ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ

ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 30 ਦਸੰਬਰ (ਹੁਸਨ ਲੜੋਆ ਬੰਗਾ)  ਹਾਲ ਹੀ ਵਿਚ ਟੈਕਸਾਸ ਦੀ ਸਰਹੱਦ ਉਪਰਲੀ ਕੰਧ ਟੱਪ ਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇਕ ਭਾਰਤੀ ਦੀ ਹੋਈ ਮੌਤ ਨੇ ਇਕ ਵਾਰ ਫਿਰ ਗੈਰ ਕਾਨੂੰਨੀ ਪ੍ਰਵਾਸ ਦੇ ਮੁੱਦੇ ਉਪਰ ਚਰਚਾ ਛੇੜ ਦਿੱਤੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਮੈਕਸੀਕੋ ਸਰਹੱਦ  ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਇਸ ਸਾਲ ਅਕਤੂਬਰ ਤੇ ਨਵੰਬਰ ਵਿਚ ਯੂ ਐਸ ਬਾਰਡਰ ਗਸ਼ਤੀ ਦਲਾਂ ਨੇ 4297 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਦ ਕਿ 2021 ਦੇ ਇਨ੍ਹਾਂ ਦੋ ਮਹੀਨਿਆਂ ਦੌਰਾਨ 1426 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਸਰਕਾਰ ਦੇ ਅੰਕੜਿਆਂ ਅਨੁਸਾਰ ਸਤੰਬਰ ਵਿਚ ਖਤਮ ਹੋਏ ਵਿੱਤੀ ਸਾਲ ਦੌਰਾਨ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ 16236 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਮੁੱਚੇ ਤੌਰ 'ਤੇੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਹੱਦ ਤੇ ਹੋਰ ਥਾਵਾਂ 'ਤੇ ਗ੍ਰਿਫਤਾਰ ਕੀਤੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਡੈਟਾ ਅਨੁਸਾਰ 2021-22 ਵਿੱਤੀ ਸਾਲ ਦੌਰਾਨ 63927 ਭਾਰਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਦ ਕਿ ਪਿਛਲੇ ਸਾਲ ਦੌਰਾਨ ਗ੍ਰਿਫਤਾਰ ਕੀਤੇ ਭਾਰਤੀਆਂ ਦੀ ਗਿਣਤੀ 30662 ਸੀ। ਪਿਛਲੇ ਦੋ ਮਹੀਨਿਆਂ ਦੌਰਾਨ 13655 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਜਦ ਕਿ 2021 ਦੇ ਇਨ੍ਹਾਂ ਹੀ ਦੋ ਮਹੀਨਿਆਂ ਦੌਰਾਨ 6865 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 2019-20 ਵਿੱਤੀ ਸਾਲ ਦੌਰਾਨ ਗ੍ਰਿਫਤਾਰ ਕੀਤੇ ਭਾਰਤੀਆਂ ਦੀ ਗਿਣਤੀ ਕੇਵਲ 19883 ਸੀ। ਕੁਝ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੋਅ ਬਾਈਡਨ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਭਾਰਤੀਆਂ ਦੇ ਗੈਰ ਕਾਨੂੰਨੀ ਪ੍ਰਵਾਸ ਦੀਆਂ ਕੋਸ਼ਿਸ਼ਾਂ ਵਿਚ ਵਾਧਾ ਹੋਇਆ ਹੈ। ਇਮੀਗ੍ਰੇਸ਼ਨ ਅਦਾਲਤਾਂ ਵਿਚ ਨਵੰਬਰ 2022 ਤੱਕ 34230 ਭਾਰਤੀਆਂ ਵੱਲੋਂ ਸ਼ਰਨ ਲੈਣ ਦੇ ਮਾਮਲੇ ਸੁਣਵਾਈ ਅਧੀਨ ਹਨ। ਇਨ੍ਹਾਂ ਭਾਰਤੀਆਂ ਵਿਚ ਸਭ ਤੋਂ ਵਧ ਗਿਣਤੀ ਪੰਜਾਬੀ ਬੋਲਣ ਵਾਲੇ ਲੋਕਾਂ ਦੀ 21961 ਹੈ ਜਦ ਕਿ ਦੂਸਰੇ ਨਬੰਰ 'ਤੇ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ 6770 ਹੈ। ਬੰਗਾਲੀ ਤੀਸਰੇ ਸਥਾਨ 'ਤੇ ਹਨ ਜ੍ਹਿਨ੍ਹਾਂ ਦੀ ਗਿਣਤੀ 6315 ਹੈ। ਅਮਰੀਕਾ ਵੱਲੋਂ 2017-18 ਵਿਚ 1302, 2018-19 ਵਿਚ 2256 ਤੇ 2019-20 ਵਿਚ ਕੇਵਲ 1337 ਭਾਰਤੀਆਂ ਨੂੰ ਸ਼ਰਨ ਦਿੱਤੀ ਗਈ।