ਵਾਸ਼ਿੰਗਟਨ ਵਿਚ ਗੁਰਦੁਆਰਾ ਸਾਹਿਬ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਭੰਨਤੋੜ

ਵਾਸ਼ਿੰਗਟਨ ਵਿਚ ਗੁਰਦੁਆਰਾ ਸਾਹਿਬ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਭੰਨਤੋੜ
ਕੈਪਸ਼ਨ : ਵਾਸ਼ਿੰਗਟਨ ਰਾਜ ਵਿਚ ਸਿਆਟਲ ਵਿਖੇ ਗੁਰੂ ਘਰ ਦੇ ਅੰਦਰ ਸ਼ੱਕੀ ਵਿਅਕਤੀ ਵੱਲੋਂ ਕੀਤੀ ਗਈ ਬੇਅਦਬੀ ਤੇ ਭੰਨਤੋੜ ਦਾ ਇਕ ਦ੍ਰਿਸ਼

* ਨਫਰਤੀ ਅਪਰਾਧ ਦਾ ਮਾਮਲਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਵਿਚ ਸਿਆਟਲ ਦੇ ਦੱਖਣ ਵਿਚ ਸਥਿੱਤ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਇਕ ਅਣਪਛਾਤੇ ਵਿਅਕਤੀ ਵੱਲੋਂ ਬੇਅਦਬੀ ਤੇ ਭੰਨਤੋੜ ਕੀਤੀ ਗਈ। ਗੁਰਦੁਆਰਾ ਖਾਲਸਾ ਗੁਰਮਤਿ ਸੈਂਟਰ ਵਿਚ ਹੋਈ ਇਸ ਘਟਨਾ ਦੌਰਾਨ ਇਲੈਕਟ੍ਰਾਨਿਕ ਸਾਜ ਸਮਾਨ ਵੀ ਚੋਰੀ ਕਰ ਲਿਆ ਗਿਆ। ਕੋਮੋ ਟੀ ਵੀ ਦੀ ਰਿਪੋਰਟ ਅਨੁਸਾਰ ਵੀਡੀਓ ਵਿਚ ਇਕ ਸ਼ੱਕੀ ਵਿਅਕਤੀ ਗੁਰੂ ਘਰ ਦੇ ਮੁੱਖ ਹਾਲ ਤੇ ਅਰਦਾਸ ਹਾਲ ਵਿਚ ਭੰਨਤੋੜ ਕਰਦਾ ਹੋਇਆ ਨਜਰ ਆ ਰਿਹਾ ਹੈ। ਘਟਨਾ ਸਮੇ ਗੁਰੂ ਘਰ ਵਿਚ ਕੋਈ ਵੀ ਸੇਵਾਦਾਰ ਮੌਜੂਦ ਨਹੀਂ ਸੀ। ਫੈਡਰਲ ਵੇਅ ਪੁਲਿਸ ਵਿਭਾਗ ਦੇ ਅਧਿਕਾਰੀ ਕੁਰਟ ਸ਼ਵਾਨ ਨੇ ਕਿਹਾ ਹੈ ਕਿ ਪੁਲਿਸ ਨਫਰਤੀ ਅਪਰਾਧ ਸਮੇਤ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਉਪਰੰਤ ਸਿੱਖ ਭਾਈਚਾਰੇ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਡਾ ਜਸਮੀਤ ਸਿੰਘ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੁਰੂ ਘਰ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਸਾਨੂੰ ਗਹਿਰ ਸੱਦਮਾ ਪੁੱਜਾ ਹੈ ਜੋ ਗੁਰੂ ਘਰ ਸਾਡੇ ਬੱਚਿਆਂ ਲਈ ਸਿੱਖਿਆ ਦਾ ਕੇਂਦਰ ਵੀ ਹੈ। ਉਨਾਂ ਕਿਹਾ ਕਿ ਸਿੱਖ ਭਾਈਚਾਰਾ ਵਾਸ਼ਿੰਗਟਨ ਦੇ ਸਭਿਆਚਾਰ ਦਾ ਅਟੁੱਟ ਹਿੱਸਾ ਹੈ। ਸਿੱਖ ਕੁਲੀਸ਼ਨ ਦੇ ਆਗੂਆਂ ਅਨੁਸਾਰ ਉਹ ਐਫ ਬੀ ਆਈ ਤੇ ਪੁਲਿਸ ਵਿਭਾਗ ਦੇ ਸੰਪਰਕ ਵਿਚ ਹਨ ਤੇ ਇਸ ਮਾਮਲੇ ਵਿਚ ਨਫਰਤੀ ਅਪਰਾਧ ਸਮੇਤ ਸਾਰੇ ਪੱਖਾਂ ਤੋਂ ਜਾਂਚ ਹੋ ਰਹੀ ਹੈ। ਸਿੱਖ ਕੁਲੀਸ਼ਨ ਨੇ ਮਾਮਲਾ ਵਾਸ਼ਿੰਗਟਨ ਵਿਚਲੇ ਚੁਣੇ ਹੋਏ ਪ੍ਰਤੀਨਿੱਧੀਆਂ ਦੇ ਧਿਆਨ ਵਿਚ ਵੀ ਲਿਆਂਦਾ ਹੈ ਤਾਂ ਜੋ ਮਾਮਲੇ ਦੀ ਜਾਂਚ ਛੇਤੀ ਹੋ ਸਕੇ ਤੇ ਦੋਸ਼ੀ ਨੂੰ ਫੜਿਆ ਜਾ ਸਕੇ। ਸ਼ੱਕੀ ਦੀ ਪਛਾਣ ਲਈ ਸਿੱਖ ਸੰਗਤਾਂ, ਮੀਡੀਆ ਤੇ ਹੋਰ ਲੋਕਾਂ ਦੀ ਮੱਦਦ ਵੀ ਲਈ ਜਾ ਰਹੀ ਹੈ। ਸਿੱਖ ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਅਮ੍ਰਿਤ ਕੌਰ  ਨੇ ਕਿਹਾ ਹੈ ਕਿ ਵੀਡੀਓ ਵੇਖਣ ਤੇ ਪਤਾ ਲੱਗਦਾ ਹੈ ਕਿ ਸ਼ੱਕੀ ਵਿਅਕਤੀ ਨੇ ਜਾਣਬੁੱਝਕੇ ਮੰਦ ਭਾਵਨਾ ਨਾਲ ਗੁਰੂ ਘਰ ਵਿਚ ਭੰਨਤੋੜ ਕੀਤੀ ਹੈ। ਉਨਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।