗਏ ਕੈਲੀਫੋਰਨੀਆ ਦੇ ਵਕੀਲ ਦੀ ਭੇਦਭਰੀ ਮੌਤ, ਸੰਭਾਵੀ ਹੱਤਿਆ ਦਾ ਸ਼ੱਕ
ਕੈਪਸ਼ਨ: 33 ਸਾਲਾ ਈਲੀਆਟ ਬਲੇਅਰ ਆਪਣੀ ਪਤਨੀ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਔਰੇਂਜ ਕਾਊਂਟੀ, ਕੈਲੀਫੋਰਨੀਆ ਵਿਚ ਡਿਪਟੀ ਪਬਲਿਕ ਡਿਫੈਂਡਰ ਵਜੋਂ ਕੰਮ ਕਰਦੇ 33 ਸਾਲਾ ਈਲੀਆਟ ਬਲੇਅਰ ਜੋ ਆਪਣੀ ਪਤਨੀ ਨਾਲ ਮੈਕਸੀਕੋ ਵਿਚ ਆਪਣੇ ਵਿਆਹ ਦੀ ਪਹਿਲੀ ਵਰੇ ਗੰਢ ਮਨਾਉਣ ਗਿਆ ਸੀ,ਦੀ ਭੇਦਭਰੀ ਮੌਤ ਹੋ ਗਈ ਹੈ। ਵਕੀਲ ਦੇ ਪਰਿਵਾਰ ਨੇ ਹੱਤਿਆ ਦਾ ਸ਼ੱਕ ਪ੍ਰਗਟਾਇਆ ਹੈ। ਇਕ ਅਧਿਕਾਰੀ ਨੇ ਕਿਹਾ ਹੈ ਕਿ ਮਾਮਲੇ ਦੀ ਸੰਭਾਵੀ ਹੱੱਤਿਆ ਦੇ ਨਜ਼ਰੀਏ ਤੋਂ ਜਾਂਚ ਹੋਵੇਗੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਵਕੀਲ ਦੀ ਮੌਤ ਸਿਰ ਵਿਚ ਡੂੰਘੀ ਸੱਟ ਵੱਜਣ ਕਾਰਨ ਹੋਈ ਹੈ। ਬਲੇਅਰ ਸੈਨ ਡਇਏਗੋ ਦੇ ਦੱਖਣ ਵਿਚ ਰੋਸਰੀਟੋ ਬੀਚ 'ਤੇ ਲਾਸ ਰੋਕਸ ਰਿਜ਼ਾਰਟ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਸੀ ਜਿਥੇ ਉਹ ਤੇ ਉਸ ਦੀ ਪਤਨੀ ਕਿਮ ਠਹਿਰੇ ਹੋਏ ਸਨ। ਇਸੇ ਦੌਰਾਨ ਕੈਲੀਫੋਰਨੀਆ ਅਟਾਰਨੀ ਜਨਰਲ ਦੇ ਦਫਤਰ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਵਕੀਲ ਦੀ ਮੌਤ ਤੀਸਰੀ ਮੰਜਿਲ ਤੋਂ ਅਚਾਨਕ ਡਿੱਗਣ ਕਾਰਨ ਹੋਈ ਹੈ।