ਅਮਰੀਕਾ ਦੇ ਹਵਾਈ ਟਾਪੂ 'ਤੇ ਲੱਗੀ ਅੱਗ ਵਿੱਚ ਸੜਨ ਨਾਲ ਮੌਤਾਂ ਦੀ ਗਿਣਤੀ ਵਧ ਕੇ 53 ਹੋਈ, ਮੌਤਾਂ ਵਧਣ ਦਾ ਖਦਸ਼ਾ -ਗਵਰਨਰ

ਅਮਰੀਕਾ ਦੇ ਹਵਾਈ ਟਾਪੂ 'ਤੇ ਲੱਗੀ  ਅੱਗ ਵਿੱਚ ਸੜਨ ਨਾਲ ਮੌਤਾਂ ਦੀ ਗਿਣਤੀ ਵਧ ਕੇ 53 ਹੋਈ, ਮੌਤਾਂ ਵਧਣ ਦਾ ਖਦਸ਼ਾ -ਗਵਰਨਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਹਵਾਈ ਟਾਪੂ ਦੇ ਦੂਸਰੇ ਵੱਡੇ ਸ਼ਹਿਰ ਮਾਊਈ ਵਿਚ ਜੰਗਲ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਸਰਕਾਰੀ ਤੌਰ 'ਤੇ 53 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੌਤਾਂ ਵਧਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਗਵਰਨਰ ਜੋਸ਼ ਗਰੀਨ ਨੇ ਕਿਹਾ ਹੈ ਕਿ 1959 ਵਿਚ ਹਵਾਈ ਦੇ ਸੂਬਾ ਬਣਨ ਤੋਂ ਬਾਅਦ ਮਾਊਈ ਵਿਚ ਲੱਗੀ ਅੱਗ ਸਭ ਤੋਂ ਵਧ ਭਿਆਨਕ ਤੇ ਖਤਰਨਾਕ ਹੈ। ਉਨਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਇਤਿਹਾਸਕ ਕਸਬੇ ਲਾਹੈਨਾ ਸਮੇਤ ਤੱਟੀ ਵੱਸੋਂ ਵੱਡੀ ਪੱਧਰ ਉਪਰ ਪ੍ਰਭਾਵਿਤ ਹੋਈ ਹੈ। ਗਵਰਨਰ ਨੇ 1960 ਵਿਚ ਆਈ ਸੁਨਾਮੀ ਦਾ ਹਵਾਲਾ ਦਿੱਤਾ ਜਿਸ ਨੇ ਇਸ ਵੱਡੇ ਟਾਪੂ ਨੂੰ ਨਿਸ਼ਾਨਾ ਬਣਾਇਆ ਸੀ ਤੇ ਉਸ ਸਮੇ 61 ਮੌਤਾਂ ਹੋਈਆਂ ਸਨ। ਉਨਾਂ ਕਿਹਾ ਕਿ ਮੈਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜਿਆਦਾ ਹੋ ਸਕਦੀ ਹੈ। ਉਨਾਂ ਕਿਹਾ ਕਿ 1700 ਤੋਂ ਵਧ ਇਮਾਰਾਤ ਸੜ ਕੇ ਸਵਾਹ ਹੋ ਗਈਆਂ ਹਨ । ਗਵਰਨਰ ਨੇ ਕਿਹਾ ਕਿ ਹੁਣ ਲੱਗਦਾ ਹੈ ਕਿ ਅੱਗ ਉਪਰ ਕਾਬੂ ਪਾ ਲਿਆ ਗਿਆ ਹੈ ਪਰੰਤੂ ਲਾਹੈਨਾ ਤੇ ਨਾਲ ਲੱਗਦੇ ਖੇਤਰਾਂ ਵਿਚ ਅੱਗ ਅਜੇ ਵੀ ਲੱਗੀ ਹੋਈ ਹੈ। ਗਵਰਨਰ ਨੇ ਕਿਹਾ ਕਿ ਲਾਹੈਨਾ ਦਾ ਸ਼ਾਇਦ ਹੀ ਕੋਈ ਹਿੱਸਾ ਹੀ ਸੜਣ ਤੋਂ ਬਚਿਆ ਹੋਵੇ। ਮਾਊਈ ਕਾਊਂਟੀ ਵਿਚ ਲੱਗੀਆਂ 3 ਥਾਵਾਂ 'ਤੇ ਅੱਗਾਂ ਵਿਚੋਂ ਟਾਪੂ ਦੇ ਪੱਛਮੀ ਹਿੱਸੇ ਲਾਹੈਨਾ ਵਿਚਲੀ ਅੱਗ ਉਪਰ 80% ਤੱਕ ਕਾਬੂ ਪਾ ਲਿਆ ਗਿਆ ਹੈ ਜਦ ਕਿ ਕੇਂਦਰੀ ਮਾਊਈ ਵਿਚ ਪੂਲੇਹੂ ਵਿਚ 70% ਅੱਗ ਬੁਝਾ ਲਈ ਗਈ ਹੈ। ਪਹਾੜੀ ਅਪਕਾਊਂਟੀ ਖੇਤਰ ਵਿਚ ਲੱਗੀ ਅੱਗ ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਰਾਸ਼ਟਪਤੀ ਜੋ ਬਾਈਡਨ ਪਹਿਲਾਂ ਹੀ ਹਵਾਈ ਅੱਗ ਨੂੰ ਪ੍ਰਮੁੱਖ ਦੁਖਾਂਤ ਐਲਾਨ ਕਰ ਚੁੱਕੇ ਹਨ।