ਅਮਰੀਕਾ ਦੇ ਨਿਊਯਾਰਕ ਤੇ 5 ਹੋਰ ਰਾਜਾਂ ਵਿਚ ਤੂਫਾਨ ਨੇ ਮਚਾਈ ਭਾਰੀ ਤਬਾਹੀ , 45 ਮੌਤਾਂ 

ਅਮਰੀਕਾ ਦੇ ਨਿਊਯਾਰਕ ਤੇ 5 ਹੋਰ ਰਾਜਾਂ ਵਿਚ ਤੂਫਾਨ ਨੇ ਮਚਾਈ ਭਾਰੀ ਤਬਾਹੀ , 45 ਮੌਤਾਂ 
ਕੈਪਸ਼ਨ : ਨਿਊਯਾਰਕ ਦੀ ਇਕ ਸੜਕ 'ਤੇ ਖੜਾ ਹੜ ਦਾ ਪਾਣੀ

* ਸੜਕਾਂ ਬਣੀਆਂ ਦਰਿਆ ਤੇ ਇਮਰਾਤਾਂ ਆਈਆਂ ਪਾਣੀ ਦੀ ਮਾਰ ਹੇਠ , ਸੈਂਕੜੇ ਉਡਾਨਾਂ ਤੇ ਗੱਡੀਆਂ ਰੱਦ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਨਿਊਯਾਰਕ ਤੇ ਨਿਊਜਰਸੀ ਸਮੇਤ ਅਮਰੀਕਾ ਦੇ 6 ਰਾਜਾਂ ਵਿਚ ਲਿਡਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਤੇਜ ਪੈ ਰਹੀ ਬਾਰਿਸ਼ ਨੇ ਹਾਲਾਤ ਹੋਰ ਮੁਸ਼ਿਕਲ ਬਣਾ ਦਿੱਤੇ ਹਨ। ਜਿਨਾਂ 4 ਹੋਰ  ਰਾਜਾਂ ਵਿਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਉਨਾਂ ਵਿਚ ਪੈਨਸਿਲਵੇਨੀਆ,ਮੈਰੀਲੈਂਡ, ਕੋਨੈਕਟੀਕਟ ਤੇ ਵਰਜੀਨੀਆ ਸ਼ਾਮਿਲ ਹਨ। ਤੂਫਾਨ ਦੀ ਲਪੇਟ ਵਿਚ ਆਉਣ ਨਾਲ ਪਿਛਲੇ ਦੋ ਦਿਨਾਂ ਦੌਰਾਨ 45 ਵਿਅਕਤੀ ਮਾਰੇ ਜਾ ਚੁੱਕੇ ਹਨ। ਸਭ ਤੋਂ ਵਧ ਮੌਤਾਂ ਨਿਊਜਰਸੀ ਵਿਚ ਹੋਈਆਂ ਜਿਥੇ 23 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ਵਿਚ 15, ਪੈਨਸਿਲਵੇਨੀਆ ਵਿਚ 5, ਮੈਰੀਲੈਂਡ ਤੇ ਕੋਨੈਕਟੀਕਟ ਵਿਚ 1-1 ਵਿਅਕਤੀ ਤੂਫਾਨ ਦੀ ਮਾਰ ਹੇਠ ਆ ਕੇ ਮਾਰਿਆ ਗਿਆ ਹੈ। ਨਿਊਯਾਰਕ ਦੇ ਹੇਠਲੇ ਖੇਤਰ ਦੀਆਂ ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਤੇ ਇਮਾਰਤਾਂ ਦੇ ਤਹਿਖਾਨਿਆਂ ਵਿਚ ਪਾਣੀ ਭਰਨ ਦੇ ਨਾਲ -ਨਾਲ ਪਹਿਲੀ ਮੰਜਿਲ ਵੀ ਹੜ ਦੇ ਪਾਣੀ ਦੀ ਮਾਰ ਹੇਠ ਆ ਗਈ। ਨਿਊਯਾਰਕ ਦੇ ਮੌਸਮ ਸੇਵਾ ਦਫਤਰ ਨੇ ਹੰਗਾਮੀ ਸਥਿੱਤੀ ਦਾ ਐਲਾਨ ਕਰ ਦਿੱਤਾ ਹੈ। ਹੰਗਾਮੀ ਸਥਿੱਤੀ ਉਸ ਵੇਲੇ ਐਲਾਨੀ ਜਾਂਦੀ ਹੈ ਜਦੋਂ ਮਨੁੱਖੀ ਜੀਵਨ ਨੂੰ ਗੰਭੀਰ ਖਤਰਾ ਪੈਦਾ ਹੋ ਜਾਵੇ ਤੇ ਭਾਰੀ ਤਬਾਹੀ ਦੀ ਸੰਭਾਵਨਾ ਹੋਵੇ। ਸੈਂਕੜੇ ਹਵਾਈ ਉਡਾਨਾਂ ਤੇ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।


 ਲੰਘੇ ਐਤਵਾਰ ਲੋਇਸਿਆਨਾ ਵਿਚ ਤੂਫਾਨ ਨੇ ਰਫਤਾਰ ਫੜ ਲਈ ਸੀ ਤੇ 150 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਲੁਇਸਿਆਨਾ, ਮਿਸੀਸਿਪੀ ਤੇ ਅਲਾਬਾਮਾ ਵਿਚ 9 ਮੌਤਾਂ ਹੜ ਤੇ ਕਾਰਬਨ ਮੋਨੋਆਕਸਾਈਡ ਗੈਸ ਚੜਨ ਨਾਲ ਹੋਈਆਂ ਹਨ। ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜ ਵਿਚ ਤੂਫਾਨ ਨਾਲ 23 ਮੌਤਾਂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਆਦਾਤਰ ਮੌਤਾਂ ਉਨਾਂ ਲੋਕਾਂ ਦੀਆਂ ਹੋਈਆਂ ਹਨ ਜੋ ਆਪਣੇ ਵਾਹਣਾਂ ਵਿਚ ਫੱਸ ਗਏ ਤੇ ਹੜ ਦਾ ਪਾਣੀ ਉਨਾਂ ਨੂੰ ਵਹਾਅ ਕੇ ਲੈ ਗਿਆ ਜਾਂ ਵਾਹਣ ਉਲਟ ਗਏ। ਮਰਫੀ ਨੇ ਪੀੜਤ ਪਰਿਵਾਰਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਤੇ ਆਸ ਪ੍ਰਗਟਾਈ ਕਿ ਹੋਰ ਜਾਨੀ ਨੁਕਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਸੜਕ ਰਸਤੇ ਸਫਰ ਕਰਨ ਤੋਂ ਗੁਰੇਜ ਕਰਨ ਕਿਉਂਕਿ ਅਜੇ ਤੂਫਾਨ ਖਤਮ ਨਹੀਂ ਹੋਇਆ ਹੈ। ਗਵਰਨਰ ਦੇ ਨਾਲ ਮੌਜੂਦ ਨਿਊਜਰਸੀ ਦੇ ਪ੍ਰਤੀਨਿੱਧ ਟਾਮ ਮਾਲਿਨੋਵਸਕੀ ਨੇ ਕਿਹਾ ਕਿ ਇਹ ਤਬਾਹੀ ਸਾਡੇ ਲਈ ਜਾਗ ਜਾਣ ਦਾ ਸੱਦਾ ਹੈ। ਉਨਾਂ ਕਿਹਾ ਕਿ '' ਜੇਕਰ ਕੋਈ ਸੋਚਦਾ ਹੈ ਕਿ ਵਾਤਾਵਰਣ ਤਬਦੀਲੀ ਨੂੰ ਰੋਕਣ ਉਪਰ ਬਹੁਤ ਖਰਚ ਹੋਵੇਗਾ ਤਾਂ ਉਸ ਦੀਆਂ ਅੱਖਾਂ ਖੁਲ ਜਾਣੀਆਂ ਚਾਹੀਦੀਆਂ ਹਨ। ਅਸੀਂ ਅਜਿਹੀਆਂ ਤਬਾਹੀਆਂ ਨਹੀਂ ਝਲ ਸਕਦੇ।''